ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣਾ

ਜੇਕਰ ਤੁਸੀਂ ਯੂਨੀਕੋਡ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਜਾਂ ਮੌਜੂਦਾ ਯੂਨੀਕੋਡ ਫਾਈਲ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਲੋੜ ਹੈ ਕਿ ਤੁਹਾਡਾ ਕੰਪਿਊਟਰ ਯੂਨੀਕੋਡ ਪ੍ਰਣਾਲੀ ਦੇ ਅਨੁਕੂਲ ਹੋਵੇ। ਵਿੰਡੋਜ਼-ਐਕਸ.ਪੀ. ਸੰਸਕਰਨ ਵਾਲੇ ਕੰਪਿਊਟਰ ਵਿੱਚ ਭਾਵੇਂ ਯੂਨੀਕੋਡ ਸੁਵਿਧਾ (ਸਪੋਰਟ) ਪਹਿਲਾਂ ਹੀ ਮੌਜੂਦ ਹੁੰਦੀ ਹੈ ਪਰ ਆਮ ਤੌਰ 'ਤੇ ਅਜਿਹੇ ਕੰਪਿਊਟਰ ਪੰਜਾਬੀ (ਗੁਰਮੁਖੀ) ਦੇ ਅਨੁਕੂਲ ਨਹੀਂ ਹੁੰਦੇ। ਵਿੰਡੋਜ਼ ਵਿਸਟਾ ਵਾਲੇ ਕੰਪਿਊਟਰ ਭਾਵੇਂ ਗੁੰਝਲਦਾਰ ਲਿਪੀਆਂ ਜਿਵੇਂ ਕਿ ਪੰਜਾਬੀ, ਹਿੰਦੀ ਆਦਿ ਲਈ ਪਹਿਲਾਂ ਹੀ ਕਿਰਿਆਸ਼ੀਲ ਹੁੰਦੇ ਹਨ ਪਰ ਉਨ੍ਹਾਂ ਵਿੱਚ ਵੀ ਪੰਜਾਬੀ ਭਾਸ਼ਾ ਦਾ ਕੀ-ਬੋਰਡ ਇੰਸਟਾਲ ਕਰਨ ਦੀ ਜ਼ਰੂਰਤ ਪੈਂਦੀ ਹੈ।



ਆਪਣੇ ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣ ਲਈ ਹੇਠਾਂ ਦਿੱਤਾ ਤਰੀਕਾ ਅਪਣਾਇਆ ਜਾ ਸਕਦਾ ਹੈ:

1. ਸਟਾਰਟ ਬਟਨ ਉੱਤੇ ਕਲਿੱਕ ਕਰੋ।

2. ਕੰਟਰੋਲ ਪੈਨਲ ਉੱਤੇ ਕਲਿੱਕ ਕਰੋ।

3. 'ਰਿਜ਼ਨਲ ਐਂਡ ਲੈਂਗੂਏਜ' ਆਪਸ਼ਨ ਨੂੰ ਖੋਲ੍ਹੋ।

ਇਕ ਡਾਇਲਾਗ ਬਾਕਸ ਖੁੱਲ੍ਹੇਗਾ।

4. ਡਾਇਲਾਗ ਬਾਕਸ ਦੇ ਲੈਂਗੂਏਜ ਟੈਬ (ਬਟਨ) ਉੱਤੇ ਕਲਿੱਕ ਕਰੋ।

5. 'ਸਪਲੀਮੈਂਟਲ ਲੈਂਗੂਏਜ ਸਪੋਰਟ' ਵਾਲੇ ਭਾਗ ਵਿੱਚ ਖੱਬੇ ਪਾਸੇ ਬਣੇ ਦੋਨਾਂ ਡੱਬਿਆਂ (ਚੈੱਕ ਬਕਸਿਆਂ) ਉੱਤੇ ਵਾਰੀ-ਵਾਰੀ ਕਲਿੱਕ ਕਰੋ। ਇਸ ਕਾਰਜ ਦੌਰਾਨ ਜੇਕਰ ਕੰਪਿਊਟਰ ਤੁਹਾਡੇ ਤੋਂ ਅਰਬੀ, ਗੁਰਮੁਖੀ ਆਦਿ ਵਿਭਿੰਨ ਲਿਪੀਆਂ ਇੰਸਟਾਲ ਕਰਨ ਲਈ ਪੁਸ਼ਟੀ ਕਰੇ ਤਾਂ ਓ.ਕੇ. ਬਟਨ 'ਤੇ ਕਲਿੱਕ ਕਰ ਦੇਵੋ।

6. 'ਅਪਲਾਈ' ਬਟਨ 'ਤੇ ਕਲਿੱਕ ਕਰੋ। ਕੰਪਿਊਟਰ ਤੁਹਾਡੇ ਤੋਂ ਵਿੰਡੋਜ਼-ਐਕਸ.ਪੀ. ਜਾਂ ਸਰਵਿਸ ਪੈਕ ਦੀ ਸੀ.ਡੀ. ਮੰਗੇਗਾ।

7. ਉਪਯੁਕਤ ਸੀ.ਡੀ. ਡਰਾਈਵ ਵਿੱਚ ਪਾ ਦੇਵੋ ਤੇ ਓ.ਕੇ. ਬਟਨ ਉੱਤੇ ਕਲਿੱਕ ਕਰੋ ਅਤੇ ਅਗਲੇ ਨਿਰਦੇਸ਼ ਤੱਕ ਇੰਤਜ਼ਾਰ ਕਰੋ।

8. ਹੁਣ ਡਾਇਲਾਗ ਬਾਕਸ ਦੇ 'ਡਿਟੇਲਜ਼' ਬਟਨ ਉੱਤੇ ਕਲਿੱਕ ਕਰੋ।

9. 'ਐਡ' ਬਟਨ ਉੱਤੇ ਕਲਿੱਕ ਕਰੋ ਅਤੇ 'ਇਨਪੁਟ ਲੈਂਗੂਏਜ਼' ਨਾਮਕ ਹੇਠਾਂ ਨੂੰ ਖੁੱਲ੍ਹਣ ਵਾਲੇ ਮੀਨੂ ਤੋਂ ਪੰਜਾਬੀ (ਗੁਰਮੁਖੀ), ਹਿੰਦੀ, ਉਰਦੂ ਆਦਿ ਦਾ ਚੁਣਾਓ ਕਰੋ।

10. ਹੁਣ ਓ.ਕੇ. ਬਟਨ ਉੱਤੇ ਕਲਿੱਕ ਕਰ ਦੇਵੋ।

11. ਅਖੀਰ 'ਤੇ 'ਅਪਲਾਈ' ਅਤੇ ਫਿਰ ਓ. ਕੇ. ਬਟਨ 'ਤੇ ਕਲਿੱਕ ਕਰੋ।

ਹੁਣ ਤੁਹਾਡਾ ਕੰਪਿਊਟਰ ਯੂਨੀਕੋਡ ਵਿਚ ਕੰਮ ਕਰਨ ਦੇ ਅਨੁਕੂਲ ਬਣ ਗਿਆ ਹੈ।
Oldest