ਕੰਪਿਊਟਰ ਵਰਤਣ ਵਾਲਿਆਂ ਵਿਚ ਪੰਜਾਬੀ (ਗੁਰਮੁਖੀ) ਫੌਂਟਾਂ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਹਰੇਕ ਵਰਤੋਂਕਾਰ ਭਵਿੱਖ ਵਿਚ ਉਹੀ ਫੌਂਟ ਵਰਤਣਾ ਚਾਹੁੰਦਾ ਹੈ ਜਿਸ ਉੱਤੇ ਉਹ ਪਹਿਲਾਂ ਹੀ ਕੰਮ ਕਰ ਰਿਹਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਕਿ ਉਸ ਦੇ ਪਹਿਲਾਂ ਹੋ ਚੁੱਕੇ ਕੰਮ ਨੂੰ ਕਿਸੇ ਦੂਸਰੇ ਫੌਂਟ ਵਿਚ ਤਬਦੀਲ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਸਰਾ, ਇਹ ਕਿ ਉਸ ਨੂੰ ਨਵਾਂ ਫੌਂਟ ਵਰਤਣ ਨਾਲ ਟਾਈਪਿੰਗ ਦੀ ਸਮੱਸਿਆ ਵੀ ਪੇਸ਼ ਆ ਸਕਦੀ ਹੈ। ਇਸੇ ਪ੍ਰਕਾਰ ਤੀਸਰੀ ਸਮੱਸਿਆ ਫੌਂਟਾਂ ਦੀ ਸ਼ੇਪ ਅਰਥਾਤ ਸ਼ਕਲ-ਸੂਰਤ ਨਾਲ ਸਬੰਧਿਤ ਹੈ। ਇੱਥੇ ਗੌਰ ਕਰਨ ਯੋਗ ਹੈ ਕਿ ਕਿਸੇ ਫੌਂਟ ਦੀ ਚੋਣ ਲਈ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿਚੋਂ ਫੌਂਟ ਦੀ ਸ਼ਕਲ, ਕੋਡਾਂ ਦਾ ਮਿਲਾਣ ਅਰਥਾਤ ਮੈਪਿੰਗ ਅਤੇ ਕੀ-ਬੋਰਡ 'ਤੇ ਟਾਈਪ ਕਰਨ ਦੀ ਵਿਵਸਥਾ ਪ੍ਰਮੁੱਖ ਹਨ। ਇਹਨਾਂ ਵਿਚੋਂ ਮੈਪਿੰਗ ਦੇ ਮਸਲੇ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਤਕਨੀਕੀ ਮਸਲਾ ਹੈ ਤੇ ਵਰਤੋਂਕਾਰ ਦਾ ਇਸ ਨਾਲ ਕੋਈ ਸਿੱਧਾ ਸਬੰਧ ਨਹੀਂ। ਅਗਲੀ ਗੱਲ ਕੀ-ਬੋਰਡ 'ਤੇ ਟਾਈਪਿੰਗ ਦੇ ਮਸਲੇ ਨਾਲ ਜੁੜੀ ਹੋਈ ਹੈ। ਇਸ ਵਿਚ ਵੀ ਕੋਈ ਦਿੱਕਤ ਨਹੀਂ ਕਿਉਂਕਿ ਤੁਸੀਂ ਨਵੇਂ ਫੌਂਟ 'ਚ ਮੈਟਰ ਤਿਆਰ ਕਰਨ ਸਮੇਂ ਪੁਰਾਣੇ ਫੌਂਟ ਦਾ ਕੀ-ਬੋਰਡ ਲੇਆਉਟ ਵਰਤ ਕੇ ਕੰਮ ਚਲਾ ਸਕਦੇ ਹੋ। ਆਓ ਗੁਰਮੁਖੀ ਫੌਂਟਾਂ ਨਾਲ ਜੁੜੀ ਇਸ ਗੰਭੀਰ ਮਸਲੇ ਬਾਰੇ ਵਿਸਥਾਰ ਸਹਿਤ ਜਾਣਨ ਦੀ ਕੋਸ਼ਿਸ਼ ਕਰੀਏ।
ਫੌਂਟ, ਟਾਈਪ-ਫੇਸ ਅਤੇ ਫੌਂਟ ਫੈਮਲੀ
ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਨੂੰ ਦਿਖਾਉਣ ਅਤੇ ਪ੍ਰਿੰਟ ਕਰਨ ਦੇ ਵਿਸ਼ੇਸ਼ ਰੂਪ ਨੂੰ ਫੌਂਟ ਕਿਹਾ ਜਾਂਦਾ ਹੈ। ਅਸਲ ਵਿੱਚ ਫੌਂਟ ਵੱਖ-ਵੱਖ ਅੱਖਰਾਂ, ਅੰਕਾਂ ਅਤੇ ਸੰਕੇਤਾਂ ਦਾ ਸਮੂਹ ਹੁੰਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਫੌਂਟ ਹੁੰਦੇ ਹਨ।
ਪੰਜਾਬੀ ਗੁਰਮੁਖੀ ਲਈ ਗੁਰਮੁਖੀ-20, ਸਤਲੁਜ, ਜੁਆਏ, ਅਸੀਸ, ਅੰਮ੍ਰਿਤ-ਲਿਪੀ, ਅੱਖਰ, ਅਨਮੋਲ ਲਿਪੀ ਆਦਿ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਫੌਂਟਾਂ ਦੀਆਂ ਅੱਗੇ ਵੱਖ-ਵੱਖ ਸ਼ੈਲੀਆਂ (ਸਟਾਈਲ), ਅਕਾਰ, ਰੰਗ ਅਤੇ ਸਟਰੌਕ ਵਜ਼ਨ ਹੁੰਦੇ ਹਨ। ਫੌਂਟਾਂ ਦੇ ਵੱਖ-ਵੱਖ ਨਮੂਨਿਆਂ (ਡਿਜ਼ਾਈਨ) ਨੂੰ ਟਾਈਪ-ਫੇਸ ਕਿਹਾ ਜਾਂਦਾ ਹੈ। ਇੱਕ ਹੀ ਨਾਮ ਹੇਠ ਤਿਆਰ ਕੀਤੇ ਵੱਖ-ਵੱਖ ਟਾਈਪ-ਫੇਸਾਂ ਨੂੰ ਫੌਂਟ ਪਰਿਵਾਰ ਜਾਂ ਫੌਂਟ ਫੈਮਲੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਫੌਂਟ ਪਰਿਵਾਰ ਗੁਰਮੁਖੀ ਦੇ ਗੁਰਮੁਖੀ ਥਿੰਨ, ਗੁਰਮੁਖੀ ਵਾਈਡ, ਗੁਰਮਖੀ ਬੋਲਡ ਆਦਿ ਅਲੱਗ-ਅਲੱਗ ਟਾਈਪ ਫੇਸ ਹਨ।
ਫੌਂਟ ਦੀਆਂ ਕਿਸਮਾਂ :
ਫੌਂਟ ਦੋ ਪ੍ਰਕਾਰ ਦੇ ਹੁੰਦੇ ਹਨ-ਇਕ ਮਸ਼ੀਨ ਫੌਂਟ ਤੇ ਦੂਸਰੇ ਕੰਪਿਊਟਰ ਫੌਂਟ। ਮਸ਼ੀਨ ਫੌਂਟ ਲੋਹੇ ਜਾਂ ਧਾਤੂ ਦੇ ਬਣੇ ਹੁੰਦੇ ਹਨ ਤੇ ਇਹਨਾਂ ਦੀ ਵਰਤੋਂ ਪੁਰਾਤਨ ਛਾਪੇਖ਼ਾਨੇ ਵਿਚ ਕੀਤੀ ਜਾਂਦੀ ਸੀ। ਅੱਜ-ਕੱਲ੍ਹ ਆਪਣੇ ਕੰਪਿਊਟਰਾਂ ਵਿਚ ਅਸੀਂ ਜਿਹੜੇ ਫੌਂਟਾਂ ਦਾ ਇਸਤੇਮਾਲ ਕਰਦੇ ਹਾਂ, ਉਹਨਾਂ ਨੂੰ ਕੰਪਿਊਟਰ ਫੌਂਟ ਕਿਹਾ ਜਾਂਦਾ ਹੈ।
ਮਸ਼ੀਨ ਫੌਂਟ :
ਦੁਨੀਆ ਵਿਚ ਸਭ ਤੋਂ ਪਹਿਲਾਂ ਸਾਲ 1811 ਵਿਚ ਗੁਰਮੁਖੀ ਲਈ ਮਸ਼ੀਨ ਫੌਂਟਾਂ ਦੀ ਵਰਤੋਂ ਪੱਛਮੀ ਬੰਗਾਲ ਦੀ ਸ੍ਰੀਰਾਮਪੁਰ ਮਿਸ਼ਨਰੀ ਪ੍ਰੈੱਸ ਵਿਚ ਬਾਈਬਲ ਦੇ ਗੁਰਮੁਖੀ ਅਨੁਵਾਦ ਨੂੰ ਵਿਚ ਛਾਪਣ ਲਈ ਕੀਤੀ ਗਈ। ਇੱਥੇ ਹੀ ਸਭ ਤੋਂ ਪਹਿਲਾਂ 1812 ਵਿਚ ਪੰਜਾਬੀ ਗੁਰਮੁਖੀ ਲਈ ਸਭ ਤੋਂ ਪਹਿਲੀ ਵਿਆਕਰਣ ਦੀ ਪੁਸਤਕ ਨੂੰ ਛਾਪਿਆ ਗਿਆ। ਸਾਲ 1900 ਵਿਚ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਅੰਮ੍ਰਿਤਸਰ ਵਿਖੇ ਆਪਣੀ ਗੁਰਦਰਸ਼ਨ ਪ੍ਰੀਟਿੰਗ ਪ੍ਰੈਸ ਵਿਚ ਗੁਰਮੁਖੀ ਮਸ਼ੀਨ ਫੌਂਟਾਂ ਦੀ ਵਰਤੋਂ ਕਰਕੇ ਛਪਾਈ ਸ਼ੁਰੂ ਕੀਤੀ। ਇਹੀ ਕਾਰਨ ਹੈ ਕਿ ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਛਾਪੇਖ਼ਾਨੇ ਦਾ ਪਿਤਾਮਾ ਕਿਹਾ ਜਾਂਦਾ ਹੈ।
ਕੰਪਿਊਟਰ ਫੌਂਟ :
ਕੰਪਿਊਟਰ ਫੌਂਟਾਂ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਬਿੱਟਮੈਪ, ਟਾਈਪ-1, ਟਾਈਪ-3, ਟਰਿਊ ਟਾਈਪ, ਓਪਨ ਟਾਈਪ ਆਦਿ। ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਨੂੰ ਗੁਰਮੁਖੀ ਫੌਂਟਾਂ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਸਾਲ 1984 ਵਿਚ ਕੰਪਿਊਟਰ ਲਈ ਗੁਰਮੁਖੀ ਫੌਂਟਾਂ ਦੀ ਕਾਢ ਕੱਢੀ। ਉਹਨਾਂ ਦੇ ਫੌਨੈਟਿਕ ਤੇ ਰਮਿੰਗਟਨ ਅਧਾਰਿਤ ਫੌਂਟ ਸੰਸਾਰ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ 'ਤੇ ਵਰਤੇ ਜਾ ਰਹੇ ਹਨ।
ਪੰਜਾਬੀ ਫੌਂਟਾਂ ਦੀ ਗਿਣਤੀ :
ਇਕ ਸਰਵੇਖਣ ਮੁਤਾਬਿਕ ਗੁਰਮੁਖੀ ਲਈ 500 ਦੇ ਕਰੀਬ ਆਸਕੀ (ਰਵਾਇਤੀ) ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਇਹ ਫੌਂਟ 100 ਫੌਂਟ ਪਰਿਵਾਰਾਂ ਨਾਲ ਸਬੰਧਿਤ ਹਨ। ਸਰਵੇਖਣ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਲੋਕ ਪੰਜਾਬੀ ਰਮਿੰਗਟਨ ਅਧਾਰਿਤ ਫੌਂਟਾਂ ਦਾ ਇਸਤੇਮਾਲ ਕਰਦੇ ਹਨ ਪਰ ਵਿਦੇਸ਼ਾਂ 'ਚ ਵਸਦੇ ਪੰਜਾਬੀ ਫੌਨੈਟਿਕ (ਧੁਨਾਤਮਿਕ) ਅਧਾਰਿਤ ਫੌਂਟਾਂ ਦੀ ਵਰਤੋਂ ਕਰਦੇ ਹਨ।
ਕੰਪਿਊਟਰ ਦੀ ਕੋਡਿੰਗ ਪ੍ਰਣਾਲੀ :
ਕੰਪਿਊਟਰ ਵਿਚ ਕਿਸੇ ਭਾਸ਼ਾ ਦੇ ਅੱਖਰਾਂ, ਅੰਕਾਂ ਅਤੇ ਹੋਰ ਚਿੰਨ੍ਹਾਂ ਨੂੰ ਦਰਸਾਉਣ ਲਈ ਇਕ ਕੋਡਿੰਗ ਪ੍ਰਣਾਲੀ ਅਰਥਾਤ ਗੁਪਤ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸਮੇਂ ਕੰਪਿਊਟਰ ਵਿਚ ਜਿਹੜੀ ਕੋਡਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਨਾਮ ਆਸਕੀ (ASCII) ਪ੍ਰਣਾਲੀ ਹੈ ਜੋ ਕਿ ਮੂਲ ਰੂਪ ਵਿਚ ਅੰਗਰੇਜੀ ਨਾਲ ਸਬੰਧਿਤ ਹੈ। ਜਦੋਂ ਅਸੀਂ ਕੰਪਿਊਟਰ ਦੇ ਕੀ-ਬੋਰਡ ਦੀ ਕੋਈ ਕੀਅ ਦਬਾਉਂਦੇ ਹਾਂ ਤਾਂ ਉਸ ਦਾ ਆਸਕੀ ਕੋਡ ਬਿਜਲਈ ਸੰਕੇਤ ਦੇ ਰੂਪ ਵਿਚ ਕੰਪਿਊਟਰ (ਸੀ.ਪੀ.ਯੂ.) ਨੂੰ ਚਲਾ ਜਾਂਦਾ ਹੈ। ਅਗਾਂਹ ਕੰਪਿਊਟਰ ਉਸ ਕੋਡ ਨਾਲ ਸਬੰਧਿਤ ਅੱਖਰ ਨੂੰ ਮੌਨੀਟਰ ਉੱਤੇ ਦਰਸਾਉਣ ਜਾਂ ਪ੍ਰਿੰਟਰ ਰਾਹੀਂ ਛਾਪਣ ਦੀ ਹਿਦਾਇਤ ਕਰਦਾ ਹੈ। ਪੰਜਾਬੀ ਦੇ ਰਵਾਇਤੀ ਫੌਂਟ ਇਸੇ ਪ੍ਰਣਾਲੀ 'ਤੇ ਅਧਾਰਿਤ ਹਨ। ਵੱਖ-ਵੱਖ ਫੌਂਟ ਤਿਆਰ ਕਰਤਾਵਾਂ ਨੇ ਆਪਣੇ-ਆਪਣੇ ਫੌਂਟਾਂ ਵਿਚ ਅੱਖਰਾਂ ਨੂੰ ਕੋਡ ਨਾਲ ਮਿਲਾਣ ਕਰਨ ਸਮੇਂ ਭਿੰਨਤਾਂਵਾਂ ਪਾ ਦਿੱਤੀਆਂ ਹਨ। ਇਸ ਨਾਲ ਕੀ ਹੋਇਆ ਹੈ ਕਿ ਅੰਗਰੇਜੀ ਦੇ ਕਿਸੇ ਵਿਸ਼ੇਸ਼ ਅੱਖਰ ਦੇ ਅਨੁਰੂਪ ਪੰਜਾਬੀ ਦੇ ਵੱਖ-ਵੱਖ ਫੌਂਟਾਂ ਵਿਚ ਵੱਖ-ਵੱਖ ਅੱਖਰ ਪੈਂਦੇ ਹਨ। ਸਿੱਟੇ ਵਜੋਂ ਇਕ ਫੌਂਟ ਵਿਚ ਤਿਆਰ ਕੀਤੇ ਮੈਟਰ ਉੱਤੇ ਕੋਈ ਦੂਸਰਾ ਫੌਂਟ ਲਾਗੂ ਕੀਤਾ ਜਾਵੇ ਤਾਂ ਮੈਟਰ ਅਰਥਹੀਣ ਅਤੇ ਨਾ-ਪੜ੍ਹਨਯੋਗ ਬਣ ਜਾਂਦਾ ਹੈ।
ਆਧੁਨਿਕ ਕੋਡਿੰਗ ਪ੍ਰਣਾਲੀ :
ਆਸਕੀ ਪ੍ਰਣਾਲੀ ਦੀ ਵਰਤੋ ਵਾਲੇ ਫੌਂਟਾਂ ਦੀਆਂ ਆਪਸੀ ਮੈਪਿੰਗ ਭਿੰਨਤਾਂਵਾਂ ਕਾਰਨ ਪੰਜਾਬੀ ਸਮੇਤ ਹੋਰਨਾਂ ਅਨੇਕਾਂ ਖੇਤਰੀ ਭਾਸ਼ਾਵਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਬਚਣ ਲਈ ਕੰਪਿਊਟਰ ਵਿਗਿਆਨੀਆਂ ਨੇ ਇਕ ਨਵੀਂ ਕੋਡ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਨੂੰ ਯੂਨੀਕੋਡ ਪ੍ਰਣਾਲੀ ਦਾ ਨਾਮ ਦਿੱਤਾ ਗਿਆ ਹੈ।
ਯੂਨੀਕੋਡ ਇਕ ਵਿਸ਼ਵ-ਵਿਆਪੀ ਕੋਡ ਪ੍ਰਣਾਲੀ ਹੈ। ਇਸ ਵਿਚ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਵਾਇਆ ਗਿਆ ਹੈ। ਇਸ ਪ੍ਰਣਾਲੀ ਵਿਚ ਗੁਰਮੁਖੀ ਦੇ ਹਰੇਕ ਅੱਖਰ, ਅੰਕ ਜਾਂ ਚਿੰਨ੍ਹ ਆਦਿ ਨੂੰ ਇਕ ਵਿਲੱਖਣ ਕੋਡ ਮੁਹੱਈਆ ਕਰਵਾਇਆ ਗਿਆ ਹੈ। ਹੁਣ ਯੂਨੀਕੋਡ ਵਿਚ ਟਾਈਪ ਕੀਤਾ ਕੋਈ ਮੈਟਰ ਦੁਨੀਆ ਦੇ ਕਿਸੇ ਵੀ ਕੰਪਿਊਟਰ ਤੇ ਪੜ੍ਹਿਆ ਤੇ ਵਰਤਿਆ ਜਾ ਸਕਦਾ ਹੈ।
ਵੱਖ-ਵੱਖ ਫੌਂਟਾਂ ਕਾਰਨ ਪੈਦਾ ਹੋਈਆਂ ਸਮੱਸਿਆਵਾਂ :
ਗੁਰਮੁਖੀ ਦੇ ਵੱਖ-ਵੱਖ ਰਵਾਇਤੀ ਫੌਂਟਾਂ ਦੀ ਵਰਤੋਂ ਨਾਲ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਫੌਂਟ ਵਿਚ ਟਾਈਪ ਕੀਤੇ ਮੈਟਰ ਨੂੰ ਅਸੀਂ ਦੂਸਰੇ ਕੰਪਿਊਟਰ ਉੱਤੇ ਖੋਲ੍ਹ ਕੇ ਨਹੀਂ ਪੜ੍ਹ ਸਕਦੇ। ਅਜਿਹਾ ਕਰਨ ਲਈ ਕੰਪਿਊਟਰ ਵਿਚ ਉਸ ਵਿਸ਼ੇਸ਼ ਫੌਂਟ ਦਾ ਹੋਣਾ ਜਰੂਰੀ ਹੈ ਜਿਸ ਵਿਚ ਉਹ ਮੈਟਰ ਟਾਈਪ ਕੀਤਾ ਗਿਆ ਹੈ। ਉਸ ਵਿਸ਼ੇਸ਼ ਫੌਂਟ ਦੀ ਗੈਰਹਾਜ਼ਰੀ ਕਾਰਨ ਮੈਟਰ ਨਾ-ਪੜ੍ਹਨਯੋਗ ਤੇ ਅਰਥਹੀਣ ਹੋ ਜਾਂਦਾ ਹੈ। ਰਵਾਇਤੀ ਫੌਂਟ ਵਿਚ ਟਾਈਪ ਕੀਤੇ ਮੈਟਰ ਨੂੰ ਈ-ਮੇਲ ਸੰਦੇਸ਼ ਦੇ ਰੂਪ ਵਿਚ ਭੇਜਣ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਇਸੇ ਪ੍ਰਕਾਰ ਵੈੱਬਸਾਈਟਾਂ, ਬਲੌਗਜ਼ ਆਦਿ 'ਤੇ ਮੈਟਰ ਚੜ੍ਹਾਉਣ ਸਮੇਂ ਵੀ ਸਮੱਸਿਆ ਆਉਂਦੀ ਹੈ। ਅਸੀਂ ਆਪਣੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਵਿਚ ਸਿੱਧੇ ਤੌਰ 'ਤੇ ਗੁਰਮੁਖੀ ਦੀ ਵਰਤੋਂ ਨਹੀਂ ਕਰ ਸਕਦੇ। ਇਸੇ ਪ੍ਰਕਾਰ ਕਿਸੇ ਸੂਚੀ ਨੂੰ ਕ੍ਰਮ ਵਿਚ ਲਗਾਉਣ, ਕਿਸੇ ਸ਼ਬਦ/ਵਾਕੰਸ਼ ਦੀ ਸਰਚ ਕਰਨਾ, ਫਾਈਲਾਂ 'ਤੇ ਫੋਲਡਰਾਂ ਦੇ ਨਾਮ ਗੁਰਮੁਖੀ 'ਚ ਰੱਖਣ ਆਦਿ ਦਾ ਕੰਮ ਔਖਾ ਜਾਪਦਾ ਹੈ ।
ਯੂਨੀਕੋਡ ਹੀ ਸਮੱਸਿਆਵਾਂ ਦਾ ਹੱਲ :
ਉਪਰੰਤ ਸਾਰੀਆਂ ਸਮੱਸਿਆਵਾਂ ਦੇ ਮਸਲੇ ਨੂੰ ਯੂਨੀਕੋਡ ਪ੍ਰਣਾਲੀ ਨੇ ਚੁਟਕੀ ਮਾਰ ਦੇ ਹੱਲ ਕਰ ਦਿੱਤਾ ਹੈ। ਹੁਣ ਕੋਈ ਵਿਅਕਤੀ ਰਵਾਇਤੀ ਆਸਕੀ ਅਧਾਰਿਤ ਫੌਂਟਾਂ ਦੀ ਬਜਾਏ ਯੂਨੀਕੋਡ ਦਾ ਸਹਾਰਾ ਲੈ ਕੇ ਫਾਇਦਾ ਲੈ ਸਕਦਾ ਹੈ। ਗੁਰਮੁਖੀ ਵਿਚ ਕਿਸੇ ਫਾਈਲ ਦੀ ਤਿਆਰੀ, ਫਾਈਲਾਂ-ਫੋਲਡਰਾਂ ਦੇ ਨਾਮ, ਈ-ਮੇਲ ਸੰਦੇਸ਼ਾਂ, ਵੈੱਬਸਾਈਟਾਂ, ਬਲੌਗਜ਼ ਅਤੇ ਚੈਟਿੰਗ ਵਿਚ ਗੁਰਮੁਖੀ ਦੀ ਵਰਤੋਂ, ਸਕਰੋਲ ਸੰਦੇਸ਼ਾਂ, ਸੂਚੀ ਨੂੰ ਕ੍ਰਮਬੱਧ ਕਰਨਾ, ਖੋਜ ਕਰਨਾ ਆਦਿ ਕਾਰਜ ਕੇਵਲ ਯੂਨੀਕੋਡ ਦੀ ਵਰਤੋਂ ਨਾਲ ਹੀ ਸੰਭਵ ਹੋ ਸਕਦੇ ਹਨ।
ਯੂਨੀਕੋਡ ਤੋਂ ਦੂਰ ਕਿਉਂ?
ਰਵਾਇਤੀ ਫੌਂਟ ਪ੍ਰਣਾਲੀ ਵਿਚ ਕੰਮ ਕਰਨ ਵਾਲੇ ਕਈ ਵਿਅਕਤੀ ਯੂਨੀਕੋਡ ਤੋਂ ਪਾਸਾ ਵੱਟ ਰਹੇ ਹਨ। ਮਨੋਵਿਗਿਆਨਿਕ ਤੌਰ ਤੇ ਵੀ ਵਿਅਕਤੀ ਕਿਸੇ ਨਵੀਂ ਵਿਵਸਥਾ ਨੂੰ ਅਪਣਾਉਣ 'ਚ ਝਿਜਕ ਮਹਿਸੂਸ ਕਰਦਾ ਹੈ। ਯਾਦ ਰੱਖੋ, ਜੋ ਤੁਸੀਂ ਯੂਨੀਕੋਡ 'ਤੇ ਸ਼ਿਫਟ ਹੋ ਰਹੇ ਹੋ ਤਾਂ ਤੁਹਾਨੂੰ ਇਕ ਵਾਰ ਕੁਝ ਤਬਦੀਲੀਆਂ ਕਰਨ ਦੀ ਜਰੂਰਤ ਪੈ ਸਕਦੀ ਹੈ। ਵਿੰਡੋਜ਼ ਵਿਸਟਾ ਜਾਂ 2007 ਵਾਲੇ ਕੰਪਿਊਟਰਾਂ ਵਿਚ ਇਹ ਵੀ ਲੋੜ ਨਹੀਂ। ਜੇਕਰ ਕੋਈ ਅਸੀਸ, ਸਤਲੁਜ ਜਾਂ ਅਨਮੋਲ ਲਿਪੀ ਫੌਂਟ ਵਿਚ ਟਾਈਪਿੰਗ ਕਰਨੀ ਜਾਣਦਾ ਹੈ ਤਾਂ ਉਹ ਵਿਅਕਤੀ ਢੁਕਵਾਂ ਯੂਨੀਕੋਡ ਕੀ-ਬੋਰਡ ਲੇਆਉਟ ਪ੍ਰੋਗਰਾਮ ਵਰਤ ਕੇ ਉਸੇ ਹੀ ਤਰੀਕੇ ਨਾਲ ਟਾਈਪਿੰਗ ਦਾ ਕੰਮ ਪੂਰਾ ਕਰ ਸਕਦਾ ਹੈ।
ਪੁਰਾਣੇ ਮੈਟਰ ਨੂੰ ਬਦਲਣਾ :
ਤੁਸੀਂ ਰਵਾਇਤੀ ਆਸਕੀ ਫੌਂਟਾਂ ਵਿਚ ਟਾਈਪ ਕੀਤੇ ਮੈਟਰ ਨੂੰ ਯੂਨੀਕੋਡ ਵਿਚ ਤਬਦੀਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਲੇਖ, ਪੱਤਰ ਜਾਂ ਪੁਸਤਕ ਨੂੰ ਇੰਟਰਨੈੱਟ 'ਤੇ ਵੈੱਬਸਾਈਟ/ਬਲੌਗ ਦੇ ਰੂਪ ਵਿਚ ਪ੍ਰਕਾਸ਼ਿਤ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਪਹਿਲਾਂ ਯੂਨੀਕੋਡ ਵਿਚ ਬਦਲ ਲਵੋ। ਅਜਿਹੇ ਕੰਮ ਲਈ ਅੱਜ ਅਨੇਕਾਂ ਫੌਂਟ ਪਰਿਵਰਤਕ ਪ੍ਰੋਗਰਾਮ ਬਣ ਚੁੱਕੇ ਹਨ। ਤੁਸੀਂ ਡਾ. ਸੁਖਜਿੰਦਰ ਸਿੰਘ ਦਾ ਗੁੱਕਾ ਸਾਫਟਵੇਅਰ ਡਾਊਨਲੋਡ ਕਰਕੇ ਵਰਤ ਸਕਦੇ ਹੋ। ਇਸੇ ਪ੍ਰਕਾਰ ਜਨਮੇਜਾ ਜੋਹਲ ਦਾ ਪ੍ਰੋਗਰਾਮ ਵਰਤ ਇਕ ਫੌਂਟ ਨੂੰ ਦੂਸਰੇ ਫੌਂਟ ਵਿਚ ਬਦਲਿਆ ਜਾ ਸਕਦਾ ਹੈ। ਡਾ. ਮਨਜੀਤ ਗਿੱਲ ਦਾ ਪ੍ਰੋਗਰਾਮ ਵੈੱਬਸਾਈਟ ਉੱਤੇ ਆਨ ਲਾਈਨ ਉਪਲਬਧ ਹੈ। ਇਸੇ ਪ੍ਰਕਾਰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਵੈੱਬਸਾਈਟ ਤੇ ਵੀ ਫੌਂਟ ਕਨਵਰਟਰ ਦੀ ਸੁਵਿਧਾ ਉਪਲਬਧ ਹੈ। ਸੋਇਟ ਨਾਮਕ ਸੋਸਾਇਟੀ ਦੇ ਖੋਜਕਰਤਾਵਾਂ ਨੇ ਫੌਂਟ ਤਬਦੀਲ ਕਰਨ ਦਾ ਆਨ-ਲਾਈਨ ਪ੍ਰੋਗਰਾਮ ਮੁਹੱਈਆ ਕਰਵਾਇਆ ਹੋਇਆ ਹੈ।
ਆਪਣੀ ਮਰਜ਼ੀ ਦਾ ਕੀ-ਬੋਰਡ ਵਰਤਣਾ:
ਜੇਕਰ ਤੁਸੀਂ ਯੂਨੀਕੋਡ ਨੂੰ ਟਾਈਪਿੰਗ ਕਰਨ ਦੀ ਸਮੱਸਿਆ ਕਾਰਨ ਨਹੀਂ ਅਪਣਾ ਰਹੇ ਤਾਂ ਇਹ ਤੁਹਾਨੂੰ ਵਹਿਮ ਹੈ। ਤੁਸੀਂ ਡਾ। ਕੁਲਬੀਰ ਸਿੰਘ ਥਿੰਦ ਦੀ ਵੈੱਬਸਾਈਟ ਤੋਂ ਉਸ ਫੌਂਟ ਦਾ ਕੀ-ਬੋਰਡ ਲੇਆਉਟ ਡਾਊਨਲੋਡ ਕਰਕੇ ਵਰਤੇ ਸਕਦੇ ਹੋ ਜਿਸ ਵਿਚ ਤੁਸੀਂ ਪਹਿਲਾਂ ਟਾਈਪ ਕਰਦੇ ਹੋ ।
ਪੰਜਾਬੀ ਫੌਂਟਾਂ ਦਾ ਮਿਆਰੀਕਰਨ :
ਵਿਸ਼ਵ-ਵਿਆਪੀ ਯੂਨੀਕੋਡ ਪ੍ਰਣਾਲੀ ਦੇ ਹੋਂਦ ਵਿਚ ਆਉਣ ਨਾਲ ਅਚੇਤ ਰੂਪ ਵਿਚ ਪੰਜਾਬੀ ਫੌਂਟਾਂ ਦਾ ਮਿਆਰੀਕਰਨ ਪਹਿਲਾਂ ਹੀ ਹੋ ਚੁੱਕਾ ਹੈ। ਸੋ ਪੰਜਾਬੀ ਯੂਨੀਵਰਸਿਟੀ, ਵਰਲਡ ਪੰਜਾਬੀ ਸੈਂਟਰ, ਭਾਸ਼ਾ ਵਿਭਾਗ ਪੰਜਾਬ ਆਦਿ ਵਕਾਰੀ ਸੰਸਥਾਵਾਂ ਨੂੰ ਫੌਂਟਾਂ ਦੇ ਮਿਆਰੀਕਰਨ ਸਬੰਧੀ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰਨ ਦੀ ਥਾਂ 'ਤੇ ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਕਿਹੜੇ ਫੌਂਟ ਨੂੰ ਮਿਆਰੀ ਮੰਨਣਾ ਚਾਹੀਦਾ ਹੈ, ਕਿਵੇਂ ਲਾਗੂ ਕਰਵਾਇਆ ਜਾਵੇ, ਕੀ ਸਜਾ ਦਿੱਤੀ ਜਾਵੇ, ਆਦਿ ਮਸਲੇ ਫ਼ਜ਼ੂਲ ਜਿਹੇ ਜਾਪਦੇ ਹਨ। ਇਸ ਕੰਮ ਲਈ ਜੇਕਰ ਲੋੜ ਹੈ ਤਾਂ ਉਹ ਹੈ ਕੇਵਲ ਜਾਗਰੂਕਤਾ ਦੀ। ਆਮ ਲੋਕਾਂ ਨੂੰ ਇਸ ਨਵੀਂ ਪ੍ਰਣਾਲੀ ਬਾਰੇ ਕੋਈ ਪਤਾ ਨਹੀਂ। ਸੋ ਪੰਜਾਬੀ ਯੂਨੀਵਰਸਿਟੀ ਵਿਚ ਇਕ ਅਜਿਹੇ ਸਿਖਲਾਈ ਸੈਲ ਦੀ ਉਚੇਚੀ ਲੋੜ ਹੈ ਜਿੱਥੇ ਲੋਕਾਂ ਨੂੰ ਕੰਪਿਊਟਰ ਉੱਤੇ ਯੂਨੀਕੋਡ ਦੀ ਵਰਤੋਂ ਸਬੰਧੀ ਸਿਖਲਾਈ ਦਿੱਤੀ ਜਾ ਸਕਦੀ ਹੈ। ਕੰਪਿਊਟਰ 'ਤੇ ਪੰਜਾਬੀ ਦੀ ਵਰਤੋਂ ਸਬੰਧੀ ਕਿਤਾਬਚੇ, ਰਸਾਲੇ ਤੇ ਪੁਸਤਕਾਂ ਆਦਿ ਪ੍ਰਕਾਸ਼ਿਤ ਕਰਵਾਈਆਂ ਜਾਣ। ਇਸ ਖੇਤਰ ਦੀ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਰਿਸੋਰਸ ਪਰਸਨ ਨਿਯੁਕਤ ਕੀਤੇ ਜਾਣ। ਜੋ ਵਰਤੋਂਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਉਚੇਚਾ ਸਹਿਯੋਗ ਦੇਣ। ਇਸ ਕੰਮ ਲਈ ਮਾਤ-ਭਾਸ਼ਾ ਨੂੰ ਪਿਆਰ ਕਰਨ ਵਾਲੇ ਕੰਪਿਊਟਰ ਲੇਖਕਾਂ, ਬੁੱਧੀਜੀਵੀਆਂ ਦੀ ਮਦਦ ਲਈ ਜਾ ਸਕਦੀ ਹੈ।
ConversionConversion EmoticonEmoticon