ਯੂਐੱਸਬੀ ਕੇਬਲ ਰਾਹੀਂ ਡਾਟਾ ਦਾ ਅਦਾਨ-ਪ੍ਰਦਾਨ ਕਰਨਾ (2014-10-31)

ਸਮਾਰਟ ਫੋਨ ਅਤੇ ਕੰਪਿਊਟਰ ਵਿਚਕਾਰ ਡਾਟਾ ਦਾ ਆਦਾਨ-ਪ੍ਰਦਾਨ ਕਰਨ ਲਈ ਯੂਐੱਸਬੀ ਕੇਬਲ, ਬਲੂਟੁੱਥ ਅਤੇ ਵਾਈ-ਫਾਈ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਮਾਰਟ ਫੋਨ ਦਾ ਯੂਐੱਸਬੀ ਰਾਹੀਂ ਕੰਪਿਊਟਰ ਨਾਲ ਸੰਪਰਕ ਬਣਾਉਣਾ ਇੱਕ ਰਵਾਇਤੀ ਤਰੀਕਾ ਹੈ। ਮੋਬਾਈਲ ਨੂੰ ਪੀਸੀ ਨਾਲ ਜੋੜ ਕੇ ਮੋਬਾਈਲ ਦੇ ਐੱਸਡੀ ਕਾਰਡ ਤਕ ਪਹੁੰਚ ਬਣਾਈ ਜਾ ਸਕਦੀ ਹੈ। ਇਸ ਤਰ੍ਹਾਂ ਫੋਟੋਆਂ, ਵੀਡੀਓ ਅਤੇ ਐਪਸ ਨੂੰ ਐੱਸਡੀ ਕਾਰਡ ਤੋਂ ਕੰਪਿਊਟਰ ਵਿੱਚ ਜਾਂ ਕੰਪਿਊਟਰ ਵਿੱਚੋਂ ਫੋਨ ਵਿੱਚ ਕਾਪੀ ਕੀਤਾ ਜਾ ਸਕਦਾ ਹੈ।

ਯੂਐੱਸਬੀ ਨਾਲ ਜੋੜਨਾ

* ਆਪਣੇ ਮੋਬਾਈਲ ਫੋਨ ਨੂੰ ਯੂਐੱਸਬੀ ਕੇਬਲ ਰਾਹੀਂ ਕੰਪਿਊਟਰ ਨਾਲ ਜੋੜੋ।
* ਮੋਬਾਈਲ ਦੀ ਸਕਰੀਨ ’ਤੇ ਇੱਕ ਸੰਦੇਸ਼ ‘ਟਰਨ ਆਨ ਯੂਐੱਸਬੀ ਸਟੋਰੇਜ’ ਆਵੇਗਾ। ਇਸ ’ਤੇ ਟੱਚ ਕਰ ਦਿਓ।
* ਹੁਣ ਇੱਕ ਹੋਰ ਸੰਦੇਸ਼ ਟਰਨ-ਆਨ ਯੂਐੱਸਬੀ ਸਟੋਰੇਜ ਦਿਖਾਈ ਦੇਵੇਗਾ। ਇਸ ਨੂੰ ਓਕੇ ਕਰ ਦਿਓ।
* ਕੁਝ ਦੇਰ ਇੰਤਜ਼ਾਰ ਕਰਨ ਮਗਰੋਂ ਤੁਹਾਡਾ ਮੋਬਾਈਲ ਕੰਪਿਊਟਰ ਨਾਲ ਜੁੜ ਜਾਵੇਗਾ। ਕੰਪਿਊਟਰ ਦਾ ਵਿੰਡੋਜ਼ ਐਕਸਪਲੋਰਰ ਜਾਂ ‘ਮਾਈ ਕੰਪਿਊਟਰ’ ਖੋਲ੍ਹੋ। ਇੱਥੇ ਤੁਹਾਡੇ ਮੋਬਾਈਲ ਦਾ ਐੱਸਡੀ ਕਾਰਡ ਨਜ਼ਰ ਆਵੇਗਾ।

ਡਾਟਾ ਦਾ ਅਦਾਨ-ਪ੍ਰਦਾਨ ਕਰਨਾ

ਜਦੋਂ ਤੁਹਾਡੇ ਸਮਾਰਟ ਫੋਨ ਦਾ ਸੰਪਰਕ ਪੀਸੀ ਨਾਲ ਸਥਾਪਿਤ ਹੋ ਜਾਵੇ ਤਾਂ ਇਸ ਉਪਰੰਤ ਮੋਬਾਈਲ ਦਾ ਐੱਸਡੀ ਕਾਰਡ ਵਿੰਡੋਜ਼ ਐਕਸਪਲੋਰਰ ਵਿੱਚ ਰੀਮੂਵੇਬਲ ਡਿਸਕ (ਪੈੱਨ ਡਰਾਈਵ) ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਇੱਥੋਂ ਵਟਸ ਐਪ ਤੋਂ ਡਾਊਨਲੋਡ ਕੀਤੀਆਂ ਫੋਟੋਆਂ ਜਾਂ ਹੋਰ ਤਰ੍ਹਾਂ ਦੇ ਮੀਡੀਆ ਨੂੰ ਐੱਸਡੀ ਕਾਰਡ ਤੋਂ ਕਾਪੀ ਕਰਕੇ ਕੰਪਿਊਟਰ ਦੀ ਕਿਸੇ ਹਾਰਡ ਡਿਸਕ ਡਰਾਈਵ ’ਚ ਪੇਸਟ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੰਪਿਊਟਰ ਵਿੱਚ ਪਈਆਂ ਰਿੰਗ ਟੋਨ, ਵੀਡੀਓ ਅਤੇ ਐਪਸ ਆਦਿ ਨੂੰ ਮੋਬਾਈਲ ਦੇ ਐੱਸਡੀ ਕਾਰਡ ’ਚ ਸਟੋਰ ਕੀਤਾ ਜਾ ਸਕਦਾ ਹੈ। ਕੰਮ ਪੂਰਾ ਹੋਣ ਉਪਰੰਤ ਆਪਣੇ ਸਮਾਰਟ ਫੋਨ ਦੀ ਸਕਰੀਨ ’ਤੇ ‘ਟਰਨ ਆਫ਼ ਯੂਐੱਸਬੀ ਸਟੋਰੇਜ’ ਨਾਂ ਦੇ ਸੰਦੇਸ਼ ’ਤੇ ਟੱਚ ਕਰੋ ਅਤੇ ਯੂਐੱਸਬੀ ਕੇਬਲ ਉਤਾਰ ਦਿਓ।
Previous
Next Post »