ਔਂਡਰਾਇਡ ਕੀ-ਬੋਰਡਾਂ ਦੀ ਦੁਨੀਆ (03-10-2014)

ਦੋਸਤੋ, ਔਂਡਰਾਇਡ ਫੋਨਾਂ 'ਤੇ ਪੰਜਾਬੀ 'ਚ ਕੰਮ ਕਰਨ ਲਈ ਅੱਧੀ ਦਰਜਨ ਦੇ ਕਰੀਬ ਕੀ-ਬੋਰਡ ਵਿਕਸਿਤ ਹੋ ਚੁੱਕੇ ਹਨ। ਅੱਜ ਅਸੀਂ ਇਨ੍ਹਾਂ ਵਿਚੋਂ ਕੁੱਝ ਕੀ-ਬੋਰਡਾਂ ਬਾਰੇ ਜਾਣਾਂਗੇ। ਇਨ੍ਹਾਂ ਨੂੰ ਗੂਗਲ ਦੇ ਐਪ ਸਟੋਰ ਤੋਂ ਮੁਫ਼ਤ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ।
ਮਲਟੀਲਿੰਗ ਕੀ-ਬੋਰਡ

ਮਲਟੀਲਿੰਗ ਕੀ-ਬੋਰਡ ਕਈ ਵਿਦੇਸ਼ੀ ਅਤੇ ਭਾਰਤੀ ਭਾਸ਼ਾਵਾਂ ਵਿਚ ਕੰਮ ਕਰਨ ਵਾਲਾ ਸ਼ਕਤੀਸ਼ਾਲੀ ਪ੍ਰੋਗਰਾਮ ਹੈ। ਇਸ ਦਾ ਲੇਆਉਟ ਕਵੇਰਟੀ ਆਧਾਰਿਤ ਹੈ। ਇਹ ਔਂਡਰਾਇਡ 4.2 (ਜੈਲੀ ਬੀਨ) 'ਤੇ ਭਰਵੀਂ ਸਪੋਰਟ ਦਿੰਦਾ ਹੈ। ਇਸ ਵਿਚ ਦਵੋਰਕ, ਅਜੇਰਟੀ ਆਦਿ ਸਮੇਤ ਕਈ ਕੀ-ਬੋਰਡ ਲੇਆਉਟਾਂ ਦੀ ਸਹੂਲਤ ਹੈ। ਵਰਤੋਂਕਾਰ ਆਪਣੀ ਸਹੂਲਤ ਅਨੁਸਾਰ ਮਲਟੀ-ਟੱਚ ਜਾਂ ਲੌਂਗ-ਟੱਚ ਦੀ ਸਹੂਲਤ ਮਾਣ ਸਕਦਾ ਹੈ। ਇਸ ਵਿਚ ਭਾਸ਼ਾ, ਕੀ-ਬੋਰਡ ਦੀ ਦਿੱਖ, ਕੀ-ਬੋਰਡ ਲੇਆਉਟ, ਟੱਚ ਤਕਨੀਕਾਂ ਆਦਿ ਬਦਲਣ ਦੇ ਕਈ ਮਹੱਤਵਪੂਰਨ ਵਿਕਲਪ ਉਪਲਬਧ ਹਨ।
ਗੁਰਮੁਖੀ ਕੀ-ਬੋਰਡ
ਸੁਰਿੰਦਰ ਬਿੰਦਰਾ ਨਾਂਦੇ ਖੋਜਕਾਰ ਨੇ ਔਂਡਰਾਇਡ ਦੇ ਸੰਸਕਰਨ 4.0 ਲਈ 'ਗੁਰਮੁਖੀ ਕੀ-ਬੋਰਡ' ਤਿਆਰ ਕੀਤਾ ਹੈ। ਇਹ ਕੀ-ਬੋਰਡ ਫੋਨੈਟਿਕ ਲੇਆਉਟ 'ਤੇ ਆਧਾਰਿਤ ਹੈ। ਇਸ ਵਿਚ ਕੰਪਿਊਟਰੀ ਕੀ-ਬੋਰਡ ਵਾਂਗ ਅੱਧੇ ਅੱਖਰ ਸ਼ਿਫ਼ਟ ਬਟਨ ਦੱਬਣ ਉਪਰੰਤ ਪੈਂਦੇ ਹਨ। ਵਿਸ਼ੇਸ਼ ਚਿੰਨ੍ਹ ਅਤੇ ਕੁੱਝ ਪੈਰ ਬਿੰਦੀ ਵਾਲੇ ਅੱਖਰ ਇੱਕ ਵੱਖਰੇ ਬਟਨ (?123) ਨੂੰ ਦੱਬਣ ਉਪਰੰਤ ਨਜ਼ਰ ਆਉਂਦੇ ਹਨ। ਕੀ-ਬੋਰਡ 'ਚ ਡਿਕਸ਼ਨਰੀ ਦੀ ਸੁਵਿਧਾ ਵੀ ਹੈ ਪਰ ਸਰਚ ਸ਼ਕਤੀਸ਼ਾਲੀ ਨਾ ਹੋਣ ਕਾਰਨ ਵਰਤੋਂਕਾਰ ਨੂੰ ਇਸ ਦਾ ਬਹੁਤਾ ਲਾਭ ਨਹੀਂ ਹੋ ਰਿਹਾ।
ਪਣਨੀ ਕੀ-ਬੋਰਡ

ਪਣਨੀ (Panini) ਕੀ-ਬੋਰਡ ਲੂਨਾ ਪ੍ਰਾ. ਲਿ. ਨੇ ਤਿਆਰ ਕੀਤਾ ਹੈ। ਇਹ ਕੀ-ਬੋਰਡ ਪੰਜਾਬੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਲਈ ਬਣਾਇਆ ਗਿਆ ਹੈ। ਇਸ ਮਲਟੀ-ਸਕਰੀਨ ਕੀ-ਬੋਰਡ 'ਤੇ ਮਲਟੀ-ਟੈਪ ਵਿਧੀ ਰਾਹੀਂ ਪੰਜਾਬੀ (ਗੁਰਮੁਖੀ) ਦੇ ਅੱਖਰ ਲਿਖੇ ਜਾਂਦੇ ਹਨ। ਇਸ ਵਿਚ ਡਿਕਸ਼ਨਰੀ ਅਤੇ ਪ੍ਰਡਿਕਟਿਵ ਸੂਚੀ ਦੀ ਸੁਵਿਧਾ ਵੀ ਉਪਲਬਧ ਹੈ। ਇਸ ਵਿਚ ਪੰਜਾਬੀ ਅੱਖਰਾਂ ਨੂੰ 12 ਅੱਖਰਾਂ ਵਾਲੀ ਪੈਡ 'ਤੇ ਦਿਖਾਇਆ ਗਿਆ ਹੈ। Next ਅਤੇ Prev ਬਟਨਾਂ ਦੀ ਮਦਦ ਨਾਲ ਬਾਕੀ ਅੱਖਰਾਂ ਨੂੰ ਲੱਭ ਕੇ ਪਾਇਆ ਜਾ ਸਕਦਾ ਹੈ। ਅੰਗਰੇਜ਼ੀ ਲਈ ਇਸ ਵਿਚ ਕਵੇਰਟੀ ਕੀ-ਬੋਰਡ ਦੀ ਸਹੂਲਤ ਵੀ ਉਪਲਬਧ ਹੈ।
ਲਿਪੀਕਾਰ ਪੰਜਾਬੀ ਟਾਈਪਿੰਗ

ਲਿਪੀਕਾਰ ਕੀ-ਬੋਰਡ 'ਚ ਕਵੇਰਟੀ ਦੁਭਾਸ਼ੀ ਕੀ-ਬੋਰਡ ਵਰਤਿਆ ਗਿਆ ਹੈ। PA ਨਾਂ ਦੇ ਬਟਨ ਨੂੰ ਦੱਬਣ ਉਪਰੰਤ ਪੰਜਾਬੀ ਲਿਖੀ ਜਾਂਦੀ ਹੈ। ਇਹ ਮਲਟੀ ਟੈਪ ਵਿਧੀ 'ਤੇ ਆਧਾਰਿਤ ਹੈ। ਸ ਪਾਉਣ ਲਈ S ਬਟਨ ਨੂੰ ਇੱਕ ਵਾਰ ਅਤੇ ਸ਼ ਪਾਉਣ ਲਈ S ਬਟਨ ਨੂੰ 2 ਵਾਰ ਦਬਾਇਆ ਜਾਂਦਾ ਹੈ। ਪੈਰ ਰਾਰਾ ਪਾਉਣ ਲਈ X ਬਟਨ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਵਜੋਂ 'ਕ੍ਰਿਸ਼ਨਾ' ਪਾਉਣ ਲਈ kxrissna ਟਾਈਪ ਕਰਨ ਦੀ ਜ਼ਰੂਰਤ ਪੈਂਦੀ ਹੈ।
ਪਰਾਈਡ ਪੰਜਾਬੀ ਐਡੀਟਰ


ਪਰਾਈਡ (Pride) ਕਵੇਰਟੀ ਲੇਆਉਟ ਆਧਾਰਿਤ ਮਲਟੀ-ਟੈਪ ਰੋਮਨ ਕੀ-ਬੋਰਡ ਹੈ। ਇਹ ਇੱਕ ਸੁਤੰਤਰ ਐਪ ਦੇ ਰੂਪ ਵਿਚ ਉਪਲਬਧ ਹੈ। ਇਹ ਪੂਰੀ ਤਰ੍ਹਾਂ ਰੋਮਨ ਲਿਪੀਅੰਤਰਨ ਤਕਨੀਕ 'ਤੇ ਆਧਾਰਿਤ ਹੈ ਪਰ ਸਹੀ ਸ਼ਬਦ-ਜੋੜ ਪਾਉਣ ਸਮੇਂ ਸਮੱਸਿਆ ਪੇਸ਼ ਆਉਂਦੀ ਹੈ। 
Previous
Next Post »