ਸਮਾਰਟ ਫ਼ੋਨ ਵਿਚ ਕੰਪਿਊਟਰ ਵਾਲੀਆਂ ਤਮਾਮ ਖ਼ੂਬੀਆਂ ਉਪਲਬਧ
ਹਨ। ਇਹੀ ਕਾਰਨ ਹੈ ਕਿ ਇਹ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣ ਗਿਆ ਹੈ। ਜੇਕਰ ਸਮਾਰਟ ਫ਼ੋਨ ਦੀਆਂ
ਖ਼ੂਬੀਆਂ ਅਤੇ ਤਕਨੀਕੀ ਵਿਸ਼ੇਸ਼ਤਾਵਾਂ ਦਾ ਸਾਨੂੰ ਪਹਿਲਾਂ ਹੀ ਪਤਾ ਹੋਵੇ ਤਾਂ ਅਸੀਂ ਇੱਕ ਵਧੀਆ ਸਮਾਰਟ
ਫ਼ੋਨ ਦੀ ਚੋਣ ਕਰ ਸਕਦੇ ਹਾਂ। ਸਮਾਰਟ ਫ਼ੋਨ ਖ਼ਰੀਦਣ ਸਮੇਂ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ
ਜਿਵੇਂ ਕਿ:
- ਬਾਜ਼ਾਰ ਵਿਚ ਐਪਲ, ਸੋਨੀ, ਸੈਮਸੰਗ, ਮਾਈਕਰੋਮੈਕਸ, ਐੱਲਜੀ ਆਦਿ ਕੰਪਨੀਆਂ ਦੇ ਸਮਾਰਟ ਫ਼ੋਨ ਉਪਲਬਧ ਹਨ। ਪਰ ਕੰਪਨੀ ਜਾਂ ਬਰਾਂਡ ਉਨ੍ਹਾਂ ਮਹਿਨਾ ਨਹੀਂ ਰੱਖਦਾ ਜਿੰਨਾ ਕਿ ਉਸ ਵਿਚ ਸ਼ੁਮਾਰ ਸੁਵਿਧਾਵਾਂ। ਫਿਰ ਵੀ ਬਰਾਂਡ ਦਾ ਫ਼ੈਸਲਾ ਜ਼ਰੂਰ ਕਰ ਲੈਣਾ ਚਾਹੀਦਾ ਹੈ।
- ਇਹ ਯਕੀਨੀ ਬਣਾ ਲਓ ਕਿ ਜਿਸ ਕੰਪਨੀ ਦਾ ਜਿਹੜਾ ਫ਼ੋਨ ਤੁਸੀਂ ਚੁਣਨ ਜਾ ਰਹੇ ਹੋ, ਉਹ ਤੁਹਾਡੇ ਬਜਟ ਦੇ ਦਾਇਰੇ 'ਚ ਹੈ ਜਾਂ ਨਹੀਂ।
- ਮੋਬਾਈਲ ਦੀ ਕੰਮ ਕਰਨ ਦੀ ਰਫ਼ਤਾਰ ਉਸ ਵਿਚਲੀ ਰੈਮ 'ਤੇ ਨਿਰਭਰ ਕਰਦੀ ਹੈ। ਇਹ ਯਕੀਨੀ ਬਣਾ ਲਓ ਕਿ ਮੋਬਾਈਲ ਵਿਚਲੀ ਰੈਮ (ਘੱਟੋ-ਘੱਟ 1 ਜੀਬੀ ਜਾਂ ਵੱਧ) ਨਾਲ ਤੁਹਾਡਾ ਕੰਮ ਚੱਲ ਸਕਦਾ ਹੈ ਜਾਂ ਨਹੀਂ।
- ਜੇਕਰ ਤੁਸੀਂ ਮੋਬਾਈਲ ਦੀਆਂ ਬੁਨਿਆਦੀ ਸੁਵਿਧਾਵਾਂ ਜਿਵੇਂ ਕਿ ਫ਼ੋਨ ਸੁਣਨਾ, ਫ਼ੋਨ ਕਰਨਾ, ਮੈਸੇਜ ਭੇਜਣਾ ਆਦਿ ਤੋਂ ਇਲਾਵਾ ਫ਼ੋਟੋਗਰਾਫੀ ਦਾ ਵੀ ਸ਼ੌਕ ਰੱਖਦੇ ਹੋ ਤਾਂ ਤੁਹਾਡੇ ਮੋਬਾਈਲ ਸੈੱਟ ਵਿਚ ਚੰਗੇ ਪਿਕਸਲ ਦਾ (ਘੱਟੋ-ਘੱਟ 1 ਮੈਗਾ ਪਿਕਸਲ) ਦਾ ਕੈਮਰਾ ਹੋਣਾ ਚਾਹੀਦਾ ਹੈ। ਅਜੋਕੇ ਮੋਬਾਈਲ ਨਾਲ ਐੱਲਈਡੀ ਫਲੈਸ਼ ਵੀ ਉਪਲਬਧ ਹੁੰਦੀ ਹੈ।
- ਮੋਬਾਈਲ ਦੇ ਆਕਾਰ ਦਾ ਬਹੁਤ ਮਹੱਤਵ ਹੈ। ਬਹੁਤ ਛੋਟਾ ਜਾਂ ਵੱਡੇ ਆਕਾਰ ਦਾ ਫ਼ੋਨ ਹੱਥ ਵਿਚ ਪਕੜਨਾ ਅਤੇ ਵਰਤਣਾ ਸੁਵਿਧਾਜਨਕ ਨਹੀਂ ਹੁੰਦਾ। ਇਸ ਲਈ ਲਗਭਗ 5 ਇੰਚ ਜਾਂ ਇਸ ਤੋਂ ਛੋਟੇ ਆਕਾਰ ਦਾ ਸਮਾਰਟ ਫ਼ੋਨ ਖ਼ਰੀਦਣਾ ਹੀ ਪਸੰਦ ਕਰੋ।
- ਸਕਰੀਨ ਦੀ ਰੈਜ਼ੂਲੇਸ਼ਨ ਦਾ ਸਕਰੀਨ ਦੇ ਆਕਾਰ ਨਾਲ ਸਿੱਧਾ ਸਬੰਧ ਹੈ। ਜੇਕਰ ਤੁਸੀਂ ਆਪਣੇ ਫ਼ੋਨ 'ਤੇ ਵੀਡੀਓ ਅਤੇ ਫ਼ੋਟੋਆਂ ਆਦਿ ਦੇਖਣ ਦਾ ਸ਼ੌਂਕ ਰੱਖਦੇ ਹੋ ਤਾਂ ਚੰਗੀ ਰੈਜ਼ੂਲੇਸ਼ਨ ਵਾਲਾ ਮੋਬਾਈਲ ਹੀ ਖ਼ਰੀਦੋ।
- ਮੋਬਾਈਲ ਤਕਨਾਲੋਜੀ ਵਿਚ ਖੇਤਰੀ ਭਾਸ਼ਾ ਦੇ ਸਮਰਥਨ ਦੀ ਬਹੁਤ ਵੱਡੀ ਭੂਮਿਕਾ ਹੈ। ਜੇਕਰ ਤੁਸੀਂ ਆਪਣੇ ਫ਼ੋਨ ਵਿਚ ਆਪਣੀ ਹੀ ਖੇਤਰੀ ਭਾਸ਼ਾ ਵਿਚ ਟਾਈਪ ਕਰਨਾ, ਪੜ੍ਹਨਾ ਅਤੇ ਹੋਰਨਾਂ ਐਪਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਇਸ ਵਿਸ਼ੇਸ਼ਤਾ ਦੀ ਜ਼ਰੂਰ ਸ਼ਨਾਖ਼ਤ ਕਰ ਲੈਣੀ ਚਾਹੀਦੀ ਹੈ। ਔਂਡਰਾਇਡ ਦੀ ਦੁਨੀਆ ਵਿਚ ਸੈਮਸੰਗ ਤੋਂ ਇਲਾਵਾ ਹੋਰ ਕੋਈ ਵੀ ਫ਼ੋਨ ਪੰਜਾਬੀ ਭਾਸ਼ਾ ਨੂੰ ਸਪੋਰਟ ਨਹੀਂ ਕਰਦਾ।
- ਓਪਰੇਟਿੰਗ ਸਿਸਟਮ ਇੱਕ ਅਜਿਹਾ ਸਾਫ਼ਟਵੇਅਰ ਹੈ ਜੋ ਵਰਤੋਂਕਾਰ ਅਤੇ ਮੋਬਾਈਲ ਦੀ ਭਾਸ਼ਾ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਐਪਲ ਇੱਕ ਸ਼ਕਤੀਸ਼ਾਲੀ ਮੋਬਾਈਲ ਓਪਰੇਟਿੰਗ ਸਿਸਟਮ ਮੰਨਿਆ ਗਿਆ ਹੈ ਪਰ ਸਸਤਾ ਹੋਣ ਅਤੇ ਅਨੇਕਾਂ ਮੁਫ਼ਤ ਐਪਸ ਉਪਲਬਧ ਹੋਣ ਕਾਰਨ ਔਂਡਰਾਇਡ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ। ਮੋਬਾਈਲ ਖ਼ਰੀਦਣ ਸਮੇਂ ਉਸ ਵਿਚ ਚੱਲਣ ਵਾਲੇ ਓਪਰੇਟਿੰਗ ਸਿਸਟਮ ਅਤੇ ਉਸ ਦੇ ਸੰਸਕਰਨ ਦਾ ਜ਼ਰੂਰ ਪਤਾ ਲਗਾ ਲਓ। ਮਿਸਾਲ ਵਜੋਂ ਔਂਡਰਾਇਡ ਦਾ ਨਵੇਂ ਸੰਸਕਰਨਾਂ ਵਿਚੋਂ ਜੈਲੀ ਬੀਨ ਸਭ ਤੋਂ ਵੱਧਵਰਤਿਆ ਜਾਣ ਵਾਲਾ ਸੰਸਕਰਨ ਹੈ। ਹਾਲਾਂਕਿ ਔਂਡਰਾਇਡ ਦੇ ਪੁਰਾਣੇ ਸੰਸਕਰਨਾਂ ਨੂੰ ਅੱਪਡੇਟ ਵੀ ਕੀਤਾ ਜਾ ਸਕਦਾ ਹੈ ਫਿਰ ਵੀ ਮਾਰਕੀਟ ਵਿਚ ਸਭ ਤੋਂ ਨਵੇਂ ਸੰਸਕਰਨ ਨੂੰ ਹੀ ਤਰਜ਼ੀਹ ਦਿਓ।
- ਮੋਬਾਈਲ ਵਿਚ ਡਾਟੇ ਨੂੰ ਪੱਕੇ ਤੌਰ 'ਤੇ ਸਟੋਰ ਕਰਨ ਲਈ ਇਸ ਵਿਚ ਜ਼ਰੂਰਤ ਅਨੁਸਾਰ ਮੈਮਰੀ ਕਾਰਡ ਪਾਇਆ ਜਾ ਸਕਦਾ ਹੈ। ਬਾਜ਼ਾਰ ਵਿਚ 1 ਜੀਬੀ ਤੋਂ 64 ਜੀਬੀ ਜਾਂ ਇਸ ਤੋਂ ਵੱਧ ਸਮਰੱਥਾ ਵਾਲੇ ਮੈਮਰੀ ਕਾਰਡ ਉਪਲਬਧ ਹਨ। ਮੈਮਰੀ ਕਾਰਡ ਦੀ ਚੋਣ ਆਪਣੀ ਲੋੜ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ। ਨੱਕੋ-ਨੱਕ ਤਸਵੀਰਾਂ/ਵੀਡੀਓ ਆਦਿ ਨਾਲ ਭਰੇ ਵੱਡੇ ਮੈਮਰੀ ਕਾਰਡ ਤੁਹਾਡੇ ਮੋਬਾਈਲ ਨੂੰ ਸੁਸਤ ਬਣਾ ਸਕਦੇ ਹਨ।
- ਇਹ ਯਕੀਨੀ ਬਣਾ ਲਓ ਕਿ ਤੁਹਾਡੇ ਮੋਬਾਈਲ ਵਿਚ ਵਾਈ-ਫਾਈ ਅਤੇ ਬਲੂ-ਟੁੱਥ ਦੀ ਸਹੂਲਤ ਉਪਲਬਧ ਹੈ।
- ਜੇਕਰ ਤੁਹਾਨੂੰ 2 ਮੋਬਾਈਲ ਨੰਬਰ ਰੱਖਣ ਦੀ ਜ਼ਰੂਰਤ ਹੈ ਤਾਂ ਦੂਹਰੇ ਸਿੰਮ ਵਾਲਾ ਸਮਾਰਟ ਫ਼ੋਨ ਹੀ ਖ਼ਰੀਦੋ।
- ਵਰੰਟੀ ਕਾਰਡ, ਬਿੱਲ, ਮੋਬਾਈਲ ਦਾ ਚਾਰਜਰ, ਡਾਟਾ ਕੇਬਲ ਅਤੇ ਹੋਰ ਜ਼ਰੂਰੀ ਚੀਜ਼ਾਂ ਲੈਣਾ ਨਾ ਭੁੱਲੋ।
ConversionConversion EmoticonEmoticon