ਡਾਟਾ ਦਾ ਬੈਕਅੱਪ ਲੈਣਾ (20150102)

ਅੰਗਰੇਜ਼ੀ ਦੇ ਸ਼ਬਦ ਬੈਕਅੱਪ (Backup) ਦਾ ਅਰਥ ਹੈ- ਪਿੱਛੇ ਹਟਣਾ ਜਾਂ ਸਮਰਥਨ ਦੇਣਾ ਹੈ। ਕੰਪਿਊਟਰ ਦੇ ਖ਼ਰਾਬ ਹੋਣ ਉਪਰੰਤ ਉਸ ਨੂੰ ਵਾਪਸ ਪਹਿਲਾਂ ਵਰਗਾ ਬਣਾਉਣ ਲਈ ‘ਬੈਕਅੱਪ’ ਸ਼ਬਦ ਵਰਤਿਆ ਜਾਂਦਾ ਹੈ। ਮੋਬਾਈਲ ਫੋਨ ਵਿੱਚ ਪਹਿਲਾਂ ਡਾਟਾ ਦਾ ਬੈਕਅੱਪ ਲੈ ਲਿਆ ਜਾਂਦਾ ਹੈ। ਭਵਿੱਖ ਵਿੱਚ ਮੋਬਾਈਲ ਵਿੱਚ ਕੋਈ ਸਮੱਸਿਆ ਆਉਣ ਜਾਂ ਗੁੰਮ ਹੋਣ ਦੀ ਸਥਿਤੀ ਵਿੱਚ ਉਹੀ ਡਾਟਾ ਨਵੇਂ ਮੋਬਾਈਲ ਵਿੱਚ ਰੀਸਟੋਰ ਕਰਕੇ ਪਹਿਲਾਂ ਵਾਲੀ ਸਥਿਤੀ ’ਤੇ ਜਾਇਆ ਜਾ ਸਕਦਾ ਹੈ।
ਮੋਬਾਈਲ ਫੋਨ ਦੀ ਚੋਰੀ, ਗੁੰਮ ਜਾਂ ਖ਼ਰਾਬ ਹੋਣ ਦੀ ਸਥਿਤੀ ਵਿੱਚ ਮੋਬਾਈਲ  ਦੇ ਨਾਲ-ਨਾਲ ਸੰਪਰਕ ਨੰਬਰ, ਐੱਸ.ਐੱਮ.ਐੱਸ., ਫੋਟੋਆਂ ਅਤੇ ਵੀਡੀਓ ਆਦਿ ਦਾ ਵੀ ਨੁਕਸਾਨ ਹੋ ਜਾਂਦਾ ਹੈ। ਐਂਡਰਾਇਡ ਫੋਨਾਂ ਵਿੱਚ ਡਾਟਾ ਨੂੰ ਮੁੜ ਪ੍ਰਾਪਤ ਕਰਨ ਲਈ ਗੂਗਲ ਨੇ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਹੈ।
ਮੋਬਾਈਲ ਵਿੱਚ ਡਾਟਾ ਦਾ ਬੈਕਅੱਪ ਲੈਣ ਦੇ ਕਈ ਤਰੀਕੇ ਹਨ। ਇੱਥੇ ਪੰਜ ਪ੍ਰਮੁੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ:
* ਡਰੈਗ ਅਤੇ ਡਰੌਪ (Drag and Drop)
ਇਹ ਡਾਟਾ ਨੂੰ ਸਾਂਭਣ ਦਾ ਰਵਾਇਤੀ ਤਰੀਕਾ ਹੈ। ਮੋਬਾਈਲ ਜਾਂ ਐੱਸਡੀ ਕਾਰਡ ਵਿਚਲੇ ਡਾਟਾ ਦਾ ਬੈਕਅੱਪ ਆਪਣੇ ਪੀਸੀ ਵਿੱਚ ਲੈਣ ਲਈ ਯੂਐੱਸਬੀ ਕੇਬਲ ਦੀ ਲੋੜ ਪੈਂਦੀ ਹੈ।
ਯੂਐੱਸਬੀ ਕੇਬਲ ਨਾਲ ਕੰਪਿਊਟਰ ਦਾ ਕੁਨੈਕਸ਼ਨ ਜੋੜ ਕੇ ਮੋਬਾਈਲ ਦੇ ਮੈਮਰੀ ਕਾਰਡ ਨੂੰ ਵਿੰਡੋਜ਼ ਐਕਸਪਲੋਰਰ ’ਚ ਖੋਲ੍ਹਿਆ ਜਾਂਦਾ ਹੈ। ਇੱਥੋਂ ਡਰੈਗ ਅਤੇ ਡਰੌਪ ਜਾਂ ਕਾਪੀ-ਪੇਸਟ ਰਾਹੀਂ ਡਾਟਾ ਨੂੰ ਕੰਪਿਊਟਰ ਦੀ ਹਾਰਡ ਡਿਸਕ ਵਿੱਚ ਸਾਂਭਿਆ ਜਾ ਸਕਦਾ ਹੈ।
* ਬੈਕਅੱਪ ਐਂਡ ਰੀਸਟੋਰ
ਬੈਕਅੱਪ ਐਂਡ ਰੀਸਟੋਰ ਗੂਗਲ ਦੀ ਚੰਗੀ ਸਹੂਲਤ ਹੈ। ਇਸ ਰਾਹੀਂ ਮੋਬਾਈਲ ਦੇ ਡਾਟਾ ਨੂੰ ‘ਬੈਕਅੱਪ’ ਰਾਹੀਂ ਗੂਗਲ ਕਲਾਊਡ ’ਤੇ ਚੜ੍ਹਾਇਆ ਜਾਂਦਾ ਹੈ। ਇਸ ਕਾਰਜ ਲਈ ਮੋਬਾਈਲ ’ਤੇ ਇੰਟਰਨੈੱਟ ਦੀ ਸੁਵਿਧਾ ਹੋਣਾ ਅਤੇ ਗੂਗਲ/ਜੀ-ਮੇਲ ’ਤੇ ਖਾਤਾ ਹੋਣਾ ਬਹੁਤ ਜ਼ਰੂਰੀ ਹੈ।
ਕਲਾਊਡ ਇੱਕ ਇੰਟਰਨੈੱਟ ਆਧਾਰਿਤ ਸੁਵਿਧਾ ਹੈ ਜਿਸ ਤਹਿਤ ਅਸੀਂ ਆਪਣੇ ਡਾਟਾ ਨੂੰ ਇੰਟਰਨੈੱਟ ’ਤੇ ਚੜ੍ਹਾ (ਬੈਕਅੱਪ ਲੈ) ਸਕਦੇ ਹਾਂ ਤੇ ਫਿਰ ਲੋੜ ਪੈਣ ’ਤੇ ਵਾਪਸ ਉਤਾਰ (ਰੀਸਟੋਰ ਕਰ) ਸਕਦੇ ਹਾਂ।
ਬੈਕਅੱਪ ਲੈਣ ਦੇ ਪੜ੍ਹਾਅ ਹੇਠਾਂ ਲਿਖੇ ਅਨੁਸਾਰ ਹਨ:
* ਮੋਬਾਈਲ  ਦੀ ‘ਸੈਟਿੰਗਜ਼’ ’ਚ ਜਾਓ।
* ‘ਬੈਕਅੱਪ ਐਂਡ ਰੀਸਟੋਰ’ ਨੂੰ ਚੁਣੋ।
* ‘ਬੈਕਅੱਪ ਮਾਈ ਡਾਟਾ’ ਅਤੇ ‘ਆਟੋਮੈਟਿਕ ਰੀਸਟੋਰ’ ਦੇ ਸਾਹਮਣੇ ਨਜ਼ਰ ਆਉਣ ਵਾਲੇ ਚੈੱਕ ਬਕਸਿਆਂ ਨੂੰ ਟੱਚ ਕਰਕੇ ਚੁਣੋ।
* ਗੂਗਲ ’ਚ ਖਾਤਾ ਨਾ ਹੋਣ ਦੀ ਸੂਰਤ ਵਿੱਚ ਤੁਹਾਨੂੰ ਹੇਠਲੇ ਪਾਸੇ ‘ਐਡ ਅਕਾਊਂਟ’ ਦਾ ਵਿਕਲਪ ਨਜ਼ਰ ਆਵੇਗਾ। ਇੱਥੋਂ ਪਹਿਲਾਂ ਤੋਂ ਬਣੇ ਖਾਤੇ ਦਾ ਇਸਤੇਮਾਲ ਕਰਨ ਲਈ ‘ਐਗਜ਼ਿਸਟਿੰਗ’ ਅਤੇ ਨਵਾਂ ਬਣਾਉਣ ਲਈ ‘ਨਿਊ’ ਦੀ ਚੋਣ ਕਰਕੇ ਢੁਕਵੇਂ ਵਿਕਲਪਾਂ ਦਾ ਪਾਲਣਾ ਕਰੋ।
* ਨਵੇਂ ਫੋਨ ’ਚ ‘ਬੈਕਅੱਪ ਐਂਡ ਰੀਸਟੋਰ’ ’ਤੇ ਜਾ ਕੇ, ਫਿਰ ‘ਰੀਸਟੋਰ’ ਦੀ ਚੋਣ ਕਰਕੇ ਪੁਰਾਣੇ ਡਾਟਾ ਦੀ ਪੁਰਨ-ਸਥਾਪਨਾ ਕੀਤੀ ਜਾ ਸਕਦੀ ਹੈ।
* ਸਮਕਾਲੀਕਰਨ ਜਾਂ ਸਿਨਕ੍ਰੋਨਾਇਜ਼ੇਸ਼ਨ।
ਜਦੋਂ ਕਈ ਚੀਜ਼ਾਂ ਇੱਕੋ ਸਮੇਂ ਵਾਪਰਦੀਆਂ ਹਨ ਤਾਂ ਉਨ੍ਹਾਂ ਨੂੰ ਸਮਕਾਲੀਕਰਨ ਜਾਂ ਸਿਨਕ੍ਰੋਨਾਇਜ਼ੇਸ਼ਨ ਕਿਹਾ ਜਾਂਦਾ ਹੈ। ਐਂਡਰਾਇਡ ਫੋਨ ਦੇ ਡਾਟਾ ਨੂੰ ਗੂਗਲ ਕਲਾਊਡ (ਆਨ-ਲਾਈਨ) ’ਤੇ ਸਾਂਭਿਆ ਜਾ ਸਕਦਾ ਹੈ। ਮੋਬਾਈਲ ਫੋਨ ਦੇ ਡਾਟਾ ਜਿਵੇਂ ਕਿ ਸੰਪਰਕ ਸੂਚੀ, ਐੱਸਐੱਮਐੱਸ ਵਿੱਚ ਕੀਤਾ ਪਰਿਵਰਤਨ ਕਲਾਊਡ ਸਟੋਰ ’ਤੇ ਉਸੇ ਸਮੇਂ ਆਪਣੇ-ਆਪ ਪ੍ਰਭਾਵੀ ਹੋ ਜਾਂਦਾ ਹੈ ਇਸ ਨੂੰ ਸਮਕਾਲੀਕਰਨ ਜਾਂ ਸਿਨਕ੍ਰੋਨਾਇਜ਼ੇਸ਼ਨ ਕਿਹਾ ਜਾਂਦਾ ਹੈ। ਇਸ ਸੁਵਿਧਾ ਦਾ ਲਾਭ ਲੈਣ ਲਈ ਗੂਗਲ ’ਤੇ ਖਾਤਾ ਹੋਣਾ ਬਹੁਤ ਜ਼ਰੂਰੀ ਹੈ। ਆਓ ਇਸ ਪ੍ਰਕਿਰਿਆ ਨੂੰ ਪਗ-ਦਰ-ਪਗ ਕਰਨ ਦਾ ਅਭਿਆਸ ਕਰੀਏ:
* ਮੋਬਾਈਲ  ਫੋਨ ਦੀ ‘ਸੈਟਿੰਗਜ਼’ ਖੋਲ੍ਹੋ।
* ‘ਅਕਾਊਂਟ’ ਵਾਲੇ ਹਿੱਸੇ ’ਚ ‘ਗੂਗਲ’ ਨੂੰ ਚੁਣੋ।
* ਹੁਣ ‘ਸਿੰਕ’ (Sync) ’ਤੇ ਟੱਚ ਕਰੋ।
ਹੇਠਾਂ ਲਿਖਿਆਂ ’ਤੇ ਵਾਰੀ-ਵਾਰੀ ਟੱਚ ਕਰਕੇ ਸਮਕਾਲੀਕਰਨ ਦੀ ਪ੍ਰਕਿਰਿਆ ਪੂਰੀ ਕਰੋ:
* ਐਪ ਡਾਟਾ
* ਕਲੰਡਰ
* ਕੰਟੈਕਟਸ (ਸੰਪਰਕ)
* ਜੀ-ਮੇਲ
* ਗੂਗਲ ਫ਼ੋਟੋ ਆਟੋ ਬੈਕ-ਅਪ
* ਗੂਗਲ ਪਲੱਸ ਆਦਿ
ਗੂਗਲ ਪਲੱਸ
ਗੂਗਲ ਪਲੱਸ (ਗੂਗਲ +) ਗੂਗਲ ਦੀ ਇੱਕ ਸੋਸ਼ਲ ਨੈੱਟਵਰਕਿੰਗ ਸਹੂਲਤ ਹੈ। ਇਹ ਸੇਵਾ ਗੂਗਲ ਦੀਆਂ ਹੋਰਨਾਂ ਸੇਵਾਵਾਂ ਜਿਵੇਂ ਕਿ ਜੀ-ਮੇਲ ਅਤੇ ਯੂ-ਟਿਊਬ ਆਦਿ ਨਾਲ ਜੁੜੀ ਹੋਈ ਹੈ।
ਐਂਡਰਾਇਡ ਵਰਤੋਂਕਾਰਾਂ ਦੁਆਰਾ ਗੂਗਲ ਪਲੱਸ ਦੀ ਵਰਤੋਂ ਆਮ ਤੌਰ ’ਤੇ ਫੋਟੋਆਂ ਦਾ ਬੈਕਅੱਪ ਲੈਣ ਲਈ ਕੀਤੀ ਜਾਂਦੀ ਹੈ।
* ਤੀਜੀ ਧਿਰ ਦੇ ਸਾਫਟਵੇਅਰ
ਬੈਕਅੱਪ ਅਤੇ ਰੀਸਟੋਰ ਲਈ ਗੂਗਲ ਤੋਂ ਇਲਾਵਾ ਤੀਜੀ ਧਿਰ (Third Party) ਦੇ ਸਾਫਟਵੇਅਰ ਵੀ ਉਪਲਬਧ ਹਨ ਜਿਨ੍ਹਾਂ ਵਿੱਚੋਂ ਫੋਟੋ ਬਕਟ ਮੋਬਾਈਲ (Photo bucket mobile), ਸੁਪਰ ਬੈਕਅੱਪ (Super Backup), ਫਲਿੱਕਰ (Flicker,  ਮਾਈਕ੍ਰੋਸਾਫਟ ਸਕਾਈ ਡਰਾਈਵ (Skydrive), ਡਰਾਪ-ਬਾਕਸ (Dropbox) ਆਦਿ ਪ੍ਰਮੁੱਖ ਹਨ।

Previous
Next Post »