ਸਾਫਟਵੇਅਰ ਵਿਕਾਸਕਾਰਾਂ ਨੇ ਕਈ ਐਪਸ ਪਲੇਅ ਸਟੋਰ ’ਤੇ ਨਹੀਂ ਪਾਈਆ ਹੁੰਦੀਆਂ। ਜਿਸ ਕਾਰਨ ਇਨ੍ਹਾਂ ਨੂੰ ਪ੍ਰਾਪਤ ਕਰਨ ’ਚ ਮੁਸ਼ਕਿਲ ਪੇਸ਼ ਆਉਂਦੀ ਹੈ। ਕਈ ਵਾਰ ਅਜਿਹੀਆਂ ਐਪਸ (ਦੂਜੀਆਂ) ਵੈੱਬਸਾਈਟਾਂ ’ਤੇ ਉਪਲਬਧ ਹੋ ਸਕਦੀਆਂ ਹਨ।
ਜੇ ਤੁਹਾਡੇ ਮਤਲਬ ਦੀ ਕੋਈ ਐਪ ਇੰਟਰਨੈੱਟ ਪਲੇਅ ਸਟੋਰ ਜਾਂ ਕਿਸੇ ਹੋਰ ਵੈੱਬਸਾਈਟ ’ਤੇ ਉਪਲਬਧ ਨਹੀਂ ਤਾਂ ਉਸ ਨੂੰ ਦੂਜੇ ਦੇ ਮੋਬਾਈਲ ਫੋਨ ਤੋਂ ਸਿੱਧਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹੀਆਂ ਐਪਸ ਦਾ ਆਦਾਨ-ਪ੍ਰਦਾਨ ਬਲ਼ੂ-ਟੁੱਥ ਰਾਹੀਂ ਕੀਤਾ ਜਾ ਸਕਦਾ ਹੈ। ਕਈ ਲੋਕ ਮੋਬਾਈਲ ਨੂੰ ਡਾਟਾ ਕੇਬਲ ਰਾਹੀਂ ਕੰਪਿਊਟਰ ਨਾਲ ਜੋੜ ਕੇ ਪਹਿਲਾਂ ਐਪ ਨੂੰ ਕੰਪਿਊਟਰ ਵਿੱਚ ਸੇਵ ਕਰ ਲੈਂਦੇ ਹਨ ਤੇ ਫਿਰ ਦੂਜੇ ਫੋਨ ’ਚ ਭੇਜ ਦਿੰਦੇ ਹਨ।
ਮੋਬਾਈਲ ਐਪਸ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਇੱਕ ਸੌਖਾ ਇਲਾਜ ਹੈ- ਏਪੀਕੇ ਐਕਸਟ੍ਰੈਕਟਰ (apk 5xtractor)। ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਹੈ ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਤੁਹਾਡੇ ਮੋਬਾਈਲ ਵਿੱਚ ਮੌਜੂਦ ਕਿਸੇ ਐਪ ਦੀ ਸਾਂਝਦਾਰੀ ਕਰਨ ਲਈ ਇਹ ਇੱਕ ਸੰਜੀਵਨੀ ਬੂਟੀ ਹੈ। ਇਹ ਇੱਕ ਮਾਤਰ ਐਪ ਐਕਸਪਲੋਰਰ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀਆਂ ਐਪਸ ਨੂੰ ਬਲੂ-ਟੁੱਥ, ਵਟਸ-ਐਪ ਅਤੇ ਈ-ਮੇਲ ਆਦਿ ਰਾਹੀਂ ਦੂਜੇ ਫੋਨ ਵਿੱਚ ਭੇਜ ਸਕਦੇ ਹੋ। ਐਪਸ ਨੂੰ ਬਾਹਰ ਕੱਢ (Extract) ਕਰ ਕੇ ਅੰਦਰੂਨੀ ਐੱਸਡੀ ਕਾਰਡ ਵਿੱਚ ਸੇਵ ਵੀ ਕੀਤਾ ਜਾ ਸਕਦਾ ਹੈ।
ਐਪ ਭੇਜਣਾ
ਐਪ ਦੂਜੇ ਫੋਨ ਵਿੱਚ ਬਲੂ-ਟੁੱਥ, ਵਟਸ ਐਪ ਜਾਂ ਈ-ਮੇਲ ਆਦਿ ਰਾਹੀਂ ਭੇਜਣ ਲਈ ਹੇਠਾਂ ਦਿੱਤੇ ਕੰਮ ਕਰੋ:
* ਏਪੀਕੇ ਐਕਸਟ੍ਰੈਕਟਰ ਖੋਲ੍ਹੋ। ਇਹ ਤੁਹਾਨੂੰ ਮੋਬਾਈਲ ਵਿੱਚਲੀਆਂ ਸਾਰੀਆਂ ਐਪਸ, ਇੱਥੋਂ ਤਕ ਕਿ ਇਹ ਖ਼ੁਦ ਨੂੰ ਵੀ ਇੱਕ ਸੂਚੀ ਵਿੱਚ ਦਿਖਾਏਗਾ।
* ਜਿਹੜੀ ਐਪ ਨੂੰ ਭੇਜਣਾ ਚਾਹੁੰਦੇ ਹੋ ਉਸ ਉੱਤੇ ਥੋੜ੍ਹੀ ਦੇਰ ਟੱਚ ਕਰਕੇ ਰੱਖੋ।
* ਤਿੰਨ ਵਿਕਲਪ ਐਕਸਟ੍ਰੈਕਟਰ ਏਪੀਕੇ, ਸੈਂਡ ਏਪੀਕੇ ਅਤੇ ਡਿਲੀਟ ਐਪ ਨਜ਼ਰ ਆਉਣਗੇ।
* ਸੈਂਡ ਏਪੀਕੇ ਦੀ ਚੋਣ ਕਰੋ।
* ਹੁਣ ਏਪੀਕੇ ਐਪ ਨੂੰ ਦੂਜੇ ਫੋਨ ਤਕ ਭੇਜਣ ਦਾ ਮਾਧਿਅਮ (ਜਿਵੇਂ ਕਿ ਬਲੂ-ਟੁੱਥ ਆਦਿ) ਚੁਣੋ।
* ਬਲੂ-ਟੁੱਥ ਰਾਹੀਂ ਭੇਜਣ ਦੀ ਸਥਿਤੀ ਵਿੱਚ ਮੋਬਾਈਲ ਪਹਿਲਾਂ ਤੁਹਾਡੇ ਤੋਂ ਬਲੂ-ਟੁੱਥ ‘ਆਨ’ ਕਰਨ ਦੀ ਪ੍ਰਵਾਨਗੀ ਲਵੇਗਾ। ਇੱਥੋਂ ‘ਯੈੱਸ’ ’ਤੇ ਟੱਚ ਕਰ ਦਿਓ। ਬਲੂ-ਟੁੱਥ ‘ਆਨ’ ਹੋਣ ਉਪਰੰਤ ਬਲੂ-ਟੁੱਥ ਦੀ ਰੇਂਜ ’ਚ ਆਉਂਦੇ ਫੋਨਾਂ ਦੇ ਨਾਂ ਨਜ਼ਰ ਆਉਣਗੇ। ਇੱਥੋਂ ਲੋੜੀਂਦੇ ਫੋਨ ਦੇ ਨਾਂ ਦੀ ਚੋਣ ਕਰੋ। ਪ੍ਰਕਿਰਿਆ ਪੂਰੀ ਕਰਨ ਲਈ ਢੁਕਵੇਂ ਵਿਕਲਪਾਂ ਦੀ ਚੋਣ ਕਰਦੇ ਜਾਓ।
ਈ-ਮੇਲ (ਯਾਹੂ ਜਾਂ ਜੀ-ਮੇਲ) ਰਾਹੀਂ ਭੇਜਣ ਲਈ ਢੁਕਵਾਂ ਵਿਕਲਪ ਚੁਣੋ। ਚੁਣੀ ਗਈ ਐਪ ਮੇਲ ਸੰਦੇਸ਼ ਨਾਲ ਨੱਥੀ (ਅਟੈਚ) ਹੋ ਜਾਵੇਗੀ ਹੁਣ ਦੂਜੇ ਫੋਨ ’ਤੇ ਈ-ਮੇਲ ਪ੍ਰੋਗਰਾਮ ਖੋਲ੍ਹੋ ਅਤੇ ਭੇਜੀ ਗਈ ਐਪ ਡਾਊਨਲੋਡ ਕਰ ਲਓ।
ਐਪ ਨੂੰ ਐੱਸਡੀ ਕਾਰਡ ਵਿੱਚ ਸੇਵ ਕਰਨਾ
ਐਪ ਨੂੰ ਆਪਣੇ ਮੋਬਾਈਲ ਦੇ ਅੰਦਰੂਨੀ ਐੱਸਡੀ ਕਾਰਡ ਵਿੱਚ ਸੇਵ ਕਰਨ ਲਈ ਹੇਠਾਂ ਦਿੱਤੇ ਪੜ੍ਹਾਅ ਵਰਤੋ:
* ਏਪੀਕੇ ਐਕਸਟ੍ਰੈਕਟਰ ਪ੍ਰੋਗਰਾਮ ਚਾਲੂ ਕਰੋ।
* ਐਪਸ ਦੀ ਸੂਚੀ ਵਿੱਚੋਂ ਲੋੜੀਂਦੀ ਐਪ ਨੂੰ ਲੰਮੇ ਸਮੇਂ ਲਈ ਟੱਚ ਕਰਕੇ ਰੱਖੋ।
* ਐਕਸਟ੍ਰੈਕਟ ਏਪੀਕੇ (Extract APK) ਦੀ ਚੋਣ ਕਰੋ।
* ਐਪ ਅੰਦਰੂਨੀ ਐੱਸਡੀ ਕਾਰਡ ਐਪ ਮੈਨੇਜਰ ਵਾਲੇ ਫੋਲਡਰ ਵਿੱਚ ਸੇਵ ਹੋ ਜਾਵੇਗੀ।
ਇਸ ਤਰ੍ਹਾਂ ਐਪਸ ਨੂੰ ਯੂਐੱਸਬੀ ਡਾਟਾ ਕੇਬਲ ਰਾਹੀਂ ਕੰਪਿਊਟਰ ਵਿੱਚ ਭੇਜ ਕੇ ਸੁਰੱਖਿਅਤ ਕੀਤਾ ਜਾ ਸਕਦਾ ਹੈ।
ConversionConversion EmoticonEmoticon