ਮੋਬਾਈਲ ਦੀ ਰਫ਼ਤਾਰ ਧੀਮੀ ਹੋਣ ’ਤੇ ਕੀ ਕੀਤਾ ਜਾਵੇ (20150116)

ਸਮਾਰਟ ਫੋਨ ਵਿੱਚ ਹੱਦੋਂ ਵੱਧ ਜਾਂ ਬੇਲੋੜੀਆਂ ਐਪਸ ਪਾਉਣ ਨਾਲ ਇਹ ਸੁਸਤ ਹੋ ਸਕਦਾ ਹੈ। ਮੋਬਾਈਲ  ਦੀ ਸੁਸਤੀ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ- ਰੈਮ (ਅੰਦਰੂਨੀ ਮੈਮਰੀ) ਦਾ ਘੱਟ ਹੋਣਾ, ਇੱਕੋ ਵੇਲੇ ਕਈ ਐਪਸ ਦਾ ਚਾਲੂ ਹੋਣਾ, ਪ੍ਰਭਾਵਸ਼ਾਲੀ ਚਲਦੇ-ਫਿਰਦੇ ਵਾਲ ਪੇਪਰ ਲਗਾਉਣਾ ਆਦਿ।
ਮੋਬਾਈਲ ਦੀ ਰਫ਼ਤਾਰ ਵਧਾਉਣ ਲਈ ਦਸ ਨੁਕਤੀ ਫਾਰਮੂਲਾ ਘੜਿਆ ਗਿਆ ਹੈ। ਇਸ ਫਾਰਮੂਲੇ ਨੂੰ ਅਪਣਾ ਕੇ ਆਪਣੇ ਮੋਬਾਈਲ ਨੂੰ ਚੁਸਤ ਦਰੁਸਤ ਤੇ ਤੇਜ਼ ਤਰਾਰ ਬਣਾਇਆ ਜਾ ਸਕਦਾ ਹੈ।
* ਜੇ ਤੁਹਾਡੇ ਮੋਬਾਈਲ ਵਿੱਚ ਐਂਡਰਾਇਡ ਦਾ ਪੁਰਾਣਾ ਸੰਸਕਰਨ ਹੈ ਤਾਂ ਇਸ ਨੂੰ ਅੱਪਡੇਟ ਕਰ ਲਓ।
* ਐਂਡਰਾਇਡ ਦੀ ਰਫ਼ਤਾਰ ਵਧਾਉਣ ਲਈ ਇਸ ਨੂੰ ਰੀਸੈੱਟ ਵੀ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਮੋਬਾਈਲ ਨੂੰ ਰੀਸੈੱਟ ਕਰਨ ਤੋਂ ਪਹਿਲਾਂ ਸੰਪਰਕ ਨੰਬਰ, ਜ਼ਰੂਰੀ ਸੂਚਨਾਵਾਂ, ਬ੍ਰਾਊਜ਼ਰ ਪਾਸਵਰਡ ਆਦਿ ਨੂੰ ਸੁਰੱਖਿਅਤ ਕਰ ਲਓ।
* ਅੰਦਰੂਨੀ ਐੱਸਡੀ ਕਾਰਡ ਦੀ ਮੈਮਰੀ ਸਪੇਸ ਦਾ ਜਾਇਜ਼ਾ ਲਓ। ਜੇ ਇਹ ਘੱਟ ਹੈ ਤਾਂ ਤਸਵੀਰਾਂ, ਆਡੀਓ ਅਤੇ ਵੀਡੀਓ ਆਦਿ ਫਾਈਲਾਂ ਨੂੰ ਬਾਹਰੀ ਐੱਸਡੀ ਕਾਰਡ ਵਿੱਚ ਪਾ ਦਿਓ।
* ਸਿਰਫ਼ ਕੰਮ ਦੀਆਂ ਐਪਸ ਹੀ ਵਰਤੋ। ਫ਼ਾਲਤੂ ਐਪਸ ਨੂੰ ਹਟਾ ਦਿਓ।
* ਕਈ ਵਾਰ ਮੋਬਾਈਲ ’ਤੇ ਕਈ ਐਪਸ ਆਪਣੇ-ਆਪ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਨਾਲ ਪ੍ਰੋਸੈੱਸਰ ਦਾ ਕੰਮ ਵੰਡਿਆ ਜਾਂਦਾ ਹੈ ਤੇ ਇਹ ਸੁਸਤ ਹੋ ਜਾਂਦਾ ਹੈ। ਪਰਦੇ ਪਿੱਛੇ ਚੱਲਣ ਵਾਲੀਆਂ ਐਪਸ ਨੂੰ ਬੰਦ ਕਰਨ ਲਈ ਸੈਟਿੰਗਜ਼, ਐਪਸ, ਐਪ ਦੀ ਚੋਣ, ਫੋਰਸ ਸਟੋਪ ਰਸਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਂਜ ਮੈਮਰੀ ਸਪੇਸ ਨੂੰ ਮੁਕਤ ਕਰਨ ਲਈ ‘ਆਟੋ ਟਾਸਕ ਕਿੱਲਰ’ ਵਰਗੇ ਕਈ ਤੀਜੀ ਧਿਰ ਦੇ ਪ੍ਰੋਗਰਾਮ ਵੀ ਮੌਜੂਦ ਹਨ।
* ਕਈ ਵਾਰ ਕੋਈ ਨਵੀਂ ਐਪ ਮੋਬਾਈਲ ਵਿੱਚ ਯੋਗ ਤਰੀਕੇ ਨਾਲ ਇੰਸਟਾਲ ਨਹੀਂ ਹੁੰਦੀ ਜਾਂ ਫਿਰ ਚੱਲਣ ਸਮੇਂ ਮੁਸ਼ਕਲ ਪੇਸ਼ ਕਰਦੀ ਹੈ। ਇਨ੍ਹਾਂ ਦੋਹਾਂ ਸਥਿਤੀਆਂ ’ਚ ਮੋਬਾਈਲ ਦੀ ਰਫ਼ਤਾਰ ਘੱਟ ਸਕਦੀ ਹੈ। ਇਸ ਤੋਂ ਟਾਲਾ ਵੱਟਣ ਦਾ ਇੱਕ ਨੁਕਤਾ ਹੈ ਕਿ ਫੋਨ ਨੂੰ ਮੁੜ ਚਾਲੂ (ਰੀਸਟਾਰਟ) ਕਰ ਲਓ।
* ‘ਰੂਟਿੰਗ’ ਹਾਲਾਂ ਕਿ ਬਿਪਤਾ ਪੂਰਨ ਪ੍ਰਕਿਰਿਆ ਹੈ ਪਰ ਇਸ ਨਾਲ ਮੋਬਾਈਲ ਦੇ ਪ੍ਰੋਸੈੱਸਰ ਦੀ ਰਫ਼ਤਾਰ ਵਧਾ ਕੇ ਇਸ ਦੀ ਸੁਸਤੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਪ੍ਰਕਿਰਿਆ ਕਾਹਲੀ ਵਿੱਚ ਜਾਂ ਪੋਲੇ ਪੈਰੀਂ ਨਹੀਂ ਅਪਣਾਉਣੀ ਚਾਹੀਦੀ। ਮੋਬਾਈਲ  ਨੂੰ ‘ਸੂਤ’ ਕਰਨ ਦਾ ਇਹ ਅੰਤਲਾ ਹਥਿਆਰ ਹੈ।
* ਕਈ ਲੋਕ ਆਪਣੇ ਮੋਬਾਈਲ  ਦੀ ਸਕਰੀਨ ’ਤੇ ਕਲਾਕ, ਗੂਗਲ ਸਰਚ ਅਤੇ ਮਿਊਜ਼ਿਕ ਪਲੇਅਰ ਆਦਿ ਦੇ ਵੀਜੇਟਸ (Widgets) ਫਬਾ ਲੈਂਦੇ ਹਨ। ਘੁੰਮਦੇ ਫਿਰਦੇ ਵਾਲਪੇਪਰ ਜਾਂ ਹੋਮ ਸਕਰੀਨ ਲਾਉਣ ਨਾਲ ਵੀ ਗੜਬੜ ਹੋ ਸਕਦੀ ਹੈ। ਇਸ ਲਈ ਵੀਜੇਟਸ ਅਤੇ ਵਾਲਪੇਪਰਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜੇ ਵਾਲਪੇਪਰ ਲਗਾਉਣਾ ਵੀ ਹੋਵੇ ਤਾਂ ਸਥਿਰ (Static) ਵਾਲਪੇਪਰ ਹੀ ਵਰਤੋ।
* ਮੋਬਾਈਲ ਦੀ ਵਿਸ਼ੇਸ਼ ਕਿਸਮ ਦੀ ਕੈਸ਼ ਮੈਮਰੀ ਨੂੰ ਸਾਫ਼-ਸੁਥਰਾ ਅਤੇ ਨਿਰੋਗ ਬਣਾਉਣ ਲਈ ‘ਕਲੀਨਰ’ ਅਤੇ ‘ਡੀਫਰੈਗਮੈਂਟਰ’ ਵਰਤੇ ਜਾ ਸਕਦੇ ਹਨ। ਇਸ ਉਦੇਸ਼ ਲਈ ਤੀਜੀ ਧਿਰ ਦੇ ਵਨ ਟੈਪ ਕਲੀਨਰ ਅਤੇ ਟੋਟਲ ਡੀਫਰੈਗ ਆਦਿ ਐਪਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
* ਘੱਟ ਜਾਂ ਕਦੇ-ਕਦਾਈਂ ਵਰਤੀਆਂ ਜਾਣ ਵਾਲੀਆਂ ਐਪਸ ਦੀ ਜਗ੍ਹਾ ਬਦਲਣ ਨਾਲ ਮੋਬਾਈਲ ਦੀ ਰਫ਼ਤਾਰ ਵੱਧ ਜਾਂਦੀ ਹੈ। ਅਜਿਹੀਆਂ ਐਪਸ ਨੂੰ ਮੋਬਾਈਲ ਮੈਮਰੀ ਤੋਂ ਅੰਦਰੂਨੀ ਐੱਸਡੀ ਕਾਰਡ ਵਿੱਚ ਘੱਲਿਆ ਜਾ ਸਕਦਾ ਹੈ। ਇਸ ਮੰਤਵ ਲਈ ਸੈਟਿੰਗਜ਼ ਵਿੱਚੋਂ ਐਪਸ ਦੀ ਚੋਣ ਕਰੋ। ਲੋੜੀਂਦੀ ਐਪ ਚੁਣ ਕੇ ‘ਮੂਵ ਟੂ ਇੰਟਰਨਲ ਐੱਸਡੀ ਕਾਰਡ’ ’ਤੇ ਟੱਚ ਕਰੋ।

Previous
Next Post »