14-08-2015
ਮੋਬਾਈਲ ਦੀ ਵੱਧ ਵਰਤੋਂ ਦਾ ਬੱਚਿਆਂ 'ਤੇ ਮਾੜਾ ਅਸਰ ਹੋ ਸਕਦਾ ਹੈ। ਖੋਜਾਂ ਅਨੁਸਾਰ ਮੋਬਾਈਲ ਦੀ ਵਰਤੋਂ ਕਰਨ ਵਾਲੇ ਬੱਚਿਆਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਮੋਬਾਈਲ ਦੀ ਵੱਧ ਵਰਤੋਂ ਕਰਨ ਵਾਲੇ ਬੱਚੇ ਸਮਾਜਿਕ ਗਤੀਵਿਧੀਆਂ ਅਤੇ ਖ਼ਾਸ ਕਰਕੇ ਇਕੱਠੇ ਖੇਡਣ ਦੀ ਭਾਵਨਾ ਤੋਂ ਵਾਂਝੇ ਰਹਿ ਜਾਂਦੇ ਹਨ। ਮੋਬਾਈਲ ਦੀਆਂ ਖੇਡਾਂ ਦਾ ਬੱਚੇ ਦੇ ਮਨ 'ਤੇ ਡੂੰਘਾ ਅਸਰ ਹੁੰਦਾ ਹੈ। ਬੱਚੇ ਆਪਣੀ ਅਮਲੀ ਜ਼ਿੰਦਗੀ ਵਿਚ ਭੁੱਲ ਜਾਂਦੇ ਹਨ ਕਿ ਉਨ੍ਹਾਂ ਕਿਹੜੇ ਸਮੇਂ ਕਿਸ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ। ਅਜਿਹੇ ਬੱਚੇ ਹੋਰਨਾਂ ਨਾਲੋਂ ਵੱਖਰੇ ਮਹਿਸੂਸ ਕਰਦੇ ਹਨ।
ਸਚਿਤਰ ਖੇਡਾਂ (Video Games) ਵਿਚ ਚੀਕ-ਚਿਹਾੜੇ ਅਤੇ ਅਪਰਾਧਾਂ ਵਾਲੇ ਦ੍ਰਿਸ਼ ਵੇਖ ਕੇ ਬੱਚੇ ਦੀ ਸੰਵੇਦਨਸ਼ੀਲਤਾ ਖ਼ਤਮ ਹੋ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਅਸਲ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਦਾ ਬੱਚੇ 'ਤੇ ਕੋਈ ਅਸਰ ਨਹੀਂ ਹੁੰਦਾ। ਸਗੋਂ ਅਜਿਹੀ ਸਥਿਤੀ ਸਮੇਂ ਬੱਚੇ ਹੱਸਦੇ ਹਨ ਤੇ ਬੇਪ੍ਰਵਾਹ ਹੋ ਜਾਂਦੇ ਹਨ।
ਮੋਬਾਈਲ 'ਤੇ ਟਾਈਪ ਕਰਨ ਜਾਂ ਚਿਤਰਕਾਰੀ ਕਰਦੇ ਸਮੇਂ ਤਕਨੀਕੀ ਵਿਵਸਥਾ ਕਾਰਨ ਹਾਸ਼ੀਏ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ। ਵੱਖ-ਵੱਖ ਖੋਜਾਂ ਤੋਂ ਸਾਬਤ ਹੋਇਆ ਹੈ ਕਿ ਜਿਹੜੇ ਬੱਚੇ ਮੋਬਾਈਲ 'ਤੇ ਸਨੇਹਾ ਟਾਈਪ ਕਰਨ ਜਾਂ ਚਿਤਰਕਾਰੀ ਆਦਿ ਕਰਨ ਦਾ ਵੱਧ ਕੰਮ ਕਰਦੇ ਹਨ ਉਹ ਅਕਸਰ ਉਤਾਰਾ-ਪੁਸਤਕ (Note Book) ਦੇ ਹਾਸ਼ੀਏ ਤੋਂ ਬਾਹਰ ਲਿਖਦੇ ਹਨ। ਚਿਤਰਕਾਰੀ ਕਰਨ ਸਮੇਂ ਵੀ ਉਹ ਲਕੀਰ ਤੋਂ ਬਾਹਰ ਰੰਗ ਭਰਦੇ ਹਨ। ਮੋਬਾਈਲ ਵਿਚ ਹਾਸ਼ੀਏ 'ਤੇ ਪੂਰਨ ਨਿਯੰਤਰਣ ਤਕਨੀਕੀ ਤੌਰ 'ਤੇ ਆਪਣੇ-ਆਪ ਹੋ ਜਾਂਦਾ ਹੈ ਪਰ ਅਸਲ ਜ਼ਿੰਦਗੀ ਵਿਚ ਉਹ ਭੁਲੇਖਾ ਖਾ ਬਹਿੰਦੇ ਹਨ।
ਮੋਬਾਈਲ ਫੋਨ ਦੀ ਵਰਤੋਂ ਨਾਲ ਬੱਚਿਆਂ ਦੀ ਸਿਹਤ 'ਤੇ ਪੈਣ ਵਾਲੇ ਮਾੜੇ ਅਸਰ ਬਾਰੇ ਪੂਰੀ ਦੁਨੀਆ ਚਿੰਤਤ ਹੈ। ਵੱਖ-ਵੱਖ ਅਧਿਐਨਾਂ ਅਤੇ ਸਰਵੇਖਣਾਂ ਰਾਹੀਂ ਛੋਟੇ ਬੱਚਿਆਂ ਉੱਤੇ ਮੋਬਾਈਲ ਦੇ ਬੁਰੇ ਪ੍ਰਭਾਵਾਂ ਦੀ ਪੁਸ਼ਟੀ ਕੀਤੀ ਗਈ ਹੈ।
ਅਮਰੀਕਾ ਅਤੇ ਡੈਨਮਾਰਕ ਦੇ ਖੋਜਕਾਰਾਂ ਨੇ 13 ਹਜ਼ਾਰ ਤੋਂ ਵੱਧ ਬੱਚਿਆਂ 'ਤੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਜੇਕਰ ਗਰਭਵਤੀ ਔਰਤਾਂ ਮੋਬਾਈਲ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ ਦੇ ਬੱਚਿਆਂ 'ਤੇ ਵੀ ਇਸ ਦਾ ਬੁਰਾ ਅਸਰ ਪੈ ਸਕਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਗਰਭ ਸਮੇਂ ਮੋਬਾਈਲ ਵਰਤਣ ਵਾਲੀਆਂ ਮਾਵਾਂ ਦੇ ਬੱਚਿਆਂ ਦੇ ਹਾਵ-ਭਾਵ, ਵਿਵਹਾਰ, ਰਿਸ਼ਤੇ ਅਤੇ ਭਾਵਨਾਵਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਇਸ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਜਿਹੜੇ ਬੱਚੇ 7 ਵਰ੍ਹੇ ਦੀ ਉਮਰ ਤੋਂ ਪਹਿਲਾਂ ਹੀ ਮੋਬਾਈਲ ਵਰਤਣਾ ਸ਼ੁਰੂ ਕਰ ਦਿੰਦੇ ਹਨ ਉਨ੍ਹਾਂ 'ਚ ਇਹ ਖ਼ਤਰੇ ਹੋਰ ਤੇਜ਼ੀ ਨਾਲ ਵਧ ਸਕਦੇ ਹਨ।
ਕਈ ਬੱਚੇ ਲੰਬੇ ਸਮੇਂ ਤੱਕ ਮੋਬਾਈਲ 'ਤੇ ਖੇਡਾਂ ਖੇਡਦੇ ਰਹਿੰਦੇ ਹਨ। ਉਹ ਖੇਡ ਮੈਦਾਨ 'ਚ ਖੇਡਣ ਤੋਂ ਕੰਨੀ ਕਤਰਾਉਂਦੇ ਹਨ। ਮੋਬਾਈਲ ਚਲਾਉਂਦੇ ਸਮੇਂ ਉਹ ਨਾਲ-ਨਾਲ ਕੁੱਝ ਖਾਂਦੇ ਰਹਿੰਦੇ ਹਨ। ਅਜਿਹਾ ਕਰਨ ਨਾਲ ਉਹ ਮੋਟੇ ਹੋ ਜਾਂਦੇ ਹਨ। ਛੋਟੀ ਉਮਰੇ ਭਾਰ ਦਾ ਵਧਣਾ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਉਨ੍ਹਾਂ ਵਿਚ ਰੋਗਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਘਟ ਜਾਂਦੀ ਹੈ।
ਮਾਪਿਆਂ ਨੂੰ ਚਾਹੀਦਾ ਹੈ ਕਿ 5 ਵਰ੍ਹੇ ਤੋਂ ਘੱਟ ਉਮਰ ਦੇ ਬੱਚੇ ਨੂੰ ਮੋਬਾਈਲ ਨਾ ਵਰਤਣ ਦੇਣ। ਮੋਬਾਈਲ ਦੀ ਵਧੇਰੇ ਵਰਤੋਂ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਦੀ ਵਰਤੋਂ ਦੀ ਸਮਾਂ-ਸੀਮਾ ਤਹਿ ਕਰ ਦੇਣੀ ਚਾਹੀਦੀ ਹੈ। ਮਾਰ-ਕੁਟਾਈ ਅਤੇ ਚੀਕ-ਚਿਹਾੜੇ ਵਾਲੀਆਂ ਸਚਿਤਰ-ਖੇਡਾਂ ਦੀ ਥਾਂ 'ਤੇ ਸਿੱਖਿਆਰੰਜਨ (ਸਿੱਖਿਆਂ ਅਤੇ ਮਨੋਰੰਜਨ ਦੇ ਮੇਲ) ਵਾਲੀਆਂ ਖੇਡਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਪਣੇ ਲਾਡਲੇ ਦੇ ਹੱਥ ਵਿਚ ਮੋਬਾਈਲ ਫੜਾਉਣ ਦੀ ਥਾਂ 'ਤੇ ਉਨ੍ਹਾਂ ਨੂੰ ਬਗੀਚੇ ਜਾਂ ਖੇਡ ਮੈਦਾਨ 'ਚ ਭੇਜਣਾ ਚਾਹੀਦਾ ਹੈ ਤੇ ਕ੍ਰਿਆਤਮਕ ਪੁਸਤਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੀਟਾਣੂਆਂ ਨੂੰ ਫੈਲਾਉਣ ਦਾ ਮਾਧਿਅਮ ਮੋਬਾਈਲ
ਮੋਬਾਈਲ ਫੋਨ ਕੀਟਾਣੂਆਂ ਨੂੰ ਫੈਲਾਉਣ ਦਾ ਇੱਕ ਵੱਡਾ ਮਾਧਿਅਮ ਹੈ। ਇਸ ਗੱਲ ਦਾ ਖ਼ੁਲਾਸਾ 'ਲੰਦਨ ਸਕੂਲ ਆਫ਼ ਹਾਈਜੀਨ ਐਂਡ ਟ੍ਰੌਪੀਕਲ ਮੈਡੀਸਨ' ਦੀ ਇੱਕ ਖੋਜ ਤਹਿਤ ਹੋਇਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮੋਬਾਈਲ ਫੋਨ ਕੀਟਾਣੂਆਂ ਦੇ ਵਧਣ-ਫੁਲਣ ਲਈ ਯੋਗ ਵਾਤਾਵਰਣ ਸਿਰਜਦੇ ਹਨ। ਇਸ ਮਾਹੌਲ ਵਿਚ ਕਈ ਸੂਖਮ ਜੀਵ ਪਨਪਦੇ ਹਨ ਤੇ ਇਹ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਖੋਜ ਦਲ ਵੱਲੋਂ 12 ਸ਼ਹਿਰਾਂ ਦੇ 390 ਲੋਕਾਂ ਦੇ ਮੋਬਾਈਲਾਂ ਨੂੰ ਇਕੱਠਾ ਕੀਤਾ ਗਿਆ। ਖੋਜ ਦੌਰਾਨ ਤੀਜਾ ਹਿੱਸਾ ਫੋਨਾਂ 'ਚ ਮੂੰਹ, ਨੱਕ ਅਤੇ ਚਮੜੀ 'ਚ ਪਾਏ ਜਾਣ ਵਾਲੇ ਕੀਟਾਣੂਆਂ ਨੂੰ ਵੇਖਿਆ ਗਿਆ। ਖੋਜ ਦੀ ਰਿਪੋਰਟ ਮੁਤਾਬਿਕ 92% ਫੋਨ ਅਜਿਹੇ ਹਨ ਜੋ ਈ-ਕੋਲਾਈ ਅਤੇ ਐੱਮਆਰਐੱਸਏ ਵਰਗੇ ਜੀਵਾਣੂਆਂ ਦੀ ਗ੍ਰਿਫ਼ਤ 'ਚ ਹਨ। ਕਈ ਮੋਬਾਈਲ ਫੋਨਾਂ 'ਚ 1000 ਤੋਂ ਵੱਧ ਕੀਟਾਣੂਆਂ ਨੂੰ ਦੇਖਿਆ ਗਿਆ ਹੈ। ਭਾਵੇਂ ਇਹ ਸਾਰੇ ਕੀਟਾਣੂ ਖ਼ਤਰਨਾਕ ਨਹੀਂ ਹਨ ਪਰ ਫੇਰ ਵੀ ਹਰੇਕ ਸੱਤਵਾਂ ਫੋਨ ਈ-ਕੋਲਾਈ ਨਾਂ ਦੇ ਮਾਰੂ ਕੀਟਾਣੂ ਨਾਲ ਗ੍ਰਸਤ ਹੈ। ਖੋਜ ਤੋਂ ਨਤੀਜਾ ਨਿਕਲਦਾ ਹੈ ਕਿ ਅਜੇ ਵੀ ਕਈ ਲੋਕ ਹੱਥਾਂ ਦੀ ਸਫਾਈ ਨਾ ਕਰਨ ਨਾਲ ਫੈਲਣ ਵਾਲੇ ਘਾਤਕ ਕੀਟਾਣੂਆਂ ਦੇ ਪ੍ਰਭਾਵ ਬਾਰੇ ਜਾਗਰੂਕ ਨਹੀਂ।
ਤਕਨੀਕੀ ਸ਼ਬਦਾਵਲੀ
ਉੱਨਤ-ਸੰਸਕਰਣ: Updated Version (ਅੱਪਡੇਟਡ ਵਰਜ਼ਨ)
ਉੱਨਤ-ਕਰਨਾ: Upgrade (ਅੱਪਗ੍ਰੇਡ), Update (ਅਪਡੇਟ)
ਊਰਜਾਉਣਾ: Charge (ਚਾਰਜ)
ਊਰਜਾਊ-ਜੰਤਰ: Charger (ਚਾਰਜਰ)
ਊਰਜਾ-ਜੰਤਰ: Battrey (ਬੈਟਰੀ)
ਅਸੀਮ-ਅੰਕੜਾ-ਯੋਜਨਾ: Unlimited Data Plan (ਅਨਲਿਮਟਿਡ ਡਾਟਾ ਪਲਾਨ)
ਅਹਿੱਲ: Static (ਸਟੈਟਿਕ)
ਅਕਸੀਕਰਣ: Type (ਟਾਈਪ)
ਅੰਕਕਾਰੀ: Numbering (ਨੰਬਰਿੰਗ)
ਅੰਕੜਾ: Data (ਡਾਟਾ)
ਅੰਕੜਾ-ਆਧਾਰ: Database (ਡਾਟਾਬੇਸ)
ਅੰਕੜਾਸ਼ਾਲਾ: Database (ਡਾਟਾਬੇਸ)
ConversionConversion EmoticonEmoticon