ਭਾਰਤ ਸਰਕਾਰ ਨੇ ਕੰਪਿਊਟਰ ਸਿੱਖਣ ਵਾਲਿਆਂ ਲਈ ਇਕ ਨਵੀ ਯੋਜਨਾ ਤਿਆਰ ਕੀਤੀ ਹੈ | ਇਸ ਯੋਜਨਾ ਤਹਿਤ ਹੁਣ ਕੰਪਿਊਟਰ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਅਧਿਆਪਕ ਦੀ ਲੋੜ ਨਹੀਂ ਪਵੇਗੀ | ਆਈ.ਸੀ.ਟੀ. ਐੱਮ.ਐੱਚ.ਆਰ.ਡੀ. ਵੱਲੋਂ 'ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੁੰਬਈ' ਦੀ ਮਦਦ ਨਾਲ ਪੂਰੇ ਮੁਲਕ ਦੀਆਂ ਯੂਨੀਵਰਸਿਟੀਆਂ ਨੂੰ ਇਕ ਸਾਫ਼ਟਵੇਅਰ ਨਾਲ ਜੋੜਿਆ ਜਾਵੇਗਾ | ਇਸ ਆਨ-ਲਾਈਨ ਸਾਫ਼ਟਵੇਅਰ ਨੂੰ ਵੈੱਬਸਾਈਟ www.spoken-tutorial.org ਤੋਂ ਵਰਤ ਕੇ ਵਿਦਿਆਰਥੀ ਕਿਸੇ ਸਾਫ਼ਟਵੇਅਰ, ਪ੍ਰੋਗਰਾਮਿੰਗ ਭਾਸ਼ਾ ਆਦਿ ਬਾਰੇ ਵੀਡੀਓ ਟਟੋਰੀਅਲ ਵੇਖ ਸਕਦੇ ਹਨ | ਇਸ ਵੈੱਬਸਾਈਟ 'ਤੇ ਪੰਜਾਬੀ 'ਚ 200 ਤੋਂ ਵੱਧ ਵੀਡੀਓ ਪਾਠ ਉਪਲਬਧ ਹਨ |
ਸਟੇਟ ਬੈਂਕ ਆਫ਼ ਪਟਿਆਲਾ ਦੀ ਨਵੀਂ ਸੇਵਾ
ਅਜੋਕੇ ਸੂਚਨਾ ਤਕਨਾਲੋਜੀ ਦੇ ਦੌਰ 'ਚ ਬੈਂਕ ਆਪਣੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਸਮਾਰਟ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਪਿੱਛੇ ਜਿਹੇ ਸਟੇਟ ਬੈਂਕ ਆਫ਼ ਪਟਿਆਲਾ ਨੇ ਐੱਸ.ਬੀ.ਪੀ. ਕੁਇੱਕ, ਨਾਂਅ ਦੀ ਨਵੀਂ ਸੇਵਾ ਸ਼ੁਰੂ ਕੀਤੀ ਹੈ | ਇਸ ਸੇਵਾ ਰਾਹੀਂ ਗਾਹਕ ਕਿਸੇ ਹੰਗਾਮੀ ਹਾਲਤ ਵਿਚ ਬੈਂਕ ਨਾਲ ਸੰਪਰਕ ਕਰ ਸਕਦਾ ਹੈ, ਬਕਾਇਆ ਰਾਸ਼ੀ ਦਾ ਵੇਰਵਾ ਜਾਣ ਸਕਦਾ ਹੈ ਅਤੇ ਹੋਰਨਾਂ ਮਸਲਿਆਂ ਬਾਰੇ ਪੁੱਛ-ਗਿੱਛ ਕਰ ਸਕਦਾ ਹੈ |
ਇਸ ਸੇਵਾ ਰਾਹੀਂ ਸਟੇਟਮੈਂਟ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਲੋੜ ਪੈਣ 'ਤੇ ਏ.ਟੀ.ਐਮ. ਬਲੌਕ ਕਰਵਾਇਆ ਜਾ ਸਕਦਾ ਹੈ | ਇਸ ਸੇਵਾ ਲਈ ਪਹਿਲੀ ਵਾਰ ਰਜਿਸਟਰੇਸ਼ਨ ਕਰਵਾਉਣ ਦੀ ਲੋੜ ਪੈਂਦੀ ਹੈ | ਰਜਿਸਟਰ ਹੋਣ ਲਈ ਗਾਹਕ ਆਪਣੇ ਫੋਨ ਤੋਂ ਆਰ.ਈ.ਜੀ.ਐੱਸ.ਬੀ.ਪੀ. ਅਤੇ ਖਾਤਾ ਨੰਬਰ ਟਾਈਪ ਕਰਕੇ 09223488888 'ਤੇ ਭੇਜ ਸਕਦਾ ਹੈ | ਸਹਾਇਤਾ ਸਬੰਧੀ ਵੱਖ-ਵੱਖ ਵਿਕਲਪਾਂ ਬਾਰੇ ਜਾਣਕਾਰੀ ਲੈਣ ਲਈ ਹੈਲਪ ਲਿਖ ਕੇ ਫੋਨ ਨੰਬਰ 09223588888 'ਤੇ ਸੰਦੇਸ਼ ਭੇਜਿਆ ਜਾ ਸਕਦਾ ਹੈ | ਬਕਾਇਆ ਰਾਸ਼ੀ ਦਾ ਵੇਰਵਾ ਜਾਣਨ ਲਈ ਫੋਨ ਨੰਬਰ 09223766666 'ਤੇ ਮਿਸ ਕਾਲ ਮਾਰੀ ਜਾ ਸਕਦੀ ਹੈ ਜਾਂ ਫਿਰ 'ਬੀ.ਏ.ਐਲ.' ਲਿਖ ਕੇ ਸੰਦੇਸ਼ ਭੇਜਿਆ ਜਾ ਸਕਦਾ ਹੈ | ਇਸੇ ਤਰ੍ਹਾਂ 'ਐਮ.ਐਸ.ਟੀ.ਐਮ.ਟੀ.' ਲਿਖ ਕੇ ਸੰਦੇਸ਼ ਨੂੰ 09223866666 'ਤੇ 'ਐੱਸ.ਐੱਮ.ਐੱਸ.' ਕਰਨ ਜਾਂ ਮਿਸ ਕਾਲ ਕਰਨ ਨਾਲ ਪਿਛਲੀਆਂ 5 ਸਟੇਟਮੈਂਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਏਟੀਐਮ ਕਾਰਡ ਨੂੰ ਬਲੌਕ ਕਰਵਾਉਣ ਲਈ ਮੈਸੇਜ 'ਚ 'ਬਲੌਕ' ਲਿਖ ਕੇ ਵਿੱਥ ਛੱਡ ਕੇ ਤੇ ਫਿਰ ਆਪਣੇ ਏ.ਟੀ.ਐਮ. ਕਾਰਡ ਦੇ ਅਖੀਰਲੇ ਚਾਰ ਅੱਖਰ ਲਿਖ ਕੇ 567676 'ਤੇ ਐੱਸ.ਐੱਮ.ਐੱਸ. ਕੀਤਾ ਜਾ ਸਕਦਾ ਹੈ |
ਚੰਡੀਗੜ੍ਹ ਟ੍ਰੈਫਿਕ ਪੁਲਿਸ ਲਈ ਮਦਦਗਾਰ ਸਾਬਤ ਹੋਈ ਵਟਸਐਪ
ਪਿੱਛੇ ਜਿਹੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਪਣੇ ਫੋਨ ਨੰਬਰ 9779580985 'ਤੇ ਵੱਟਸਐਪ ਸੇਵਾ ਸ਼ੁਰੂ ਕੀਤੀ | ਇਸ ਨਿਵੇਕਲੀ ਸੇਵਾ ਦਾ ਮੁੱਖ ਮੰਤਵ ਆਮ ਨਾਗਰਿਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਿਆਉਣਾ ਹੈ | ਇਸ ਐਪ ਰਾਹੀਂ ਸ਼ਹਿਰ ਦੇ ਨਾਗਰਿਕ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਬਾਰੇ ਸੁਝਾਅ, ਭੀੜ-ਭੜੱਕੇ ਵਾਲੀ ਥਾਂ ਅਤੇ ਦੁਰਘਟਨਾ ਦੀ ਜਾਣਕਾਰੀ ਤਾਂ ਦੇ ਹੀ ਰਹੇ ਹਨ, ਨਾਲ ਸੜਕ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵਿਅਕਤੀ ਦੀ ਫੋਟੋ ਖਿੱਚ ਕੇ ਵੀ ਸਾਂਝੀ ਕਰ ਰਹੇ ਹਨ | ਵੱਟਸਐਪ ਦੀ ਇਹ ਸੇਵਾ ਚਾਲੂ ਕੀਤਿਆਂ ਹਾਲੇ ਥੋੜ੍ਹਾ ਵਕਤ ਹੀ ਹੋਇਆ ਹੈ ਕਿ ਇਸ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ |
ਪੁਲਿਸ ਦੁਆਰਾ ਨੰਬਰ ਜਾਰੀ ਕਰਨ ਤੋਂ ਕੁੱਝ ਹੀ ਦਿਨ ਬਾਅਦ ਤੋਂ ਸ਼ਿਕਾਇਤਾਂ ਦੀ ਲੰਬੀ ਸੂਚੀ ਪ੍ਰਾਪਤ ਹੋਣ ਲੱਗ ਪਈ ਹੈ | ਇਸ ਐਪ ਨਾਲ ਹੁਣ ਤੱਕ 2444 ਲੋਕ ਜੁੜ ਚੁੱਕੇ ਹਨ | ਇਸ ਐਪ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਜ਼ਾਰਾ ਲੋਕਾਂ ਦੀਆਂ ਫ਼ੋਟੋਆਂ ਅੱਪਲੋਡ ਕੀਤੀਆਂ ਜਾ ਚੁੱਕੀਆਂ ਹਨ | ਟ੍ਰੈਫਿਕ ਪੁਲਿਸ ਦੇ ਡੀ.ਐੱਸ.ਪੀ. ਅਨੁਸਾਰ ਨਿਯਮਾਂ ਦੀ ਉਲੰਘਣਾ ਦੇ 300 ਮਾਮਲਿਆਂ ਵਿਚ ਫੋਟੋਆਂ ਸਪਸ਼ਟ ਸੰਕੇਤ ਕਰਦੀਆਂ ਹਨ ਤੇ ਇਨ੍ਹਾਂ ਵਿਚੋਂ 154 ਲੋਕਾਂ ਨੂੰ ਚਲਾਨ ਵੀ ਭੇਜੇ ਜਾ ਚੁੱਕੇ ਹਨ | ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਿਆਉਣ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਨੂੰ ਯਕੀਨੀ ਬਣਾਉਣਾ ਪਵੇਗਾ |
-ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
www.cpkamboj.com
ConversionConversion EmoticonEmoticon