
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 27-12-2015
ਪਿੱਛੇ ਜਿਹੇ ਪੰਜਾਬ ਸਰਕਾਰ ਨੇ ਕਲਰਕਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਦੀਆਂ 614 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਵਿਚ ਕੰਪਿਊਟਰ 'ਤੇ ਟਾਈਪ ਟੈੱਸਟ ਦੇਣ ਵਾਲੇ ਉਮੀਦਵਾਰਾਂ ਲਈ ਸ਼ਰਤ ਲਗਾਈ ਗਈ ਹੈ ਕਿ ਉਹ ਸਿਰਫ਼ ਅਸੀਸ ਜਾਂ ਜੁਆਏ ਫੌਂਟ ਵਿਚ ਹੀ ਟੈੱਸਟ ਦੇ ਸਕਦੇ ਹਨ ਜਦਕਿ ਪੰਜਾਬੀ ਭਾਸ਼ਾ ਲਈ 500 ਰਵਾਇਤੀ ਅਤੇ ਕਰੀਬ ਇਕ ਦਰਜਨ ਯੂਨੀਕੋਡ ਆਧਾਰਤ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਕੁੱਝ ਫੌਂਟਾਂ ਵਿਚ ਪੰਜਾਬੀ (ਗੁਰਮੁਖੀ) ਦੇ ਅੱਖਰਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ 'ਤੇ ਪੈਂਦੇ ਹਨ। ਅਨਮੋਲ ਲਿਪੀ, ਅੰਮ੍ਰਿਤ ਲਿਪੀ, ਡੀਆਰ ਚਾਤ੍ਰਿਕ, ਸ੍ਰੀ ਅੰਗਦ, ਸ੍ਰੀ ਗ੍ਰੰਥ ਆਦਿ ਅਜਿਹੇ ਸ਼੍ਰੇਣੀ ਦੇ ਫੌਂਟ ਹਨ ਤੇ ਇਨ੍ਹਾਂ ਨੂੰ 'ਫੋਨੈਟਿਕ' ਫੌਂਟਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਬਣਾਏ ਗਏ ਸਨ ਜੋ ਪਹਿਲਾਂ ਟਾਈਪ ਮਸ਼ੀਨ 'ਤੇ ਕੰਮ ਨਹੀਂ ਕਰਦੇ ਸਨ, ਸਗੋਂ ਸਿਧਾ ਕੰਪਿਊਟਰ 'ਤੇ ਹੀ ਟਾਈਪਿੰਗ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਕੁੱਝ ਫੌਂਟ ਰਵਾਇਤੀ ਟਾਈਪਰਾਈਟਰ ਦੇ ਕੀ-ਬੋਰਡ ਨੂੰ ਆਧਾਰ ਬਣਾ ਕੇ ਤਿਆਰ ਕੀਤੇ ਗਏ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਹਨ ਜੋ ਪਹਿਲਾ ਟਾਈਪ ਵਾਲੀ ਮਸ਼ੀਨ 'ਤੇ ਕੰਮ ਕਰਦੇ ਸਨ। ਇਨ੍ਹਾਂ ਫੌਂਟਾਂ ਵਿਚੋਂ ਅਸੀਸ, ਗੁਰਮੁਖੀ, ਜੁਆਏ, ਪ੍ਰਾਈਮ ਜਾ ਆਦਿ ਪ੍ਰਮੁੱਖ ਹਨ। ਤੀਜੀ ਸ਼੍ਰੇਣੀ ਦੇ ਫੌਂਟ ਯੂਨੀਕੋਡ ਆਧਾਰਿਤ ਹਨ। ਇਨ੍ਹਾਂ ਨੂੰ ਭਾਰਤ ਸਰਕਾਰ ਸਮੇਤ ਮਾਈਕਰੋਸਾਫ਼ਟ, ਗੂਗਲ, ਐਪਲ ਸਮੇਤ ਭਾਰਤ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੇ ਸਮਰਥਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਹੀ ਅਜਿਹੀਆਂ ਨਿਯੁਕਤੀਆਂ ਲਈ ਅਸੀਸ ਫੌਂਟ 'ਚ ਟੈੱਸਟ ਦੀ ਮੰਗ ਕਰਦੀ ਆ ਰਹੀ ਹੈ। ਸਵਾਲ ਇਹ ਹੈ ਕਿ ਪੰਜਾਬੀ ਦੇ 500 ਫੌਂਟਾਂ ਅਤੇ ਯੂਨੀਕੋਡ (ਰਾਵੀ ਫੌਂਟ) ਨਾਂ ਦੀ ਮਿਆਰੀ ਪ੍ਰਣਾਲੀ ਦੇ ਹੋਂਦ 'ਚ ਆਉਣ ਦੇ ਬਾਵਜੂਦ ਵੀ ਸਬੰਧਿਤ ਸਰਕਾਰੀ ਵਿਭਾਗ ਸਿਰਫ਼ ਅਸੀਸ ਜਾਂ ਜੁਆਏ ਫੌਂਟ ਦੀ ਹੀ ਮੰਗ ਕਿਉਂ ਕਰ ਰਹੇ ਹਨ? ਕੀ ਅਜਿਹਾ ਕਰਨਾ ਗ਼ੈਰ ਅਸੀਸ ਅਰਥਾਤ ਅਨਮੋਲ ਲਿਪੀ, ਅੰਮ੍ਰਿਤ ਲਿਪੀ ਆਦਿ ਵਿਚ ਟਾਈਪ ਕਰਨ ਵਾਲੇ ਟਾਈਪਿਸਟਾਂ ਲਈ ਧੱਕਾ ਨਹੀਂ ਹੋਵੇਗਾ। ਟਾਈਪ ਟੈੱਸਟਾਂ ਦਾ ਮਨੋਰਥ ਉਮੀਦਵਾਰ ਦੀ ਟਾਈਪ ਕਰਨ ਦੀ ਰਫ਼ਤਾਰ ਟੈੱਸਟ ਕਰਨਾ ਹੁੰਦਾ ਹੈ ਨਾ ਕਿ ਉਸ ਨੂੰ ਕਿਸੇ ਇਕ ਜਾਂ ਦੋ ਫੌਂਟਾਂ ਦੀ ਬੰਦਿਸ਼ ਵਿਚ ਉਲਝਾਉਣਾ।
ਪੰਜਾਬ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹਿਲਾ ਅਤੇ ਇਕੋ-ਇਕ ਅਜਿਹਾ ਅਦਾਰਾ ਹੈ ਜਿੱਥੇ ਦਫ਼ਤਰੀ ਕੰਮ-ਕਾਜ ਸਿਰਫ਼ ਯੂਨੀਕੋਡ ਮਿਆਰੀ ਫੌਂਟਾਂ ਵਿਚ ਹੀ ਕੀਤਾ ਜਾਂਦਾ ਹੈ। ਇਸ ਸ਼੍ਰੇਣੀ ਦੇ ਫੌਂਟਾਂ ਵਿਚੋਂ ਰਾਵੀ, ਏਰੀਅਲ ਯੂਨੀਕੋਡ, ਅਨਮੋਲ ਯੂਨੀਬਾਣੀ, ਸਾਬ ਆਦਿ ਪ੍ਰਮੁੱਖ ਹਨ। ਆਮ ਵਰਤੋਂ ਵਾਲੇ ਕੰਪਿਊਟਰਾਂ ਅਤੇ ਜ਼ਿਆਦਾਤਰ ਫੋਨ ਹੈਂਡ ਸੈੱਟਾਂ ਵਿਚ ਰਾਵੀ ਫੌਂਟ ਪਹਿਲਾ ਹੀ ਉਪਲਭਧ ਹੁੰਦਾ ਹੈ। ਮਿਸਾਲ ਵਜੋਂ ਆਪਣੇ ਕੰਪਿਊਟਰ, ਲੈਪਟਾਪ, ਟੈਬਲੇਟ ਜਾਂ ਸਮਾਰਟ ਫੋਨ ਵਿਚ ਵਿੰਡੋਜ਼ ਇੰਸਟਾਲ ਕਰਨ ਉਪਰੰਤ ਮਾਇਕਰੋਸਾਫਟ ਵੱਲੋਂ ਤਿਆਰ ਕੀਤਾ ਰਾਵੀ ਫੌਂਟ ਆਪਣੇ ਆਪ ਹੀ ਕੰਪਿਊਟਰ ਵਿਚ ਚਲਾ ਜਾਂਦਾ ਹੈ। ਇਨ੍ਹਾਂ ਫੌਂਟਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਸਾਨੂੰ ਇਹ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਅਗਲੇ ਦੇ ਕੰਪਿਊਟਰ ਵਿਚ ਫੌਂਟ ਹੋਵੇਗਾ ਕਿ ਨਹੀਂ। ਪਹਿਲੀਆਂ ਦੋ ਸ਼੍ਰੇਣੀਆਂ ਦੇ ਫੌਂਟਾਂ ਵਿਚ ਟਾਈਪ ਕੀਤਾ ਮੈਟਰ ਦੂਜੇ ਕੰਪਿਊਟਰ ਵਿਚ ਖੋਲ੍ਹਣ ਉਪਰੰਤ ਬਦਲ ਸਕਦਾ ਹੈ। ਇੰਟਰਨੈੱਟ ਉੱਤੇ ਤਾਂ ਅਜਿਹੇ ਫੌਂਟਾਂ ਦਾ ਬਿਲਕੁਲ ਹੀ ਵਜੂਦ ਨਹੀਂ ਹੈ।
ਸਤਲੁਜ ਅਤੇ ਰਣਜੀਤ ਆਦਿ ਚੌਥੀ ਅਰਥਾਤ ਮੁਕਤ ਸ਼੍ਰੇਣੀ ਦੇ ਫੌਂਟ ਹਨ। ਇਨ੍ਹਾਂ ਫੌਂਟਾਂ ਦੀ ਵਰਤੋਂ ਪੰਜਾਬ ਦੇ ਅਖ਼ਬਾਰਾਂ ਅਤੇ ਕਿਤਾਬਾਂ ਦੇ ਪ੍ਰਕਾਸ਼ਕਾਂ ਵੱਲੋਂ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ। ਦੂਜੇ ਰਵਾਇਤੀ ਫੌਂਟਾਂ ਵਾਂਗ ਇਨ੍ਹਾਂ ਫੌਂਟਾਂ ਦੇ ਅੱਖਰ ਸਧਾਰਨ ਕੀ-ਬੋਰਡ ਦੇ ਕੋਡ-ਦਾਇਰੇ ਤੋਂ ਬਾਹਰ ਸ਼ੁਰੂ ਹੁੰਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਫੌਂਟਾਂ 'ਚ ਟਾਈਪ ਕਰਨ ਲਈ ਕੋਈ ਤੀਜੀ ਧਿਰ ਦਾ ਸਾਫ਼ਟਵੇਅਰ ਜਿਵੇਂ ਕਿ 'ਅੱਖਰ' ਵਰਡ ਪ੍ਰੋਸੈੱਸਰ, ਜੀ-ਲਿਪੀਕਾ ਆਦਿ ਜਾਂ ਡਾਊਂਗਲ ਦੀ ਲੋੜ ਪੈਂਦੀ ਹੈ।
ਹੁਣ ਗੱਲ ਕਰਦੇ ਹਾਂ ਕਿ ਉਕਤ ਫੌਂਟ ਸ਼੍ਰੇਣੀਆਂ ਵਿਚੋਂ ਕਿਹੜੀ ਸ਼੍ਰੇਣੀ ਦੇ ਕਿਹੜੇ ਫੌਂਟ ਨੂੰ ਵਰਤਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਯੂਨੀਕੋਡ ਫੌਂਟਾਂ ਦੀ ਕਾਢ ਇਕ ਅੰਤਰਰਾਸ਼ਟਰੀ ਸੰਘ ਨੇ ਸਾਲ 1991 ਵਿਚ ਕੱਢੀ। ਸਾਨੂੰ ਫ਼ਖਰ ਹੋਣਾ ਚਾਹੀਦਾ ਹੈ ਕਿ ਵਿਗਿਆਨੀਆਂ ਨੇ ਯੂਨੀਕੋਡ ਦੇ ਪਹਿਲੇ ਸੰਸਕਰਣ ਵਿਚ ਹੀ ਗੁਰਮੁਖੀ ਲਿਪੀ ਨੂੰ ਪਾ ਦਿੱਤਾ ਸੀ। ਪਰ ਅਸੀਂ 14 ਸਾਲ ਬਾਅਦ ਵੀ ਰਵਾਇਤੀ ਫੌਂਟਾਂ ਦੇ ਝੁਰਮਟ ਤੋਂ ਬਾਹਰ ਨਹੀਂ ਨਿਕਲ ਸਕੇ। ਯੂਨੀਕੋਡ ਦੇ ਬੇਸ਼ੁਮਾਰ ਫ਼ਾਇਦਿਆਂ ਨੂੰ ਵਿਸਥਾਰ ਨਾਲ ਪੜ੍ਹਨ ਲਈ ਪੰਜਾਬੀ ਕੰਪਿਊਟਰ ਡਾਟਕਾਮ ਵੈੱਬਸਾਈਟ ਨੂੰ ਲੌਗ-ਇਨ ਕੀਤਾ ਜਾ ਸਕਦਾ ਹੈ। ਸਾਡੀ ਸਰਕਾਰ ਜਾਂ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਭਾਰਤ ਸਰਕਾਰ ਦੁਆਰਾ ਫੌਂਟਾਂ ਅਤੇ ਕੀ-ਬੋਰਡਾਂ ਦੇ ਮਿਆਰੀਕਰਨ 'ਚ ਪਾਈਆਂ ਪਿਰਤਾਂ ਤੋਂ ਕਿਉਂ ਲਾਂਭੇ ਹੋ ਕੇ ਗੈਰ-ਮਿਆਰੀ ਫੌਂਟਾਂ ਵਿਚ ਆਮ ਲੋਕਾਂ ਨੂੰ ਉਲਝਾ ਰਹੇ ਹਨ।
ਜੇਕਰ ਸਰਕਾਰੀ ਅਫ਼ਸਰਾਂ ਨੂੰ ਯੂਨੀਕੋਡ ਪ੍ਰਣਾਲੀ ਬਾਰੇ ਜਾਣਕਾਰੀ ਦਾ ਅਭਾਵ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਕੀਤੇ ਸਰਵੇਖਣ ਦੇ ਨਤੀਜਿਆਂ 'ਤੇ ਹੀ ਸਰਸਰੀ ਝਾਤ ਮਾਰ ਲੈਂਦੇ, ਜਿਸ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਦੁਨੀਆਂ ਭਰ ਵਿਚੋਂ ਅਨਮੋਲ ਲਿਪੀ ਵਰਗੇ ਫੋਨੈਟਿਕ ਫੌਂਟਾਂ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਉਕਤ ਸਰਵੇਖਣ ਅਤੇ ਭਾਰਤ ਸਰਕਾਰ ਦੇ ਮਿਆਰੀਕਰਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਇਕ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਉਮੀਦਵਾਰ 'ਤੇ ਕਿਸੇ ਖ਼ਾਸ ਫੌਂਟ ਵਿਚ ਟੈੱਸਟ ਦੇਣ ਦੀ ਬੰਦਸ਼ ਨਾ ਲਗਾਈ ਜਾਵੇ। ਯੂਨੀਵਰਸਿਟੀ ਅੱਖਰ, ਅੰਮ੍ਰਿਤ ਬੋਲੀ, ਅੰਮ੍ਰਿਤ ਲਿਪੀ, ਅਸੀਸ, ਡੀਆਰ ਚਾਤ੍ਰਿਕ ਵੈੱਬ, ਗੁਰਮੁਖੀ ਲਿਪੀ-2, ਜੁਆਏ, ਪ੍ਰਾਈਮ ਜਾ ਆਦਿ ਕਰੀਬ ਇਕ ਦਰਜਨ ਫੌਂਟਾਂ ਵਿਚੋਂ ਕਿਸੇ ਵੀ ਫੌਂਟ ਵਿਚ ਟਾਈਪ ਟੈੱਸਟ ਦੇਣ ਦੀ ਖੁੱਲ੍ਹ ਦਿੰਦੀ ਹੈ।
ਪਿਛਲੇ ਵਰ੍ਹੇ ਯੂਨੀਵਰਸਿਟੀ ਨੇ ਪੰਜਾਬੀ ਕੰਪਿਊਟਰ ਖੋਜ ਕੇਂਦਰ ਵੱਲੋਂ ਟਾਈਪ ਟੈੱਸਟ ਲੈਣ ਅਤੇ ਉਸ ਦਾ ਆਪਣੇ-ਆਪ ਮੁਲਾਂਕਣ ਕਰਕੇ ਨਤੀਜਾ ਤਿਆਰ ਕਰਨ ਵਾਲਾ ਇਕ ਸਾਫ਼ਟਵੇਅਰ ਵੀ ਤਿਆਰ ਕੀਤਾ ਹੈ। ਜਿਸ ਵਿਚ ਉਮੀਦਵਾਰ ਨੂੰ ਫੌਂਟਾਂ ਦੀ ਬੰਦਿਸ਼ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਗਿਆ ਹੈ। ਉਮੀਦਵਾਰ ਕੋਈ ਵੀ ਫੌਂਟ ਵਰਤੇ, ਸਾਫ਼ਟਵੇਅਰ ਆਪਣੇ-ਆਪ ਉਸ ਨੂੰ ਯੂਨੀਕੋਡ ਮਿਆਰ ਵਾਲੇ ਫੌਂਟ ਵਿਚ ਤਬਦੀਲ ਕਰਦਾ ਜਾਂਦਾ ਹੈ।
ਇੰਟਰਨੈੱਟ 'ਤੇ 8-10 ਅਜਿਹੀਆਂ ਵੈੱਬਸਾਈਟਾਂ ਹਨ ਜੋ ਆਪਣਾ ਟਾਈਪ ਟੈੱਸਟ ਲੈਣ ਵਾਲੇ ਸਾਫ਼ਟਵੇਅਰ ਦੀ ਆਨ-ਲਾਈਨ ਵਿੱਕਰੀ ਕਰਦੀਆਂ ਹਨ। ਬੜੇ ਅਫ਼ਸੋਸ ਦੀ ਗੱਲ ਹੈ ਕਿ 'ਮੰਡੀ ਦੀ ਮੰਗ' ਨੂੰ ਧਿਆਨ 'ਚ ਰੱਖਦਿਆਂ, ਵੱਧ ਤੋਂ ਵੱਧ ਮੁਨਾਫ਼ਾ ਖੱਟਣ ਦੀ ਹੋੜ ਵਿਚ ਜ਼ਿਆਦਾਤਰ ਵੈੱਬਸਾਈਟਾਂ ਦੇ ਸਾਫ਼ਟਵੇਅਰ ਸਿਰਫ਼ ਅਸੀਸ ਫੌਂਟ 'ਤੇ ਆਧਾਰਿਤ ਹੀ ਹਨ।
ਉਪਰੋਕਤ ਵਿਚਾਰ ਚਰਚਾ ਤੋਂ ਸਪਸ਼ਟ ਹੈ ਕਿ ਸਿਰਫ਼ ਟਾਈਪ ਟੈੱਸਟ ਲਈ ਉਮੀਦਵਾਰਾਂ 'ਤੇ ਕਿਸੇ ਇਕ ਫੌਂਟ ਵਿਚ ਟੈੱਸਟ ਦੇਣ ਦੀ ਸ਼ਰਤ ਨਹੀਂ ਲਗਾਉਣੀ ਚਾਹੀਦੀ ਸਗੋਂ ਪੰਜਾਬੀ ਯੂਨੀਵਰਸਿਟੀ ਵਾਂਗ ਹਰੇਕ ਫੌਂਟ ਸ਼੍ਰੇਣੀ ਦੇ ਕੁੱਝ ਪ੍ਰਚਲਿਤ ਫੌਂਟਾਂ ਵਿਚ ਟੈੱਸਟ ਲੈੇਣ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਫੋਨੈਟਿਕ ਅਤੇ ਯੂਨੀਕੋਡ ਅਧਾਰ ਵਾਲੇ ਫੌਂਟਾਂ 'ਚ ਕੰਮ ਕਰਨ ਵਾਲੇ ਉਮੀਦਵਾਰਾਂ ਨਾਲ ਸਰਾਸਰ ਧੱਕਾ ਹੋਵੇਗਾ।
ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ 'ਤੇ ਪੈਂਦੇ ਹਨ। ਅਨਮੋਲ ਲਿਪੀ, ਅੰਮ੍ਰਿਤ ਲਿਪੀ, ਡੀਆਰ ਚਾਤ੍ਰਿਕ, ਸ੍ਰੀ ਅੰਗਦ, ਸ੍ਰੀ ਗ੍ਰੰਥ ਆਦਿ ਅਜਿਹੇ ਸ਼੍ਰੇਣੀ ਦੇ ਫੌਂਟ ਹਨ ਤੇ ਇਨ੍ਹਾਂ ਨੂੰ 'ਫੋਨੈਟਿਕ' ਫੌਂਟਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਬਣਾਏ ਗਏ ਸਨ ਜੋ ਪਹਿਲਾਂ ਟਾਈਪ ਮਸ਼ੀਨ 'ਤੇ ਕੰਮ ਨਹੀਂ ਕਰਦੇ ਸਨ, ਸਗੋਂ ਸਿਧਾ ਕੰਪਿਊਟਰ 'ਤੇ ਹੀ ਟਾਈਪਿੰਗ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਕੁੱਝ ਫੌਂਟ ਰਵਾਇਤੀ ਟਾਈਪਰਾਈਟਰ ਦੇ ਕੀ-ਬੋਰਡ ਨੂੰ ਆਧਾਰ ਬਣਾ ਕੇ ਤਿਆਰ ਕੀਤੇ ਗਏ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਹਨ ਜੋ ਪਹਿਲਾ ਟਾਈਪ ਵਾਲੀ ਮਸ਼ੀਨ 'ਤੇ ਕੰਮ ਕਰਦੇ ਸਨ। ਇਨ੍ਹਾਂ ਫੌਂਟਾਂ ਵਿਚੋਂ ਅਸੀਸ, ਗੁਰਮੁਖੀ, ਜੁਆਏ, ਪ੍ਰਾਈਮ ਜਾ ਆਦਿ ਪ੍ਰਮੁੱਖ ਹਨ। ਤੀਜੀ ਸ਼੍ਰੇਣੀ ਦੇ ਫੌਂਟ ਯੂਨੀਕੋਡ ਆਧਾਰਿਤ ਹਨ। ਇਨ੍ਹਾਂ ਨੂੰ ਭਾਰਤ ਸਰਕਾਰ ਸਮੇਤ ਮਾਈਕਰੋਸਾਫ਼ਟ, ਗੂਗਲ, ਐਪਲ ਸਮੇਤ ਭਾਰਤ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੇ ਸਮਰਥਨ ਦਿੱਤਾ ਹੈ।
* ਲੇਖਕ ਪੰਜਾਬੀ ਕੰਪਿਊਟਰ ਤੇ ਮੋਬਾਈਲ ਤਕਨਾਲੋਜੀ ਦੇ ਖੇਤਰ ਦਾ ਖੋਜਕਾਰ ਹੈ