ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 03-01-2016
ਪੰਜਾਬੀ ਯੂਨੀਵਰਸਿਟੀ ਨੇ ਤਿਆਰ ਕੀਤੇ ਕਈ ਅਹਿਮ ਸਾਫ਼ਟਵੇਅਰ
ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਇਕ ਧੁਰੇ ਵਜੋਂ ਜਾਣੀ ਜਾਂਦੀ ਪੰਜਾਬੀ ਯੂਨੀਵਰਸਿਟੀ ਨੇ ਪਿਛਲੇ ਵਰ੍ਹੇ ਕਈ ਮਹੱਤਵਪੂਰਨ ਸਾਫ਼ਟਵੇਅਰ ਤਿਆਰ ਕੀਤੇ ਹਨ। ਇਨ੍ਹਾਂ ਸਾਫਰਵੇਅਰਾਂ ਵਿਚੋਂ ਸਿੰਧੀ ਦੀਆਂ ਵੱਖ-ਵੱਖ ਲਿਪੀਆਂ ਨੂੰ ਲਿਪੀ ਅੰਤਰਣਕਰਨ ਸਾਫ਼ਟਵੇਅਰ, ਅੰਗਰੇਜ਼ੀ ਪੰਜਾਬੀ ਕੋਸ਼ ਸੀਡੀ, ਵੀਡੀਓ ਭਾਸ਼ਨਾਂ ਰਾਹੀਂ ਪੰਜਾਬੀ ਭਾਸ਼ਾ ਸਿਖਾਉਣ ਵਾਲੀ ਵੈੱਬਸਾਈਟ, ਸਪੈੱਲ ਚੈੱਕਰ ਅਤੇ ਪੰਜਾਬੀ ਦਾ ਪਾਰਟ ਆਫ਼ ਸਪੀਚ ਟੈਗਰ ਪ੍ਰਮੁੱਖ ਹਨ।
ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਵਿਖੇ ਲਿਪੀਅੰਤਰਣ ਅਤੇ ਅਨੁਵਾਦ ਲਈ ਕਈ ਸਾਫ਼ਟਵੇਅਰ ਤਿਆਰ ਕੀਤੇ ਗਏ ਹਨ। ਪਿਛਲੇ ਵਰ੍ਹੇ ਇਸ ਕੇਂਦਰ ਵੱਲੋਂ ਪਾਕਿਸਤਾਨ ਵਿਚ ਲਿਖੀ ਜਾਂਦੀ ਸਿੰਧੀ ਭਾਸ਼ਾ ਨੂੰ ਦੇਵਨਾਗਰੀ ਲਿਪੀ ਵਿਚ ਬਦਲਣ ਵਾਲਾ ਪ੍ਰੋਗਰਾਮ ਈਜਾਦ ਕੀਤਾ ਗਿਆ ਹੈ ਇਹ ਪ੍ਰੋਗਰਾਮ ਤਿਆਰ ਕਰਨ ਦਾ ਪ੍ਰੋਜੈਕਟ ਯੂਨੀਵਰਸਿਟੀ ਨੂੰ 2014 ਵਿਚ 24 ਏਸ਼ੀਆਈ ਮੁਲਕਾਂ ਦੇ 139 ਹਿੱਸੇਦਾਰਾਂ ਦੇ ਮੁਕਾਬਲੇ ਵਿਚੋਂ ਹਾਸਲ ਹੋਇਆ ਸੀ। ਹਿੰਦ-ਪਾਕਿ 'ਚ ਬੋਲੀਆਂ ਜਾਂਦੀਆਂ ਤਿੰਨ ਭਾਸ਼ਾਵਾਂ (ਪੰਜਾਬੀ, ਉਰਦੂ, ਸਿੰਧੀ) ਦੀਆਂ ਵਿਭਿੰਨ ਲਿਪੀਆਂ ਨੂੰ ਆਪਸ ਵਿਚ ਬਦਲਣ ਵਾਲਾ ਇਹ ਵਿਲੱਖਣ ਸਾਫ਼ਟਵੇਅਰ ਵੈੱਬਸਾਈਟ sangam.learnpunjabi.org ਉੱਤੇ ਉਪਲਬਧ ਹੈ। ਸਾਫ਼ਟਵੇਅਰ ਦੀ ਖ਼ਾਸੀਅਤ ਇਹ ਹੈ ਕਿ ਇਹ ਭਾਸ਼ਾ ਨੂੰ ਆਪਣੇ-ਆਪ ਪਛਾਣ ਕੇ ਉੱਚ ਗੁਣਵੱਤਾ ਵਾਲੇ ਨਤੀਜੇ ਮੁਹੱਈਆ ਕਰਵਾਉਂਦਾ ਹੈ। ਇਹ ਸਾਫ਼ਟਵੇਅਰ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਦੇਖ-ਰੇਖ ਹੇਠ ਡਾ. ਤੇਜਿੰਦਰ ਸਿੰਘ ਵੱਲੋਂ ਬਣਾਇਆ ਗਿਆ ਹੈ। ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਵਿਸ਼ਾਲ ਗੋਇਲ ਅਤੇ ਸ੍ਰੀ ਅਜੀਤ ਕੁਮਾਰ ਵੱਲੋਂ ਤਿਆਰ ਕੀਤਾ ਅੰਕੜਾ-ਵਿਗਿਆਨ ਆਧਾਰਿਤ ਤਕਨੀਕ ਵਾਲਾ ਹਿੰਦੀ-ਪੰਜਾਬੀ ਅਨੁਵਾਦ ਪ੍ਰੋਗਰਾਮ ਆਲ-ਲਾਈਨ ਕੀਤਾ ਗਿਆ, ਇਸ ਪ੍ਰੋਗਰਾਮ ਨੂੰ ਬਰਤਾਨੀਆ ਦੀ ਯੂਨੀਵਰਸਿਟੀ ਆਫ਼ ਐਡਿਨਬਰੈਗ ਨੇ ਆਪਣੇ ਸਰਵਰ 'ਤੇ ਪਾਉਣ ਲਈ ਮੁਫ਼ਤ ਸਪੇਸ ਮੁਹੱਈਆ ਕਰਵਾ ਕੇ ਪੰਜਾਬੀ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ।
ਪਿਛਲੇ ਸਾਲ ਡਾ. ਲਹਿਲ ਦੀ ਅਗਵਾਈ ਹੇਠ ਹੋਣਹਾਰ ਨੌਜਵਾਨ ਕੰਪਿਊਟਰ ਇੰਜੀਨੀਅਰ ਕੰਵਰਬੀਰ ਸਿੰਘ, ਅਰਸ਼ਦੀਪ ਕੌਰ ਅਤੇ ਅੰਕੁਰ ਰਾਣਾ ਨੇ ਪੰਜਾਬੀ ਦੀ ਸ਼ਾਹਮੁਖੀ ਲਿਪੀ ਲਈ ਦੁਨੀਆ ਦਾ ਸਭ ਤੋਂ ਪਹਿਲਾ ਸਪੈੱਲ ਚੈੱਕਰ ਤਿਆਰ ਕੀਤਾ। ਇਸ ਪ੍ਰੋਗਰਾਮ ਵਿਚ ਸਵਾ ਲੱਖ ਤੋਂ ਵੱਧ ਸ਼ਬਦਾਂ ਦਾ ਅੰਕੜਾ ਬੈਂਕ ਹੈ। ਡਾ. ਲਹਿਲ ਦੀ ਹੀ ਅਗਵਾਈ ਹੇਠ ਯੂਨੀਵਰਸਿਟੀ ਦੇ ਇਸ ਕੇਂਦਰ ਨੇ ਸਿਸਟਮ ਐਨਾਲਿਸਟ ਮਨਦੀਪ ਸਿੰਘ ਦੀ ਤਕਨੀਕੀ ਮਦਦ ਨਾਲ ਵੀਡੀਓ ਰਾਹੀਂ ਪੰਜਾਬੀ ਭਾਸ਼ਾ ਸਿੱਖਣ ਦੇ ਇਕ ਵੱਡੇ ਪ੍ਰੋਜੈਕਟ ਨੂੰ ਪੂਰਾ ਕੀਤਾ। ਇਸ ਪ੍ਰੋਜੈਕਟ ਤਹਿਤ ਡਾ. ਹਰਜੀਤ ਸਿੰਘ ਗਿੱਲ ਦੇ 21 ਵੀਡੀਓ ਭਾਸ਼ਨਾਂ ਨੂੰ ਨੈੱਟ 'ਤੇ ਚੜ੍ਹਾਇਆ ਗਿਆ ਹੈ ਜਿਨ੍ਹਾਂ ਨੂੰ ਵੈੱਬਸਾਈਟ pt.learnpunjabi.org ਤੋਂ ਵੇਖ ਕੇ ਘਰ ਬੈਠਿਆਂ ਪੰਜਾਬੀ ਭਾਸ਼ਾ ਦੇ ਹਰੇਕ ਪਹਿਲੂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਨ੍ਹਾਂ ਸਤਰਾਂ ਦੇ ਲੇਖਕ ਨੇ ਇੰਜੀਨੀਅਰ ਚਰਨਜੀਵ ਸਿੰਘ ਦੀ ਮਦਦ ਨਾਲ ਯੂਨੀਵਰਸਿਟੀ ਦੀ ਅੰਗਰੇਜ਼ੀ-ਪੰਜਾਬੀ ਸੀਡੀ ਦਾ ਨਵਾਂ ਸੰਸਕਰਨ ਤਿਆਰ ਕੀਤਾ ਗਿਆ। 37000 ਸ਼ਬਦਾਂ ਵਾਲੇ ਇਸ ਕੋਸ਼ ਵਿਚ ਪ੍ਰਚਲਿਤ ਕੰਪਿਊਟਰੀ ਅਤੇ ਹੋਰ ਤਕਨੀਕੀ ਸ਼ਬਦਾਵਲੀ ਉਪਲਬਧ ਹੈ। ਇਸ ਵਿਚ ਹਰੇਕ ਇੰਦਰਾਜ ਦੇ ਅਰਥਾਂ ਦੀਆਂ ਵੱਖ-ਵੱਖ ਵੰਨਗੀਆਂ, ਵਿਉਤਪਤ ਸ਼ਬਦਾਂ ਦੀ ਮੁੱਖ ਇੰਦਰਾਜ ਵਜੋਂ ਸ਼ਮੂਲੀਅਤ ਅਤੇ ਸਮਨਾਮੀ ਸ਼ਬਦਾਂ ਦੇ ਵੱਖ-ਵੱਖ ਇੰਦਰਾਜ ਸ਼ਾਮਿਲ ਹਨ। ਇਸ ਸੀਡੀ ਨੂੰ ਯੂਨੀਵਰਸਿਟੀ ਦੇ ਕਿਤਾਬ ਘਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਅਗਾਂਹਵਧੂ ਸੋਚ, ਪ੍ਰੋਜੈਕਟ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਦੀ ਸੁਯੋਗ ਅਗਵਾਈ, ਡਾ. ਰਾਜਵਿੰਦਰ ਸਿੰਘ, ਇੰਜ. ਚਰਨਜੀਵ ਸਿੰਘ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਦੀ ਮਿਹਨਤ ਸਦਕਾ 'ਪੰਜਾਬੀ ਪੀਡੀਆ' ਨਾਂ ਦਾ ਆਨ-ਲਾਈਨ ਵਿਸ਼ਵ-ਕੋਸ਼ ਬਣਾਉਣ ਦਾ ਕੰਮ ਕੁੱਝ ਵਰ੍ਹੇ ਪਹਿਲਾਂ ਸ਼ੁਰੂ ਹੋਇਆ ਸੀ। ਬੀਤੇ ਵਰ੍ਹੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੰਜਾਬੀ ਵਿਸ਼ਵ-ਕੋਸ਼ ਦੀਆਂ 8 ਜਿਲਦਾਂ ਅਤੇ ਮਹਾਨ ਕੋਸ਼ ਦੀਆਂ ਤਿੰਨ ਜਿਲਦਾਂ ਦੇ 70 ਹਜ਼ਾਰ ਤੋਂ ਵੱਧ ਇੰਦਰਾਜ ਇਸ ਪ੍ਰੋਜੈਕਟ ਦਾ ਸ਼ਿੰਗਾਰ ਬਣੇ।
ਪੰਜਾਬੀ ਕੰਪਿਊਟਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਮੰਤਵ ਨਾਲ ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਇਕ ਪੁਸਤਕ 'ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ' ਦੀ ਰਚਨਾ ਕੀਤੀ ਗਈ। ਇਸ ਪੁਸਤਕ ਰਾਹੀਂ ਪੰਜਾਬੀ ਫੌਂਟਾਂ, ਟਾਈਪਿੰਗ ਤਕਨੀਕਾਂ, ਕੀ-ਬੋਰਡਾਂ, ਪੰਜਾਬੀ ਦੇ ਸਾਫ਼ਟਵੇਅਰਾਂ, ਇੰਟਰਨੈੱਟ ਦੀ ਪੰਜਾਬੀ ਭਾਸ਼ਾ ਵਿਚ ਵਰਤੋਂ ਅਤੇ ਸਾਈਬਰ ਸੁਰੱਖਿਆ ਬਾਰੇ ਭਰਪੂਰ ਜਾਣਕਾਰੀ ਸ਼ਾਮਿਲ ਹੈ।
ਪੰਜਾਬੀ ਵਿਚ ਕੰਪਿਊਟਰ ਦੀ ਪ੍ਰਯੋਗੀ ਸਿਖਲਾਈ ਦੇਣ ਦੇ ਇਰਾਦੇ ਨਾਲ ਯੂਨੀਵਰਸਿਟੀ ਦੇ 'ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ' (punjabicomputer.com) ਵੱਲੋਂ ਤਿੰਨ ਮਹੀਨਿਆਂ ਦਾ ਕਿੱਤਾਮੁਖੀ ਕੋਰਸ 'ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ' ਸ਼ੁਰੂ ਕੀਤਾ ਗਿਆ। ਯੂਨੀਵਰਸਿਟੀ ਦੇ ਜਿਓਲੋਜ਼ੀ ਵਿਭਾਗ ਦੇ ਪ੍ਰੋਫੈਸਰ ਡਾ. ਦੇਵਿੰਦਰ ਸਿੰਘ ਦੀ ਅਗਵਾਈ ਵਾਲੇ ਇਸ ਕੇਂਦਰ ਵਿਖੇ ਸ਼ੁਰੂ ਕੀਤੇ 120 ਘੰਟਿਆਂ ਦੇ ਇਸ ਪੇਸ਼ੇਵਰ ਕੋਰਸ ਰਾਹੀਂ ਪੰਜਾਬੀ ਵਰਤੋਂਕਾਰਾਂ ਨੂੰ ਰੁਜ਼ਗਾਰ ਦੇ ਬਿਹਤਰੀਨ ਮੌਕੇ ਪ੍ਰਦਾਨ ਕਰਾਉਣ 'ਚ ਸਹਾਇਤਾ ਮਿਲੇਗੀ।
ਕੰਪਿਊਟਰ ਵਿਭਾਗ ਦੇ ਡਾ. ਵਿਸ਼ਾਲ ਗੋਇਲ ਅਤੇ ਉਮਰਿੰਦਰ ਪਾਲ ਸਿੰਘ ਨੇ ਡਾ. ਲਹਿਲ ਦੀ ਅਗਵਾਈ ਹੇਠ ਪੰਜਾਬੀ ਦਾ ਇੱਕ ਵਿਲੱਖਣ 'ਪਾਰਟ ਆਫ਼ ਸਪੀਚ ਟੈਗਰ' (punjabipos.learnpunjabi.org) ਬਣਾਉਣ 'ਚ ਸਫਲਤਾ ਹਾਸਿਲ ਕੀਤੀ। ਇਸ ਟੈਗਰ 'ਚ 35 (ਪਾਰਟ ਆਫ਼ ਸਪੀਚ) ਟੈਗ ਨਿਰਧਾਰਿਤ ਕੀਤੇ ਗਏ ਹਨ ਤੇ ਇਸ ਦੀ ਕਾਰਜ-ਵਿਧੀ ਨਿਯਮ ਆਧਾਰਿਤ (Ruled Based) ਅਤੇ ਅੰਕੜਾ-ਵਿਗਿਆਨ (Statistical) ਆਧਾਰਿਤ ਹੈ। ਵਰਤੋਂਕਾਰ ਆਪਣੀ ਇੱਛਾ ਅਨੁਸਾਰ ਦੋਹਾਂ ਵਿਚੋਂ ਇਕ ਵਿਧੀ ਵਰਤ ਕੇ ਟਾਈਪ ਕੀਤੇ ਪੰਜਾਬੀ ਵਾਕ ਦੇ ਟੈਗ ਵੇਖ ਸਕਦਾ ਹੈ।
ਗੱਲ ਕੀ, ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ (ਗੁਣਵੱਤਾ ਪੱਖੋਂ) ਪੰਜਾਬੀ ਕੰਪਿਊਟਰ ਅਕਾਸ਼ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪਰ ਅਫ਼ਸੋਸ ਕਿ ਪੰਜਾਬੀ ਕੰਪਿਊਟਰ ਦੀਆਂ ਟੰਗਾਂ ਨੂੰ ਗੈਰ-ਮਿਆਰੀ ਫੌਂਟਾਂ ਦੇ ਝੁਰਮਟ ਨੇ ਅਜਿਹਾ ਜੱਫਾ ਮਾਰਿਆ ਹੋਇਆ ਹੈ ਕਿ ਛੱਡਣ ਦਾ ਨਾਂ ਹੀ ਨਹੀਂ ਲੈ ਰਿਹਾ। ਯੂਨੀਕੋਡ ਪ੍ਰਣਾਲੀ (ਰਾਵੀ ਫੌਂਟ) ਦੇ ਆਉਣ ਨਾਲ ਕੰਪਿਊਟਰ ਜਾਂ ਸਮਾਰਟ ਫੋਨ ਵਿਚ ਟਾਈਪ ਕਰਨ ਦਾ ਮਿਆਰ ਪਹਿਲਾਂ ਹੀ ਸਥਾਪਤ ਹੋ ਚੁੱਕਾ ਹੈ। ਪਰ ਇਸ ਪ੍ਰਣਾਲੀ ਵਿਚ ਕੰਮ ਕਰਨ ਲਈ ਸਰਕਾਰੀ ਪੱਧਰ 'ਤੇ ਕੋਈ ਉਪਰਾਲਾ ਨਹੀਂ ਹੋ ਰਿਹਾ ਸਗੋਂ ਕਈ ਵਿਭਾਗਾਂ ਵੱਲੋਂ ਰਵਾਇਤੀ ਫੌਂਟਾਂ ਦਾ ਸ਼ਰੇਆਮ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਵਰਤੋਂ ਨੂੰ ਨੌਜਵਾਨਾਂ 'ਤੇ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਪੰਜਾਬ ਅਧੀਨ ਚੋਣ ਸੇਵਾਵਾਂ ਪੰਜਾਬ ਹੈ ਜਿਸ ਨੇ ਹੁਣੇ ਜਿਹੇ ਕਲਰਕ/ਡਾਟਾ ਐਂਟਰੀ ਓਪਰੇਟਰ ਦੀਆਂ ਅਸਾਮੀਆਂ ਲਈ ਅਸੀਸ ਤੇ ਜੁਆਏ ਫੌਂਟਾਂ 'ਚ ਟਾਈਪ ਟੈੱਸਟ ਲੈਣ ਦਾ ਫ਼ਰਮਾਨ ਜਾਰੀ ਕੀਤਾ ਹੈ। ਭਰਤੀ ਲਈ ਜਾਰੀ ਹੋਏ ਇਸ਼ਤਿਹਾਰ 'ਚ ਦਰਜ ਫੌਂਟ ਬਿਲਕੁਲ ਗੈਰ-ਮਿਆਰੀ ਹਨ ਤੇ ਇਹ ਭਾਰਤ ਸਰਕਾਰ ਦੇ ਅਦਾਰੇ 'ਸੰਚਾਰ ਤੇ ਸੂਚਨਾ ਤਕਨਾਲੋਜੀ' ਨਵੀਂ ਦਿੱਲੀ ਵੱਲੋਂ ਪੂਰੀ ਤਰ੍ਹਾਂ ਨਕਾਰੇ ਜਾ ਚੁੱਕੇ ਹਨ।
ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈ ਕੇ ਪੰਜਾਬੀ ਯੂਨੀਵਰਸਿਟੀ ਵਾਂਗ ਭਾਰਤ ਸਰਕਾਰ ਦੁਆਰਾ ਮੁਕੱਰਰ ਕੀਤੇ ਮਿਆਰ ਨੂੰ ਅਪਣਾ ਲੈਣਾ ਚਾਹੀਦਾ ਹੈ। ਕੰਪਿਊਟਰ ਵਿਚ ਅੰਕੜਿਆਂ ਨੂੰ ਸਦੀਵੀ ਬਣਾਉਣ, ਸੰਚਾਰਯੋਗ ਬਣਾਉਣ ਅਤੇ ਇੰਟਰਨੈੱਟ 'ਤੇ ਪੰਜਾਬੀ ਮੈਟਰ ਦੀ ਤਾਦਾਦ ਵਧਾਉਣ ਲਈ ਅਜਿਹੇ ਫੈਸਲੇ ਤੁਰੰਤ ਲੈਣ ਦੀ ਲੋੜ ਹੈ।
ਇਸ ਵਰ੍ਹੇ ਮਿਲੇਗੀ ਪੰਜਾਬੀਆਂ ਨੂੰ ਨਵੇਂ ਸਾਫ਼ਟਵੇਅਰਾਂ ਦੀ ਕੀਮਤੀ ਸੌਗਾਤ
ਇਸ ਵਰ੍ਹੇ ਪੰਜਾਬੀ ਯੂਨੀਵਰਸਿਟੀ ਪੰਜਾਬੀਆਂ ਦੀ ਝੋਲੀ 'ਚ ਕਈ ਕੀਮਤੀ ਸਾਫ਼ਟਵੇਅਰ ਪਾਉਣ ਜਾ ਰਹੀ ਹੈ। ਇਨ੍ਹਾਂ ਵਿਚੋਂ ਪ੍ਰਮੁੱਖ ਹੈ- ਡਾ. ਗੁਰਪ੍ਰੀਤ ਸਿੰਘ ਲਹਿਲ ਦੁਆਰਾ ਵਿਕਸਿਤ ਕੀਤੇ 'ਅੱਖਰ' ਵਰਡ ਪ੍ਰੋਸੈੱਸਰ ਦਾ ਨਵਾਂ ਤੇ ਸੋਧਿਆ ਹੋਇਆ ਸੰਸਕਰਣ। ਇਸ ਵਿਲੱਖਣ ਸਾਫ਼ਟਵੇਅਰ ਵਿਚ ਫੌਂਟ ਕਨਵਰਟਰ, ਸਪੈੱਲ ਚੱਕਰ, ਓਸੀਆਰ, ਅਨੁਵਾਦ ਤੇ ਲਿਪੀਅੰਤਰਣ ਸਮੇਤ ਕਈ ਪ੍ਰੋਗਰਾਮਾਂ ਦੀ ਸ਼ਮੂਲੀਅਤ ਹੋਵੇਗੀ।
ਸਾਹਿੱਤਿਕ ਚੋਰੀ ਦੇ ਵਧਦੇ ਹੋਏ ਕਾਰਨਾਮਿਆਂ ਨੂੰ ਤਕਨੀਕ ਰਾਹੀਂ ਨਜਿੱਠਣ ਦੀ ਲੋੜ ਪੈਦਾ ਹੋ ਗਈ ਹੈ। ਅੰਗਰੇਜ਼ੀ ਭਾਸ਼ਾ ਲਈ ਸਾਹਿੱਤਿਕ ਚੋਰੀ ਫੜਨ ਵਾਲੇ (Plagiarism) ਸਾਫ਼ਟਵੇਅਰ ਪਹਿਲਾਂ ਹੀ ਉਪਲਬਧ ਹਨ। ਪੰਜਾਬੀ ਅਤੇ ਹਿੰਦੀ ਜ਼ੁਬਾਨ ਲਈ ਅਜਿਹੇ ਸਾਫ਼ਟਵੇਅਰਾਂ ਦੇ ਵਿਕਾਸ 'ਚ ਪੰਜਾਬੀ ਯੂਨੀਵਰਸਿਟੀ ਦੀਆਂ ਕੋਸ਼ਿਸ਼ਾਂ ਜਾਰੀ ਹਨ। ਆਸ ਹੈ ਕਿ ਇਸ ਵਰ੍ਹੇ 'ਲਿਖੇ ਹੋਏ' ਨੂੰ ਬੋਲ ਕੇ ਸੁਣਾਉਣ ਵਾਲਾ ਸਾਫ਼ਟਵੇਅਰ ਵੀ ਬਣ ਕੇ ਤਿਆਰ ਹੋ ਜਾਵੇਗਾ। ਇਸ ਨਾਲ ਨੇਤਰਹੀਣ ਵਿਅਕਤੀਆਂ ਨੂੰ ਲਿਖੇ ਹੋਏ ਮੈਟਰ ਨੂੰ ਸੁਣ ਕੇ ਸਮਝਣ 'ਚ ਮਦਦ ਮਿਲੇਗੀ।
www.cpkamboj.com