ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਸਹਿਯੋਗ ਨਾਲ ਇੱਕ ਰੋਜ਼ਾ 'ਯੂਨੀਕੋਡ ਜਾਗਰੂਕਤਾ ਵਰਕਸ਼ਾਪ' ਦਾ ਆਯੋਜਨ

ਪਟਿਆਲਾ, 29 ਮਾਰਚ 2016- ਪੰਜਾਬੀ ਯੂਨੀਵਰਸਿਟੀ ਦੀ ਰਿਸਰਚ ਬਰਾਂਚ ਵੱਲੋਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਸਹਿਯੋਗ ਨਾਲ ਇੱਕ ਰੋਜ਼ਾ 'ਯੂਨੀਕੋਡ ਜਾਗਰੂਕਤਾ ਵਰਕਸ਼ਾਪ' ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਕੀਤਾ। ਡੀਨ ਰਿਸਰਚ ਡਾ. ਗੁਰਨਾਮ ਸਿੰਘ ਅਤੇ ਐਡੀਸ਼ਨਲ ਡੀਨ ਰਿਸਰਚ ਡਾ. ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ ਵਿਚ ਪੰਜਾਬੀ ਦੇ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਵਰਕਸ਼ਾਪ ਦਾ ਸੰਚਾਲਨ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਕੀਤਾ। ਗੁਰਮਤਿ ਸੰਗੀਤ ਭਵਨ ਦੇ ਸੈਮੀਨਾਰ ਹਾਲ ਵਿਚ ਆਯੋਜਿਤ ਇਸ ਵਰਕਸ਼ਾਪ ਵਿਚ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਸਮੇਤ ਵੱਖ ਵੱਖ ਵਿਭਾਗਾਂ ਦੇ 125 ਤੋਂ ਵੱਧ ਖੋਜ ਵਿਦਿਆਰਥੀਆਂ ਨੇ ਹਿੱਸਾ ਲਿਆ। ਉਦਘਾਟਨੀ ਸ਼ਬਦਾਂ ਵਿਚ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਮੇਤ ਹੋਰਨਾਂ ਖੇਤਰੀ ਭਾਸ਼ਾਵਾਂ ਨੂੰ ਤਕਨੀਕੀ ਪੱਖੋਂ ਅੰਗਰੇਜ਼ੀ ਦੀ ਹਾਣ ਦਾ ਬਣਾਉਣ ਲਈ ਯੂਨੀਕੋਡ ਪ੍ਰਣਾਲੀ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ ਤੇ ਇਸ ਜ਼ਰੂਰਤ ਨੂੰ ਸਮਝਦਿਆਂ ਯੂਨੀਵਰਸਿਟੀ ਨੇ ਆਪਣੇ ਦਫ਼ਤਰੀ ਕੰਮ-ਕਾਰ ਅਨਮੋਲ, ਅਸੀਸ ਵਰਗੇ ਗ਼ੈਰ-ਮਿਆਰੀ ਫੌਂਟਾਂ ਦੀ ਥਾਂ 'ਤੇ ਯੂਨੀਕੋਡ ਆਧਾਰਿਤ ਫੌਂਟਾਂ ਰਾਹੀਂ ਕਰਨ ਦਾ ਫ਼ੈਸਲਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂ ਵੀ ਸਰਕਾਰੀ ਨੌਕਰੀਆਂ ਲਈ ਲਏ ਜਾਂਦੇ ਟਾਈਪਿੰਗ ਟੈਸਟਾਂ ਲਈ ਅਸੀਸ ਆਦਿ ਗੈਰ-ਮਿਆਰੀ ਫੌਂਟਾਂ ਦੀ ਮੰਗ ਕੀਤੀ ਜਾ ਰਹੀ ਹੈ। ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਯੂ.ਜੀ.ਸੀ. ਨਾਲ ਕੀਤੇ ਇਕਰਾਰਨਾਮੇ ਤਹਿਤ 'ਓਰਕੁੰਡ' (urkund) ਨਾਂ ਦੇ ਪੋਰਟਲ ਰਾਹੀਂ ਖੋਜਾਰਥੀਆਂ ਦੇ ਰਜਿਸਟਰੇਸ਼ਨ ਦੇ ਸਨਾਪਸਿਸ, ਪ੍ਰੀ-ਸਬਮੀਸ਼ਨ ਸੈਮੀਨਾਰ, ਐੱਮ.ਫਿੱਲ. ਤੇ ਪੀ-ਐੱਚ.ਡੀ. ਦੀ ਸਮਗਰੀ ਦੀ ਪਲੈਜਰਿਜ਼ਮ ਚੈਕ ਕੀਤੀ ਜਾਵੇਗੀ ਜਿਸ ਨਾਲ ਹੋਰਨਾਂ ਸਰੋਤਾਂ ਤੋਂ ਨਕਲ ਕੀਤੇ ਪਾਠ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਇਹ ਪੋਰਟਲ ਖੇਤਰੀ ਭਾਸ਼ਾਵਾਂ ਦੀ ਯੂਨੀਕੋਡ ਵਾਲੀ ਸਮੱਗਰੀ ਹੀ ਪ੍ਰਵਾਨ ਕਰਦਾ ਹੈ ਜਿਸ ਕਾਰਨ ਖੋਜ ਵਿਦਿਆਰਥੀਆਂ ਤੇ 1 ਅਪ੍ਰੈਲ, 2016 ਤੋਂ ਬਾਅਦ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਵਿਚ ਜਮਾਂ ਹੋਣ ਵਾਲੇ ਥੀਸਿਜ਼ ਅਤੇ ਹੋਰ ਦਸਤਾਵੇਜ਼ ਮਿਆਰੀ ਯੂਨੀਕੋਡ ਫੌਂਟਾਂ 'ਚ ਉਪਲੱਬਧ ਕਰਵਾਉਣ ਦੀ ਸ਼ਰਤ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਕ ਵਿਚ ਖੋਜ ਦੀ ਗੁਣਵੱਤਾ ਦੀ ਪਰਖ ਲਈ ਯੂ.ਜੀ.ਸੀ., ਇਨਫਲਿਬਨੈੱਟ ਅਤੇ ਯੂਨੀਵਰਸਿਟੀ ਵੱਲੋਂ ਕੁੱਝ ਮਾਪਦੰਡ ਤਹਿ ਕੀਤੇ ਹਨ। ਡਾ. ਸ਼ਰਮਾ ਅਨੁਸਾਰ ਹੁਣ 'ਸ਼ੋਧਗੰਗਾ' ਨਾਂ ਦੀ ਵੈੱਬਸਾਈਟ 'ਤੇ ਪੰਜਾਬੀ, ਹਿੰਦੀ ਆਦਿ ਖੇਤਰੀ ਭਾਸ਼ਾਵਾਂ ਦਾ ਮਿਆਰੀ ਫੌਂਟਾਂ ਵਿਚ ਸੰਜੋਇਆ ਮੈਟਰ ਹੀ ਪਾਇਆ ਜਾਵੇਗਾ ਜਿਸ ਨੂੰ ਕਿਸੇ ਲਈ ਕਿਧਰੇ ਵੀ ਸਰਚ ਕਰਨਾ ਆਸਾਨ ਹੋਵੇਗਾ ਤੇ ਇਸ ਨਾਲ ਖੋਜ ਦੀ ਗੁਣਵੱਤਾ ਵਿਚ ਇਜ਼ਾਫਾ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਖੋਜਾਰਥੀਆਂ ਤੇ ਉਨ੍ਹਾਂ ਦੇ ਨਿਗਰਾਨ ਸਾਹਿਬਾਨਾਂ ਨੂੰ ਖੋਜ ਵਿਧੀ, ਪ੍ਰਕਾਸ਼ਨ ਨਿਯਮਾਂ ਅਤੇ ਹਵਾਲਾ ਦੇਣ ਦੇ ਤਰੀਕਿਆਂ ਨੂੰ ‘ਤੇ ਅਮਲ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਖੋਜ ਮਿਆਰ ਦੇ ਨਿਰੀਖਣ ਲਈ ਇਨਫਲਿਬਨੈੱਟ ਨੇ ਭਾਰਤ ਦੀਆਂ ਕਈ ਯੂਨੀਵਰਸਿਟੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਯੂਨੀਕੋਡ ਇੱਕ ਕਾਰਗਰ ਹਥਿਆਰ ਹੈ ਤੇ ਇਸ ਨਾਲ ਅੰਤਰਰਾਸ਼ਟਰੀ ਪੱਧਰ ਦਾ ਖੋਜ ਮਿਆਰ ਸਥਾਪਿਤ ਹੋਵੇਗਾ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਵਿਭਿੰਨ ਸਾਫ਼ਟਵੇਅਰਾਂ ਨੂੰ ਖੋਜ ਪ੍ਰਕਿਰਿਆ ਵਿਚ ਅਪਣਾਉਣ ਦੀ ਸਲਾਹ ਦਿੱਤੀ। ਇਸ ਮੌਕੇ ਵਰਕਸ਼ਾਪ ਸੰਚਾਲਕ ਤੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਰਵਾਇਤੀ ਫੌਂਟਾਂ ਦੀ ਵਰਤੋਂ ਦੇ ਨੁਕਸਾਨ, ਯੂਨੀਕੋਡ ਦੇ ਫ਼ਾਇਦੇ, ਵੱਖ-ਵੱਖ ਫੌਂਟ, ਟਾਈਪਿੰਗ ਵਿਧੀਆਂ, ਪੁਰਾਣੇ ਫੌਂਟਾਂ ਵਿਚ ਟਾਈਪ ਥੀਸਿਸ ਨੂੰ ਯੂਨੀਕੋਡ ਮਿਆਰ ਵਿਚ ਬਦਲਣ ਦੇ ਨੁਸਖ਼ੇ, ਫੌਂਟ ਕਨਵਰਟਰਾਂ, ਅਨੁਵਾਦ ਤੇ ਲਿਪੀਅੰਤਰਣ ਪ੍ਰੋਗਰਾਮਾਂ ਦੇ ਉਪਯੋਗ ਬਾਰੇ ਇੱਕ ਖ਼ੂਬਸੂਰਤ ਪ੍ਰਸਤੁਤੀ ਰਾਹੀਂ ਜਾਣਕਾਰੀ ਦਿੱਤੀ। ਉੱਚਤਮ ਕੇਂਦਰ ਦੇ ਸ੍ਰੀ ਅੰਕੁਰ ਰਾਣਾ ਨੇ ਅੱਖਰ-2016 (ਅਜ਼ਮਾਇਸ਼ੀ ਸੰਸਕਰਣ) ਵਰਡ ਪ੍ਰੋਸੈੱਸਰ ਦੀਆਂ ਫੌਂਟ ਕਨਵਰਟਰ, ਸਪੈੱਲ ਚੈੱਕਰ, ਅਨੁਵਾਦ ਲਿਪੀਅੰਤਰਣ, ਓ.ਸੀ.ਆਰ. ਆਦਿ ਖ਼ੂਬੀਆਂ ਨੂੰ ਖੋਜ ਕਾਰਜ ਵਿਚ ਵਰਤਣ ਲਈ ਵਿਧੀ-ਬੱਧ ਜਾਣਕਾਰੀ ਦਿੱਤੀ। ਇਸ ਦੌਰਾਨ ਗੁਰਮੁਖੀ ਓ.ਸੀ.ਆਰ. ਦੇ ਪ੍ਰਦਰਸ਼ਨ ਨੇ ਸਰੋਤਿਆਂ ਨੂੰ ਕੀਲ ਲਿਆ ਤੇ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਵਰਕਸ਼ਾਪ ਦੇ ਆਖੀਰ ਵਿਚ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਮਾਹਿਰ ਸ. ਦਲਬੀਰ ਸਿੰਘ ਨੇ 'ਓਰਕੁੰਡ' ਪੋਰਟਲ 'ਤੇ ਖਾਤਾ ਖੋਲ੍ਹਣ, ਸਮਗਰੀ ਅੱਪਲੋਡ ਕਰਨ, ਪਲੈਜਰਿਜ਼ਮ ਚੈਕ ਰਿਪੋਰਟ ਪ੍ਰਾਪਤ ਕਰਨ ਆਦਿ ਦੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
Previous
Next Post »