ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 06-05-2016
ਪੰਜਾਬੀ ਟ੍ਰਿਬਿਊਨ
ਗੂਗਲ ਮੈਪ (Google Map) ਕੰਪਿਊਟਰਾਂ ਅਤੇ ਆਧੁਨਿਕ ਮੋਬਾਈਲਾਂ ਲਈ ਇੱਕ ਜਾਲ-ਮਾਨ-ਚਿੱਤਰ (Web Map) ਸੇਵਾ ਹੈ। ਇਹ ਗੂਗਲ ਵੱਲੋਂ ਵਿਕਸਿਤ ਕੀਤੀ ਉੱਚ ਦਰਜੇ ਦੀ ਤਕਨੀਕ ’ਤੇ ਆਧਾਰਿਤ ਹੈ। ਇਹ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਪੰਛੀਝਾਤ ਮਾਰਨ, ਮਹੱਤਵਪੂਰਨ ਸ਼ਹਿਰਾਂ ਦੇ ਨੇੜਲੇ ਦ੍ਰਿਸ਼ ਦੇਖਣ, ਆਵਾਜਾਈ ਦਾ ਰਸਤਾ ਦੇਖਣ ਸਮੇਤ ਹੋਰ ਅਨੇਕਾਂ ਸਹੂਲਤਾਂ ਦਿੰਦੀ ਹੈ।
ਗੂਗਲ ਆਦੇਸ਼ਕਾਰੀ ਉਪਗ੍ਰਹਿ ਚਿੱਤਰ ਅਤੇ 800 ਤੋਂ 1500 ਫੁੱਟ ਦੀ ਉਚਾਈ ਤੋਂ ਹਵਾਈ ਜਹਾਜ਼ ਰਾਹੀਂ ਲਏ ਗਏ ਚਿੱਤਰਾਂ ’ਤੇ ਆਧਾਰਿਤ ਹੈ। ਗੂਗਲ ਆਪਣੀ ਆਦੇਸ਼ਕਾਰੀ ਦੇ ਅੰਕੜਾ ਆਧਾਰ ’ਤੇ ਲਗਾਤਾਰ ਤਾਜ਼ਾ ਤਰੀਨ ਜਾਣਕਾਰੀ ਪਾਉਂਦਾ ਰਹਿੰਦਾ ਹੈ। ਫਿਰ ਵੀ ਇਸ ਰਾਹੀਂ ਪ੍ਰਾਪਤ ਉਪਗ੍ਰਹਿ ਚਿੱਤਰ ਉਸੇ ਸਮੇਂ ਨਵਿਆਏ ਨਹੀਂ ਜਾਂਦੇ। ਕਿਸੇ ਸਮੇਂ, ਮੱਧਮ ਚਾਲ ਅਤੇ ਸੁਰੱਖਿਆ ਦੇ ਮਸਲਿਆਂ ਕਾਰਨ ਗੂਗਲ ਮੈਪ ਆਦੇਸ਼ਕਾਰੀ ਆਲੋਚਨਾਤਮਕ ਚਰਚਾ ਦਾ ਵਿਸ਼ਾ ਰਹੀ ਹੈ। ਪਰ ਵਰ੍ਹਾ 2013 ਵਿੱਚ ਗੂਗਲ ਵੱਲੋਂ ਪੁਨਰ ਨਿਰਮਿਤ ਉੱਤਮ ਸੰਸਕਰਣ ਚਾਲੂ ਕੀਤਾ ਗਿਆ। ਇਸ ਉੱਤੇ ਨਕਸ਼ਾ ਦ੍ਰਿਸ਼ ਦੇ ਸਾਧਾਰਨ ਕਾਰਜ, ਪੈਮਾਨਾ ਪੱਟੀ, ਮਹੱਤਵਪੂਰਨ ਥਾਵਾਂ ਅਤੇ ਗਲੀਆਂ ਦੇ ਦ੍ਰਿਸ਼ ਬੰਦ ਕਰ ਦਿੱਤੇ ਗਏ। ਉਂਜ ਪੁਰਾਣੇ ਵਿਸਥਾਰ-ਦ੍ਰਿਸ਼ ਦਿਖਾਉਣ ਵਾਲੇ ਸੰਸਕਰਣ ’ਤੇ ਜਾਣਾ ਸੰਭਵ ਹੈ। ਗੂਗਲ ਮੈਪ ਤਕਨੀਕੀ ਕਾਰਨ ਕਰਕੇ ਧਰੁਵੀ ਖੇਤਰਾਂ ਦੇ ਦ੍ਰਿਸ਼ ਨਹੀਂ ਦਿਖਾ ਪਾਉਂਦਾ। ਇਸ ਮੰਤਵ ਲਈ ਗੂਗਲ ਅਰਥ ਆਦੇਸ਼ਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਗੂਗਲ ਮੈਪ ਅਨੇਕਾਂ ਵਿਸ਼ੇਸ਼ਤਾਵਾਂ ਕਾਰਨ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਜਿਵੇਂ ਕਿ:
- * ਇਹ ਦੁਨੀਆਂ ਦੇ ਨਕਸ਼ੇ ਨੂੰ ਬੜੀ ਫੁਰਤੀ ਅਤੇ ਸੌਖੇ ਤਰੀਕੇ ਨਾਲ ਵੇਖਣ ਦੀ ਭਰੋਸੇਮੰਦ ਜੁਗਤ ਹੈ।
- * ਇਸ ਉੱਤੇ ਦੁਨੀਆਂ ਦੇ 220 ਦੇਸ਼ਾਂ ਦੇ ਬਿਲਕੁਲ ਸਹੀ ਨਕਸ਼ੇ ਉਪਲਭਧ ਹਨ।
- * ਇਹ ਗੱਡੀਆਂ ਦੇ ਡਰਾਈਵਰਾਂ ਨੂੰ ਮਿਥੀ ਮੰਜ਼ਿਲ ਦਾ ਨਾਲੋ-ਨਾਲ ਸਹੀ ਰਸਤਾ ਦਿਖਾਉਣ ’ਚ ਮਦਦ ਕਰਦੀ ਹੈ। ਇਸ ਵਿੱਚ ਆਵਾਜ਼-ਰਾਹ-ਦਸੇਰਾ ਦੀ ਸਹੂਲਤ ਵੀ ਜੋੜੀ ਗਈ ਹੈ। ਇਹ ਸਹੂਲਤ ਪੂਰੀ ਤਰਾਂ ਵਿਸ਼ਵ-ਸਥਿਤੀ-ਪ੍ਰਣਾਲੀ ’ਤੇ ਆਧਾਰਿਤ ਹੈ।
- * ਇਸ ਉੱਤੇ 15,000 ਕਸਬਿਆਂ ਅਤੇ ਸ਼ਹਿਰਾਂ ਦੀਆਂ ਸੜਕਾਂ, ਦਿਸ਼ਾਵਾਂ ਅਤੇ ਨਕਸ਼ਿਆਂ ਬਾਰੇ ਖੁੱਲ੍ਹੀ ਜਾਣਕਾਰੀ ਹੈ।
- * ਇਹ ਆਦੇਸ਼ਕਾਰੀ ਕਿਸੇ ਵਿਸ਼ੇਸ਼ ਥਾਂ ’ਤੇ ਭੀੜ ਦੀ ਸਥਿਤੀ ਬਾਰੇ ਸਿੱਧੀ ਜਾਣਕਾਰੀ ਦੇ ਸਕਦੀ ਹੈ।
- * ਰਾਹੀਆਂ ਨੂੰ ਉਸ ਰਾਹ ਨਾਲ ਸਬੰਧਿਤ ਲਾਂਘੇ ’ਤੇ ਹੋਈ ਘਟਨਾ/ਦੁਰਘਟਨਾ ਬਾਰੇ ਸੂਚਨਾ ਦਿੰਦੀ ਹੈ।
- * ਇਹ ਆਪਣੇ-ਆਪ ਬਦਲਵਾਂ ਰਾਹ ਲੱਭਣ ’ਚ ਸਹਾਇਤਾ ਕਰਦੀ ਹੈ।
- * ਇਹ ਦੁਨੀਆਂ ਦੀਆਂ 10 ਕਰੋੜ ਤੋਂ ਵੱਧ ਥਾਵਾਂ ਬਾਰੇ ਵਿਸਥਾਰਿਤ ਜਾਣਕਾਰੀ ਦਿੰਦੀ ਹੈ।
- * ਇਹ ਹੋਟਲਾਂ ਤੇ ਅਜਾਇਬ ਘਰਾਂ ਆਦਿ ਦਾ ਅੰਦਰੂਨੀ ਚਿਤਰਣ ਕਰਨ ’ਚ ਸਹਾਇਤਾ ਕਰਦੀ ਹੈ।
- * ਇਹ ਸੜਕੀ ਦ੍ਰਿਸ਼, ਠਹਿਰ, ਮੋੜ ਤੇ ਇੱਕ ਪਾਸੜ ਗਲੀਆਂ ਆਦਿ ਦਾ ਦ੍ਰਿਸ਼ ਵਿਖਾਉਂਦੀ ਹੈ।
ਅਰਥ 3-ਡੀ:
ਗੂਗਲ ਦੀ ‘ਅਰਥ 3-ਡੀ (Earth 3-4) ਇੱਕ ਮਹੱਤਵਪੂਰਨ ਆਦੇਸ਼ਕਾਰੀ ਹੈ। ਇਸ ਰਾਹੀਂ ਘੁੰਮਦੀ ਹੋਈ ਧਰਤੀ, ਨਕਸ਼ੇ, ਵੱਖ ਵੱਖ ਦੇਸ਼ਾਂ ਦੀ ਸੂਚੀ ਅਤੇ ਪੁਲਾੜ ਦੇ ਵਿਭਿੰਨ ਦ੍ਰਿਸ਼ਾਂ ਨੂੰ ਵੇਖਿਆ ਜਾ ਸਕਦਾ ਹੈ। ਇਹ ਧਰਤੀ ਦਾ ਤਿੰਨ ਦਿਸ਼ਾਵੀ (3-Dimentional) ਦ੍ਰਿਸ਼ ਪੇਸ਼ ਕਰਦੀ ਹੈ। ਇਸ ਨੂੰ ਛੋਟਾ ਅਤੇ ਵੱਡਾ ਕਰਕੇ ਦੇਖਣ ਦੀ ਵਿਵਸਥਾ ਵੀ ਹੈ। ਆਦੇਸ਼ਕਾਰੀ ਦੀ ਮੁੱਖ ਸਤਹਿ ਉੱਤੇ ‘ਰੋਟੇਸ਼ਨ’ ਨਾਂ ਦੇ ਬਟਣ ਰਾਹੀਂ ਗਲੋਬ ਨੂੰ ਘੁਮਾਇਆ ਜਾ ਸਕਦਾ ਹੈ। ਇਹ ਆਦੇਸ਼ਕਾਰੀ ‘ਮੈਪ’ ਨਾਂ ਦੇ ਵਿਕਲਪ ਰਾਹੀਂ ਗੂਗਲ ਮੈਪ ਨਾਲ ਜਾ ਜੁੜਦੀ ਹੈ। ਸਤਹਿ ਦੇ ਖੱਬੇ ਹੱਥ ‘ਅਰਥ’ ਲੇਅਰ ਅਤੇ ‘ਸਪੇਸ’ ਬਟਣਾਂ ਰਾਹੀਂ ਧਰਤੀ ਦੀਆਂ ਵਿਭਿੰਨ ਪਰਤਾਂ ਦਾ ਰੰਗ ਅਤੇ ਪਿਛੋਕੜ ਸਤਹਿ ਬਦਲੀ ਜਾ ਸਕਦੀ ਹੈ। ‘ਨੇਸ਼ਨ’ ਬਟਣ ਤੋਂ ਵੱਖ ਵੱਖ ਦੇਸ਼ਾਂ ਦੀ ਸੂਚੀ ਉਨ੍ਹਾਂ ਦੇ ਕੌਮੀ ਝੰਡਿਆਂ ਸਮੇਤ ਨਜ਼ਰ ਆਉਂਦੀ ਹੈ। ਇੱਥੋਂ ਗਲੋਬ ’ਤੇ ਕਿਸੇ ਦੇਸ਼ ਦੀ ਭੂਗੋਲਿਕ ਸਥਿਤੀ ਜਾਂਚਣ ਲਈ ਉਸ ਦੇਸ਼ ਦੀ ਚੋਣ ਕੀਤੀ ਜਾ ਸਕਦੀ ਹੈ।
ਤਕਨੀਕੀ ਸ਼ਬਦਾਵਲੀ:
ਦਾਖਲ-ਕਰਨਾ: Register (ਰਜਿਸਟਰ); ਦਾਬ: Click (ਕਲਿੱਕ); ਦਿੱਖ: Format (ਫੌਰਮੈਟ); ਦੀਰਘ-ਪ੍ਰਦਾਨੀ: Wifi (ਵਾਈ-ਫਾਈ); ਦੀਰਘ-ਪ੍ਰਦਾਨੀ-ਜਾਲਕ੍ਰਮ: wifi Network (ਵਾਈ-ਫਾਈ ਨੈੱਟਵਰਕ); ਦੁਹਰਾਅ: Backup (ਬੈਕਅਪ); ਦੁਹਰਾਅ-ਦਰ: Frequency (ਫ੍ਰਿਕੁਐਂਸੀ); ਦੁਬਾਰਾ-ਜਾਰੀ-ਪੜ੍ਹਾਈ: Resume Reading (ਰਿਜ਼ੀਊਮ ਰੀਡਿੰਗ); ਦੁਵੱਲਾ-ਜਾਲਤੰਤਰ: Peer-to-peer Network (ਪੀਅਰ-ਟੂ-ਪੀਅਰ ਨੈੱਟਵਰਕ)
ਪੰਜਾਬੀ ਟ੍ਰਿਬਿਊਨ
1 comments:
Click here for commentsConversionConversion EmoticonEmoticon