ਸਮਾਰਟ ਫੋਨ ਦੀ ਸੁਰੱਖਿਅਤ ਵਰਤੋਂ ਕਿਵੇਂ ਕਰੀਏ?/SmartPhoneSecurityByDrCPKamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 01-05-2016

ਆਧੁਨਿਕ ਮੋਬਾਈਲ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਕਈ ਵਾਰ ਲੋਕ ਆਪਣਾ ਫੋਨ ਬੱਚਿਆਂ ਨੂੰ ਫੜਾ ਦਿੰਦੇ ਹਨ। ਬੱਚੇ ਉਸ ਦੀ ਦੁਰਵਰਤੋਂ ਕਰਦੇ ਹਨ। ਇਸ ਨਾਲ ਫੋਨ ਵਿਗਾੜ, ਬਕਾਏ ਵਿਚ ਕਟੌਤੀ, ਸਕਰੀਨ 'ਤੇ ਝਰੀਟਾਂ ਪੈ ਸਕਦੀਆਂ ਹਨ। ਇਸ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ।
ਸਕਰੀਨ 'ਤੇ ਹਮੇਸ਼ਾ ਲੌਕ ਲਗਾ ਕੇ ਰੱਖੋ। ਜੇਕਰ ਘਰ ਵਿਚ ਛੋਟੇ ਬੱਚੇ ਹੋਣ ਤਾਂ ਪੈਟਰਨ (Pattern) ਵਾਲੇ ਲੌਕ ਦੀ ਵਰਤੋਂ ਨਾ ਕਰੋ। ਪਾਸਵਰਡ (Password) ਜਾਂ ਪਿੰਨ (Pin) ਦੀ ਵਰਤੋਂ ਕਰੋ। ਵਾਰ-ਵਾਰ ਗ਼ਲਤ ਪੈਟਰਨ ਵਰਤ ਕੇ ਲੌਕ ਖੋਲ੍ਹਣ ਦੀ ਕੋਸ਼ਿਸ਼ ਕਰਨ ਨਾਲ ਫੋਨ ਰੁਕ ਸਕਦਾ ਹੈ। ਇਸ ਨੂੰ ਖੋਲ੍ਹਣ ਲਈ ਐਪ ਦੁਬਾਰਾ ਪਾਉਣ ਦੀ ਨੌਬਤ ਆ ਜਾਂਦੀ ਹੈ। ਹਾਂ, ਜੇਕਰ ਤੁਸੀਂ ਇਸ ਬਾਰੇ ਤਕਨੀਕੀ ਜਾਣਕਾਰੀ ਰੱਖਦੇ ਹੋ ਤੇ ਤੁਹਾਡਾ ਗੂਗਲ ਵਿਚ ਖਾਤਾ ਹੈ ਤਾਂ ਪੈਟਰਨ ਲੌਕ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ।
ਆਪਣੇ ਮੋਬਾਈਲ ਨੂੰ ਹਮੇਸ਼ਾ ਸੁਰੱਖਿਅਤ ਜਗ੍ਹਾ 'ਤੇ ਰੱਖੋ। ਝਰੀਟਾਂ ਤੋਂ ਬਚਾਅ ਲਈ ਇਸ 'ਤੇ ਚੰਗਾ ਢੱਕਣ ਚੜ੍ਹਾ ਲੈਣਾ ਚਾਹੀਦਾ ਹੈ। ਸਕਰੀਨ ਦੀ ਸੁਰੱਖਿਆ ਲਈ ਇੱਕ ਖ਼ਾਸ ਕਿਸਮ ਦੀ ਸੁਰੱਖਿਅਤ ਝਿੱਲੀ ਵੀ ਚੜ੍ਹਵਾਈ ਜਾ ਸਕਦੀ ਹੈ। ਇਸ ਨਾਲ ਸਕਰੀਨ 'ਤੇ ਨਿਸ਼ਾਨ ਜਾਂ ਰਗੜ ਨਹੀਂ ਪੈਂਦੀ। ਆਧੁਨਿਕ ਮੋਬਾਈਲ ਨੂੰ ਸੂਰਜ ਦੀ ਸਿੱਧੀ ਰੌਸ਼ਨੀ, ਨਮੀ ਜਾਂ ਸਲ੍ਹਾਬ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਬਾਕਾਇਦਾ ਚਾਰਜ ਕਰਦੇ ਰਹੋ। ਚਾਰਜ ਕਰਨ ਲਈ 'ਬੈਟਰੀ ਘੱਟ' ਦੇ ਚਿਤਾਵਨੀ ਸਨੇਹੇ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਘੱਟ ਬੈਟਰੀ 'ਤੇ ਫੋਨ ਵਰਤਣ ਨਾਲ ਵੱਧ ਸ਼ਕਤੀ ਵਾਲਾ ਸਿਗਨਲ ਉਤਪੰਨ ਹੁੰਦਾ ਹੈ ਜਿਸ ਦਾ ਸਾਡੀ ਸਿਹਤ 'ਤੇ ਮਾੜਾ ਅਸਰ ਹੋ ਸਕਦਾ ਹੈ। ਇਸ ਨਾਲ ਬੈਟਰੀ ਦੀ ਉਮਰ ਵੀ ਘਟ ਜਾਂਦੀ ਹੈ।
ਇੰਟਰਨੈੱਟ (Internet) ਸਹੂਲਤ ਲਈ ਸਿੰਮ ਖ਼ਰੀਦਣ ਤੋਂ ਪਹਿਲਾਂ ਆਪਣੇ ਖੇਤਰ ਦਾ ਜਾਇਜ਼ਾ ਲੈ ਲਓ ਕਿ ਉਹ ਕਿਹੜੀ ਕੰਪਣੀ ਦੇ ਟਾਵਰ ਦੀ ਰੇਂਜ 'ਚ ਆਉਂਦਾ ਹੈ। ਮੋਬਾਈਲ ਫੋਨ ਵਿਚ ਸਾਂਭੀ ਕੰਟੈਕਟ ਨੰਬਰਾਂ (ਸੰਪਰਕ ਸੂਚੀ) ਨੂੰ ਸਮੇਂ-ਸਮੇਂ ਸੰਭਾਲਦੇ ਰਹੋ। ਐਪ ਸਟੋਰ 'ਤੇ ਕਈ ਐਪਜ਼ ਉਪਲਭਧ ਹਨ। ਜਿਨ੍ਹਾਂ ਨੂੰ ਵਰਤ ਕੇ ਤੁਸੀਂ ਐਕਸੇਲ, ਐੱਕਸਐੱਮਐੱਲ ਜਾਂ ਸੀਐੱਸਵੀ ਰੂਪ ਵਿਚ ਕੰਟੈਕਟ ਨੰਬਰ ਸੰਭਾਲ ਕੇ ਆਪਣੇ ਕੰਪਿਊਟਰ ਵਿਚ ਪਾ ਸਕਦੇ ਹੋ। ਫੋਨ ਦੇ ਗੁੰਮ ਹੋਣ ਜਾਂ ਖ਼ਰਾਬ ਹੋਣ ਦੀ ਸਥਿਤੀ ਵਿਚ ਤੁਹਾਡੇ ਮਿੱਤਰਾਂ/ਰਿਸ਼ਤੇਦਾਰਾਂ ਦੇ ਕੰਟੈਕਟ ਨੰਬਰ ਸੁਰੱਖਿਅਤ ਰਹਿੰਦੇ ਹਨ। ਜਿਨ੍ਹਾਂ ਨੂੰ ਭਵਿੱਖ ਵਿਚ ਨਵੇਂ ਫੋਨ ਵਿਚ ਪਾ ਕੇ ਵਰਤਿਆ ਜਾ ਸਕਦਾ ਹੈ।
ਸਮੇਂ-ਸਮੇਂ 'ਤੇ ਮੈਮਰੀ ਕਾਰਡ ਵਿਚਲੀਆਂ ਵਾਧੂ ਫਾਈਲਾਂ ਅਤੇ ਹੋਰ ਚੀਜ਼ਾਂ ਦੀ ਕਾਂਟ-ਛਾਂਟ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਫੋਨ ਦੇ ਓਪਰੇਟਿੰਗ ਸਿਸਟਮ (ਜਿਵੇਂ ਕਿ ਐਂਡਰਾਇਡ) ਅਤੇ ਇਸ ਵਿਚ ਲਾਗੂ ਵੱਖ-ਵੱਖ ਐਪਜ਼ ਨੂੰ ਸਮੇਂ-ਸਮੇਂ 'ਤੇ ਅੱਪਡੇਟ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਬਲੂ ਟੁੱਥ ਦੀ ਵਰਤੋਂ ਨਹੀਂ ਕਰ ਰਹੇ ਤਾਂ ਉਸ ਨੂੰ ਬੰਦ ਕਰ ਦਿਓ। ਜੇ ਬਲੂ ਟੁੱਥ 'ਚਾਲੂ' ਹੋਵੇ ਤਾਂ ਇਹ ਫ਼ਜ਼ੂਲ ਵਿਚ ਬੈਟਰੀ ਖਪਤ ਕਰਦੀ ਰਹਿੰਦੀ ਹੈ। ਮੋਬਾਈਲ ਵਿਚ ਚੰਗਾ ਜਿਹਾ ਐਂਟੀ ਵਾਈਰਸ ਲਾਗੂ ਕਰ ਲਓ। ਆਪਣੇ ਫੋਨ ਦਾ ਨੰਬਰ ਕਿਧਰੇ ਸਾਂਭ ਕੇ ਰੱਖੋ ਤਾਂ ਜੋ ਗੁੰਮ ਹੋਣ 'ਤੇ ਆਈਐੱਮਈਆਈ ਨੰਬਰ ਰਾਹੀਂ ਉਸ ਨੂੰ ਰੁਕਵਾਇਆ ਜਾ ਸਕੇ। ਮੋਬਾਈਲ ਦਾ ਆਈਐੱਮਈਆਈ ਨੰਬਰ ਦੇਖਣ ਲਈ =*#06# ਮਿਲਾਓ।
ਜੇ ਮੋਬਾਈਲ ਪਾਣੀ 'ਚ ਭਿੱਜ ਜਾਵੇ ਤਾਂ ਹੇਠਾਂ ਲਿਖੇ ਨੁਸਖ਼ੇ ਵਰਤੋ:

  • ਮੋਬਾਈਲ ਦੀ ਡਾਟਾ ਕੇਬਲ, ਈਅਰ ਫੋਨ, ਬੈਟਰੀ ਆਦਿ ਉਤਾਰ ਦਿਓ।
  • ਮੋਬਾਈਲ ਦਾ ਪਿਛਲਾ ਢੱਕਣ ਖੋਲ੍ਹ ਕੇ ਬੈਟਰੀ ਬਾਹਰ ਕੱਢ ਲਓ।
  • ਮੋਬਾਈਲ ਨੂੰ ਸੂਤੀ ਮੁਲਾਇਮ ਕੱਪੜੇ ਨਾਲ ਸਾਫ਼ ਕਰੋ। 
  • ਮੋਬਾਈਲ ਨੂੰ ਧੁੱਪ, ਮਾਈਕਰੋਵੇਵ ਓਵਨ ਜਾਂ ਕਿਸੇ ਗਰਮ ਕਰਨ ਵਾਲੇ ਜੰਤਰ 'ਚ ਨਾ ਸੁਕਾਓ। ਜਿੱਥੋਂ ਤੱਕ ਹੋ ਸਕੇ ਛਾਵੇਂ ਜਾਂ ਪੱਖੇ ਅੱਗੇ ਸੁਕਾਓ।
  • ਮੋਬਾਈਲ ਦੇ ਅੰਦਰ ਪਾਣੀ ਪੈਣ ਨਾਲ ਇਸ ਦਾ ਅੰਦਰੂਨੀ ਬਿਜਲਈ ਸਬੰਧ ਨਸ਼ਟ ਹੋ ਸਕਦਾ ਹੈ। ਇਸ ਨਾਲ ਮੋਬਾਈਲ ਦੇ ਨਕਾਰਾ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। 

ਕਈ ਵਾਰ ਆਧੁਨਿਕ ਮੋਬਾਈਲ ਫੋਨ ਕੰਮ ਕਰਦਾ-ਕਰਦਾ ਅਚਾਨਕ ਬੰਦ ਹੋ ਜਾਂਦਾ ਹੈ। ਇਸ ਸਥਿਤੀ 'ਚ ਨਾ ਟੱਚ (ਛੋਹ) ਕੰਮ ਕਰਦਾ ਹੈ ਤੇ ਨਾ ਹੀ ਕੋਈ ਬਟਣ। ਇਸ ਸਥਿਤੀ ਨੂੰ ਅੰਗਰੇਜ਼ੀ 'ਚ 'ਹੈਂਗ' ਹੋਣਾ ਕਿਹਾ ਜਾਂਦਾ ਹੈ। ਫੋਨ ਦੇ ਹੈਂਗ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਫੋਨ ਦੀ ਅੰਦਰੂਨੀ-ਯਾਦ ਦਾ ਘੱਟ ਹੋਣਾ ਅਤੇ ਅੰਕੜਿਆਂ ਦਾ ਨੱਕੋ-ਨੱਕ ਭਰੇ ਹੋਣਾ ਪ੍ਰਮੁੱਖ ਹਨ।
ਫੋਨ ਹੈਂਗ ਹੋਣ ਦੀ ਸਥਿਤੀ 'ਚ ਹੇਠ ਲਿਖੀਆਂ ਸਾਵਧਾਨੀਆਂ ਵਰਤੋ:

  • ਫੋਨ ਨੂੰ ਬੰਦ ਕਰ ਦਿਓ। 
  • ਫੋਨ ਦਾ ਪਿਛਲਾ ਢੱਕਣ ਖੋਲ੍ਹ ਕੇ ਬੈਟਰੀ ਕੱਢ ਲਓ। 
  • ਬੈਟਰੀ ਬਾਹਰ ਕੱਢਣ ਮਗਰੋਂ ਫੋਨ ਦੇ ਬਿਜਲੀ ਵਾਲੇ ਸੁੱਚ ਨੂੰ 5-10 ਸਕਿੰਟ ਦੱਬ ਕੇ ਰੱਖੋ।
  • ਇਸ ਨਾਲ ਫੋਨ 'ਚ ਸੁਰੱਖਿਅਤ ਬਿਜਲਈ ਊਰਜਾ ਖ਼ਤਮ ਹੋ ਜਾਵੇਗੀ। 
  • ਹੁਣ ਫੋਨ 'ਚ ਬੈਟਰੀ ਪਾਓ। 
  • ਹੁਣ ਪਿਛਲਾ ਢੱਕਣ ਬੰਦ ਕਰ ਦਿਓ। 
  • ਮੋਬਾਈਲ ਚਾਲੂ ਕਰੋ। ਹੁਣ ਇਹ ਸਹੀ ਚੱਲੇਗਾ। 
  • ਅਜਿਹੀ ਸਥਿਤੀ ਦਾ ਸਾਹਮਣਾ ਕਰਨ ਲਈ ਅੰਦਰੂਨੀ-ਯਾਦ ਵਿਚਲੀਆਂ ਚੀਜ਼ਾਂ/ਅੰਕੜੇ ਸਮੇਂ-ਸਮੇਂ 'ਤੇ ਬਾਹਰੀ-ਯਾਦ (ਮੈਮਰੀ ਕਾਰਡ) 'ਚ ਰੱਖਦੇ ਰਹੋ।

ਦੂਹਰੇ ਸਿੰਮ-ਪੱਤੇ ਵਾਲੇ ਫੋਨਾਂ ਦੀ ਟੋਨ (Tone), ਵੀਡੀਓ ਟੋਨ, ਐੱਸਐੱਮਐੱਸ, ਇੰਟਰਨੈੱਟ ਆਦਿ ਦੀ ਵਿਵਸਥਾ ਪਹਿਲਾਂ ਹੀ ਕਰ ਲਓ। ਅਜਿਹਾ ਨਾ ਕਰਨ ਦੀ ਹਾਲਤ ਵਿਚ ਗੱਲਬਾਤ ਕਰਨ ਜਾਂ ਐੱਸਐੱਮਐੱਸ ਕਰਨ ਵੇਲੇ ਮੋਬਾਈਲ ਤੁਹਾਨੂੰ ਸਵਾਲ ਕਰੇਗਾ ਕਿ ਕਿਹੜੇ ਸਿੰਮ (ਸਿੰਮ-1 ਜਾਂ ਸਿੰਮ-2) ਰਾਹੀਂ ਇਹ ਪ੍ਰਕਿਰਿਆ ਪੂਰੀ ਕਰਨੀ ਹੈ। ਸਿੰਮ ਵਿਵਸਥਾ ਕਰਨ ਲਈ ਸੈਟਿੰਗਜ਼ ਵਿਚ ਜਾ ਕੇ ਸਿੰਮ ਮੈਨੇਜਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ।
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 01-05-2016

Previous
Next Post »