ਗੁਰ-ਟਾਈਪ: ਪੰਜਾਬੀ ਮੋਬਾਈਲ ਟਾਈਪਿੰਗ ਪੈਡ/GurTypeDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  28-07-2016

ਪੰਜਾਬੀ ਮੋਬਾਈਲ ਟਾਈਪਿੰਗ ਪੈਡ ਟਾਈਪ ਕੀਤੇ ਜਾਣ ਵਾਲੇ ਸ਼ਬਦ ਦੇ ਪਹਿਲੇ ਕੁਝ ਅੱਖਰ ਪਾਉਣ ਉਪਰੰਤ ਸੁਝਾਅ ਪੱਟੀ ’ਚ ਢੁਕਵਾਂ ਸ਼ਬਦ ਸੁਮੇਲ ਦਿੰਦੀ ਹੈ। ਇਸ ਸਹੂਲਤ ਲਈ ਆਦੇਸ਼ਕਾਰੀ ਨੂੰ ਪੰਜਾਬੀ ਦੇ ਵੱਧ ਵਰਤੋਂ ਵਾਲੇ ਲਗਪਗ 5000 ਸ਼ਬਦਾਂ ਦੇ ਅੰਕੜਾ ਆਧਾਰ ਨਾਲ ਜੋੜਿਆ ਗਿਆ ਹੈ। ਕੀ-ਬੋਰਡ ਖਾਕੇ ਲਈ ਵਿਸ਼ੇਸ਼ ਕਿਸਮ ਦੀ ਮਿਸ਼ਰਿਤ (ਫੋਨੈਟਿਕ+ਅੱਖਰ ਕ੍ਰਮ) ਰੂਪ-ਰੇਖਾ ਤਿਆਰ ਕੀਤੀ ਗਈ ਹੈ। ਪੈਡ ਵਿੱਚ ਐੱਸਐੱਮਐੱਸ ਅਤੇ ਬਿਜ-ਡਾਕ (5-Mail) ਕਰਨ ਦੀ ਸਹੂਲਤ ਹੈ। ਪੈਡ ’ਤੇ ਸਹੀ ਸ਼ਬਦ ਜੋੜ ਟਾਈਪ ਕਰਨ ਦੇ ਨਿਯਮ ਪਾਏ ਗਏ ਹਨ। ਟਾਈਪ ਕੀਤੇ ਅੱਖਰ/ਸ਼ਬਦ ਨੂੰ ਅੰਕੜਾ ਆਧਾਰ ’ਚ ਲੱਭਣ ਲਈ ਦੋ-ਅੰਕੀ-ਖੋਜ ਅਤੇ ਤੀਹਰਾ ਢਾਂਚਾ ਖੋਜ ਅਤੇ ਟਰਾਈ ਸਟਰਕਚਰ ਅਪਣਾਇਆ ਗਿਆ ਹੈ।
 ਕਾਰਜ-ਵਿਧੀ: ਪੰਜਾਬੀ ਮੋਬਾਈਲ ਟਾਈਪਿੰਗ ਪੈਡ (ਗੁਰ-ਟਾਈਪ) ਉੱਤੇ ਜਦੋਂ ਕੋਈ ਅੱਖਰ ਟਾਈਪ ਕੀਤਾ ਜਾਂਦਾ ਹੈ ਤਾਂ ਆਦੇਸ਼ਕਾਰੀ ਅੱਖਰਾਂ/ਸ਼ਬਦਾਂ ਦੇ ਆਗਤ ਕ੍ਰਮ ਦੀ ਜਾਂਚ ਕਰਦੀ ਹੈ। ਪੂਰਬ-ਲਿਖਤ (ਅਗੇਤਰ ਅੱਖਰਾਂ/ਸ਼ਬਦਾਂ ਅਤੇ ਵੱਧ ਵਰਤੋਂ ਦੇ ਆਧਾਰ ’ਤੇ ਸ਼ਬਦ ਸੂਚੀ ਜਾਰੀ ਕਰਨ ਵਾਲੀ) ਵਿਸ਼ੇਸ਼ਤਾ ਕਿਰਿਆਸ਼ੀਲ ਹੋ ਜਾਂਦੀ ਹੈ। ਇਹ ਕੀ-ਪੈਡ ਪੂਰੀ ਤਰ੍ਹਾਂ ਦੋ-ਬਟਣ ਪ੍ਰਣਾਲੀ ’ਤੇ ਕੰਮ ਕਰਦਾ ਹੈ। ਫੋਨ ਯਾਦਦਾਸ਼ਤ ’ਚ ਉਪਲਭਧ ਸ਼ਬਦ ਸੂਚੀ ਤੇ ਆਵ੍ਰਿਤੀ ਵਿੱਚੋਂ ਟਾਈਪ ਕੀਤੇ ਅੱਖਰ/ ਅੱਖਰਾਂ ਨੂੰ ਦੋ-ਅੰਕੀ ਖੋਜ ਰਾਹੀਂ ਲੱਭਿਆ ਜਾਂਦਾ ਹੈ। ਅਗੇਤਰ ਅੱਖਰ/ਅੱਖਰਾਂ ਦੇ ਆਧਾਰ ’ਤੇ ਚੁਣੇ ਸ਼ਬਦਾਂ ਨੂੰ ਇੱਕ ਵੱਖਰੀ ਸਾਰਣੀਸ਼ਾਲਾ (1rray) ਵਿੱਚ ਰੱਖ ਕੇ ਆਵ੍ਰਿਤੀ ਦੇ ਆਧਾਰ ’ਤੇ ਘਟਦੇ ਕ੍ਰਮ ’ਚ ਲਗਾਇਆ ਜਾਂਦਾ ਹੈ ਤੇ ਵੱਧ ਆਵ੍ਰਿਤੀ ਵਾਲੇ ਪਹਿਲੇ 5 ਸ਼ਬਦਾਂ ਨੂੰ ਸੁਝਾਅ ਸੂਚੀ ’ਚ ਦਿਖਾ ਦਿੱਤਾ ਜਾਂਦਾ ਹੈ। ਵਰਤੋਂਕਾਰ ਜਦੋਂ ਸ਼ਬਦ-ਸੂਚੀ ਤੋਂ ਬਾਹਰ ਕਿਸੇ ਨਵੇਂ ਸ਼ਬਦ ਨੂੰ 5 ਜਾਂ ਇਸ ਤੋਂ ਵੱਧ ਵਾਰ ਵਰਤ ਲੈਂਦਾ ਹੈ ਤਾਂ ਇਹ ਸ਼ਬਦ ਅਗਲੀ ਵਾਰ ਆਪਣੇ-ਆਪ ਫੋਨ ਯਾਦਦਾਸ਼ਤ (ਸ਼ਬਦ ਸੂਚੀ) ’ਚ ਸ਼ਾਮਿਲ ਹੋ ਜਾਂਦਾ ਹੈ। ਨਵੇਂ ਸ਼ਬਦ ਦੇ ਆਗਮਨ ਨਾਲ ਸੂਚੀ ਵਿੱਚੋਂ ਸਭ ਤੋਂ ਘੱਟ ਆਵ੍ਰਿਤੀ ਵਾਲਾ ਸ਼ਬਦ ਬਾਹਰ ਚਲਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ-ਸੂਚੀ ਦਾ ਆਕਾਰ ਹਮੇਸ਼ਾ ਸਥਿਰ ਰਹਿੰਦਾ ਹੈ। ਕੁਝ ਦਿਨ ਇਸ ਟਾਈਪਿੰਗ ਪੈਡ ਦੀ ਵਰਤੋਂ ਕਰਨ ਨਾਲ ਵਰਤੋਂਕਾਰ ਆਪਣੇ ਵਿਲੱਖਣ (ਨਿੱਜੀ) ਸੰਗ੍ਰਹਿਣ ਦੀ ਸਿਰਜਨਾ ਕਰ ਸਕਦਾ ਹੈ। ਟਾਈਪਿੰਗ ਪੈਡ ਵਿੱਚ ਟਾਈਪ ਕੀਤੇ ਸਨੇਹੇ ਨੂੰ ਬਿਜ-ਡਾਕ ਅਤੇ ਐੱਸਐੱਮਐੱਸ ਵਜੋਂ ਭੇਜਣ ਦੀ ਸ਼ਕਤੀਸ਼ਾਲੀ ਸਹੂਲਤ ਹੈ।

 ਪ੍ਰਮਾਣਿਕ ਸ਼ਬਦ-ਜੋੜ ਨਿਯਮ

ਪੰਜਾਬੀ ਟਾਈਪ ਕਰਦੇ ਸਮੇਂ ਵਰਤੋਂਕਾਰ ਤੋਂ ਕਈ ਵਾਰ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਹੋ ਜਾਂਦੀਆਂ ਹਨ। ਇਨ੍ਹਾਂ ਗ਼ਲਤੀਆਂ ਤੋਂ ਛੁਟਕਾਰਾ ਪਾਉਣ ਲਈ ਟਾਈਪਿੰਗ ਪੈਡ ਵਿੱਚ 275 ਨਿਯਮ ਪਾਏ ਗਏ ਹਨ। ਇਹ ਨਿਯਮ ਵਰਤੋਂਕਾਰ ਨੂੰ ਗ਼ਲਤ ਸ਼ਬਦ-ਜੋੜ ਪਾਉਣ ਤੋਂ ਰੋਕਦੇ ਹਨ। ਇਨ੍ਹਾਂ ਨਿਯਮਾਂ ਨੂੰ ਹੇਠਾਂ ਲਿਖੇ ਅਨੁਸਾਰ ਕੁੱਲ 16 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਪੈਰੀਂ ਰਾਰਾ ਨਿਯਮ; ਪੈਰੀਂ ਰਾਰਾ ਤੋਂ ਬਾਅਦ ਪੈਣ ਵਾਲੀਆਂ ਲਗਾਂ-ਮਾਤਰਾਵਾਂ ਨਿਯਮ; ਪੈਰੀਂ ਹਾਹਾ ਨਿਯਮ; ਪੈਰੀਂ ਹਾਹਾ ਤੋਂ ਬਾਅਦ ਪੈਣ ਵਾਲੀਆਂ ਲਗਾਂ-ਮਾਤਰਾਵਾਂ ਨਿਯਮ; ਪੈਰੀਂ ਵਾਵਾ ਨਿਯਮ; ਪੈਰੀਂ ਵਾਵਾ ਤੋਂ ਬਾਅਦ ਪੈਣ ਵਾਲੀਆਂ ਲਗਾਂ-ਮਾਤਰਾਵਾਂ ਨਿਯਮ; ਬਿੰਦੀ ਨਿਯਮ; ਟਿੱਪੀ ਨਿਯਮ; ਅੱਧਕ ਨਿਯਮ; ਪੈਰ ਬਿੰਦੀ ਨਿਯਮ; ਸਵੈ-ਸੋਧ ਨਿਯਮ; ਦੂਹਰੀ ਮਾਤਰਾ ਨਿਯਮ; ਵਿਸ਼ੇਸ਼ ਸਿਹਾਰੀ ਨਿਯਮ; ੳ ਨਿਯਮ; ਅ ਨਿਯਮ; ੲ ਨਿਯਮ।
 ਪੰਜਾਬੀ ਟਾਈਪਿੰਗ ਪੈਡ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
  •  * ਹੋਰਨਾਂ ਕੀ-ਬੋਰਡਾਂ ਨਾਲੋਂ ਸਭ ਤੋਂ ਘੱਟ ਬਟਣ-ਛੂਹ ਪ੍ਰਤੀ ਸ਼ਬਦ
  •  * ਆਧੁਨਿਕ (ਬਾਇਨਰੀ) ਖੋਜ ਵਿਧੀ ਰਾਹੀਂ ਉੱਚ ਚਾਲ ਸ਼ਬਦ ਖੋਜ ਸਹੂਲਤ
  •  * ਕਸਟਮ ਖਾਕਾ (ਫੋਨੈਟਿਕ+ਗੁਰਮੁਖੀ ਕ੍ਰਮਾਂਕ)
  •  * ਪੂਰਬ-ਲਿਖਤ ਸਹੂਲਤ: ਵੱਧ ਪ੍ਰਚਲਿਤ ਪਹਿਲੇ 5 ਸ਼ਬਦਾਂ ਨੂੰ ਸੁਝਾਅ ਪੈਨਲ ’ਚ ਦਿਖਾਉਣ ਦੀ ਯੋਗਤਾ
  •  * ਸੁਝਾਅ ਪੈਨਲ ਵਿੱਚੋਂ ਇਕਹਿਰੀ ਦਾਬ ਰਾਹੀਂ ਸ਼ਬਦ ਚੋਣ
  •  * ਇੱਕ ਕਰੋੜ ਸ਼ਬਦਾਂ ਦੇ ਸੰਗ੍ਰਹਿਣ ਵਿੱਚੋਂ ਵੱਧ ਵਰਤੋਂ ਵਾਲੇ ਲਗਪਗ 5000 ਸ਼ਬਦਾਂ ਦਾ ਅੰਕੜਾ-ਆਧਾਰ (Data Base)
  •  * ਵਰਤੋਂਕਾਰ ਵੱਲੋਂ ਵੱਧ ਵਰਤੋਂ ਵਾਲੇ ਨਵੇਂ ਸ਼ਬਦਾਂ ਨੂੰ ਅੰਕੜਾ ਆਧਾਰ ਵਿੱਚ ਸ਼ਾਮਿਲ ਕਰਨ ਅਤੇ ਘੱਟ ਜਾਂ ਨਾ-ਵਰਤੋਂ ਵਾਲੇ ਸ਼ਬਦਾਂ ਨੂੰ ਬਾਹਰ ਕੱਢਣ ਦੀ ਸ਼ਕਤੀਸ਼ਾਲੀ ਵਿਸ਼ੇਸ਼ਤਾ।
  •  * ਯੂਨੀਕੋਡ ਨਤੀਜਾ, ਐਂਡਰਾਇਡ ਆਧਾਰਿਤ ਕਿਸੇ ਵੀ ਫੋਨ ਜਾਂ ਵੈੱਬ ਜਾਲ-ਖੋਜਕ (Web Browser) ’ਤੇ ਪੜ੍ਹਨੀ ਸੌਖੀ।
  •  * ਟਾਈਪ ਕੀਤੇ ਸਨੇਹੇ ਨੂੰ ਐੱਸਐੱਮਐੱਸ ਜਾਂ ਬਿਜ-ਡਾਕ ਵਜੋਂ ਭੇਜਣ ਦੀ ਸਹੂਲਤ।
  •  * ਆਦੇਸ਼ਕਾਰੀ ਵਿੱਚ ਮੋਬਾਈਲ ਫੋਨ ਜਾਂ ਟੈਬਲਟ ਪੀਸੀ ਦੀ ਸਤਹਿ ਦੇ (ਆਕਾਰ ਦੇ) ਆਧਾਰ ’ਤੇ ਆਪਣੇ-ਆਪ ਛੋਟਾ ਜਾਂ ਵੱਡਾ ਕਰਕੇ ਦਿਖਾਉਣ ਦੀ ਯੋਗਤਾ।
  •  * ਐੱਸਐੱਮਐੱਸ ਭੇਜਣ ਲਈ ਫੋਨ ਦੀ ਸਿਰਨਾਵਾਂ ਸੂਚੀ ਵਿੱਚੋਂ ਅੰਕ ਚੁਣਨ ਦੀ ਸਹੂਲਤ।
  •  * ਟਾਈਪ ਕਰਨ ਸਮੇਂ ਪੰਜਾਬੀ ਦੀਆਂ ਵਿਭਿੰਨ 16 ਸ਼੍ਰੇਣੀਆਂ ਦੇ ਕੁੱਲ 275 ਸ਼ਬਦ ਜੋੜ ਨਿਯਮਾਂ ਨੂੰ ਲਾਗੂ ਕਰਵਾਉਣ ਦੀ ਵਿਵਸਥਾ।
  •  * ਗ਼ਲਤ ਲਗਾਂ-ਮਾਤਰਾਵਾਂ ਨੂੰ ਸਵੈ-ਸੋਧ ਰਾਹੀਂ ਠੀਕ ਕਰਨ ਦੀ ਵਿਸ਼ੇਸ਼ਤਾ।

 ਤਕਨੀਕੀ ਸ਼ਬਦਾਵਲੀ

  • ਯਾਦ: Memory (ਮੈਮਰੀ)
  • ਯਾਦ-ਸਮਰੱਥਾ: Memory Space (ਮੈਮਰੀ ਸਪੇਸ)
  • ਯਾਦਦਾਸ਼ਤ: Memory (ਮੈਮਰੀ)
  • ਯਾਦਦਾਸ਼ਤ (ਯਾਦ-) -ਪੱਤਾ: Memory card (ਮੈਮਰੀ ਕਾਰਡ)
  • ਯਾਦ-ਪ੍ਰਬੰਧਕ: Memory Manager (ਮੈਮਰੀ ਮੈਨੇਜਰ)
  • ਯੋਜਨਾ: Project (ਪ੍ਰੋਜੈਕਟ)
  • ਰੱਖਣਾ: Paste (ਪੇਸਟ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  28-07-2016
Previous
Next Post »