ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 23-04-2017
ਦੋਸਤੋ, ਤਕਨੀਕ ਦਿਨੋ-ਦਿਨ ਤਰੱਕੀ ਕਰ ਰਹੀ ਹੈ। ਭਵਿੱਖ ਵਿਚ ਬਹੁਤ ਕੁੱਝ ਨਵਾਂ ਵਾਪਰਨ ਜਾ
ਰਿਹਾ ਹੈ। ਗੱਲ ਸਮਾਰਟ ਫ਼ੋਨ ਦੀ ਹੋਵੇ, ਰੋਬੋਟ ਦੀ ਦੁਨੀਆਂ ਹੋਵੇ ਜਾਂ ਫਿਰ ਸਾਫ਼ਟਵੇਅਰਾਂ
ਦੀ, ਹਰੇਕ ਖੇਤਰ ਵਿਚ ਨਵੀਂਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ।
ਮੋਬਾਈਲ ਫ਼ੋਨ ਦੇ ਵੱਖ-ਵੱਖ ਹਿੱਸਿਆਂ ਨੂੰ ਅਲੱਗ ਕਰਨ 'ਤੇ
ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਜੋੜਨ ਦੀ ਖੋਜ ਹੋ ਰਹੀ ਹੈ। ਭਵਿੱਖ ਦੇ ਫੋਨਾਂ ਵਿਚ ਉਸ ਦੇ
ਵੱਖ-ਵੱਖ ਹਿੱਸਿਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਨਵੇਂ
ਲਗਾਏ ਜਾ ਸਕਦੇ ਹਨ।
ਵਿਗਿਆਨੀਆਂ ਨੇ ਅਜਿਹੇ ਵਿਲੱਖਣ ਫੋਨਾਂ ਨੂੰ ਮਾਡਿਊਲਰ (Moduler) ਫ਼ੋਨ ਦਾ
ਨਾਂ ਦਿੱਤਾ ਹੈ। ਆਓ ਹੁਣ ਅਜਿਹੇ ਫੋਨਾਂ ਦੀ ਬਣਤਰ ਨੂੰ ਸਮਝਣ ਦਾ ਯਤਨ ਕਰੀਏ। ਇਸ ਵਿਚ ਇੱਕ
ਮੁੱਢਲਾ ਢਾਂਚਾ ਹੁੰਦਾ ਹੈ ਜਿਸ ਨੂੰ ਮੇਨ ਬੋਰਡ ਕਿਹਾ ਜਾਂਦਾ ਹੈ। ਇਹ ਬੋਰਡ ਇੱਕ ਸਾਧਾਰਨ ਸਮਾਰਟ
ਫ਼ੋਨ ਦਾ ਕੰਮ ਕਰਦਾ ਹੈ। ਇਸ ਬੋਰਡ ਉੱਤੇ 6 ਵੱਖ-ਵੱਖ ਹਿੱਸੇ ਫਿੱਟ ਕੀਤੇ ਜਾ ਸਕਦੇ ਹਨ। ਇਹ ਹਿੱਸੇ
6 ਵੱਖ-ਵੱਖ ਲਚਕਦਾਰ ਫਰੇਮਾਂ ਵਿਚ ਬੜੀ ਆਸਾਨੀ ਨਾਲ ਫਿੱਟ ਹੋ ਜਾਂਦੇ ਹਨ। ਇਨ੍ਹਾਂ ਨੂੰ ਸੌਖਿਆਂ
ਹੀ ਇੱਧਰ-ਉੱਧਰ ਖਿਸਕਾ ਕੇ ਬਾਹਰ ਕੱਢਿਆ ਜਾ ਸਕਦਾ ਹੈ। ਇਹਨਾਂ ਹਿੱਸਿਆਂ ਨੂੰ ਮਾਡਿਊਲ ਕਿਹਾ
ਜਾਂਦਾ ਹੈ। ਇਨ੍ਹਾਂ ਮਾਡਿਊਲਾਂ ਦਾ ਆਪਸੀ ਬਿਜਲੀ ਸਬੰਧ ਲਾਉਣ ਸਾਰ ਹੀ ਜੁੜ ਜਾਂਦਾ ਹੈ। ਇਨ੍ਹਾਂ
ਨੂੰ ਆਪਸ ਵਿਚ ਜੋੜਨ ਲਈ ਤਾਰਾਂ ਦਾ ਜੋੜ ਲਾਉਣ ਜਾਂ ਟਾਂਕਾ ਲਾਉਣ ਦੀ ਲੋੜ ਨਹੀਂ ਪੈਂਦੀ। ਨਵੇਂ
ਫੋਨਾਂ ਵਿਚ ਸਕਰੀਨ ਦੀ ਤਸਵੀਰ ਦਿਖਾਉਣ ਦੀ ਗੁਣਵੱਤਾ ਅਰਥਾਤ ਰੈਜ਼ੂਲੇਸ਼ਨ (Resolution), ਕੈਮਰੇ ਤੇ ਬੈਟਰੀ ਦੀ ਸਮਰੱਥਾ ਵੀ ਵੱਧ ਹੈ।
ਹੁਣ ਮਾਡਿਊਲਰ
ਫੋਨਾਂ ਦੀ ਖੋਜ ਨਾਲ ਤੁਹਾਨੂੰ ਫ਼ੋਨ ਬਦਲਣ ਦੀ ਲੋੜ ਨਹੀਂ ਸਗੋਂ ਉਸਦੇ ਸਿਰਫ਼ ਕੁੱਝ ਹਿੱਸੇ ਜਿਵੇਂ
ਕਿ ਬੈਟਰੀ, ਕੈਮਰਾ, ਸਪੀਕਰ ਆਦਿ ਨੂੰ ਮੁੱਖ ਬੋਰਡ ਨਾਲੋਂ ਖਿਸਕਾ ਕੇ ਬਦਲਿਆ ਜਾ ਸਕੇਗਾ। ਇਸ ਤਕਨੀਕ
ਵਾਲੇ ਫੋਨਾਂ ਵਿਚ ਵੱਖ-ਵੱਖ ਭਾਗਾਂ ਨੂੰ ਅਪਗ੍ਰੇਡ (Upgrade) ਕਰਨ ਦੀ ਸੁਵਿਧਾ ਤਾਂ ਹੈ
ਈ ਨਾਲ ਇੱਕ ਰੀਤ ਜਾਂ ਰਿਵਾਜ ਵੀ ਬਣਨ ਦੀ ਪੂਰੀ ਆਸ ਹੈ। ਜੇ ਅਜਿਹੇ ਫੋਨਾਂ ਦੇ ਇਤਿਹਾਸ ਦੀ ਗੱਲ
ਕਰੀਏ ਤਾਂ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾ ਮਾਡਿਊਲਰ ਫ਼ੋਨ ਸਾਲ 2012 ਵਿਚ ਆਇਆ ਜਿਸ ਦਾ ਨਾਂ
ਫੋਨ ਬਲੌਕਸ (Phone Blocks) ਸੀ। ਇਸ ਮਗਰੋਂ ਅਲੱਗ-ਅਲੱਗ ਕੰਪਨੀਆਂ ਦੇ ਕਈ ਫ਼ੋਨ ਆਏ। ਗੂਗਲ ਜਲਦੀ ਹੀ ਅਜਿਹੇ
ਵਿਲੱਖਣ ਫੋਨਾਂ ਦੀ ਲੜੀ ਪੇਸ਼ ਕਰਨ ਜਾ ਰਹੀ ਹੈ। ਸੋਚਣਾ ਬਣਦਾ ਹੈ ਕਿ ਆਖ਼ਰ ਕਿਉਂ ਅਜਿਹੇ ਫੋਨਾਂ ਦੀ
ਲੋੜ ਪਈ? ਮਾਹਿਰ ਕਿਉਂ ਇਸ ਪਾਸੇ ਵੱਡੇ ਪੱਧਰ 'ਤੇ ਖੋਜਾਂ ਕਰ ਰਹੇ ਹਨ?
ਮਾਡਿਊਲਰ ਫ਼ੋਨ ਬਣਾਉਣ ਪਹਿਲਾ ਲਾਭ ਹੈ- ਇਲੈਕਟ੍ਰੋਨਿਕ ਕਚਰੇ ਨੂੰ ਘਟਾਉਣ। ਕਿਉਂਕਿ
ਪੁਰਾਣੇ ਮਾਡਲ ਦੇ ਫੋਨਾਂ ਦਾ ਬਾਜ਼ਾਰ ਚੋਂ ਕੁੱਝ ਨਹੀਂ ਵੱਟੀਦਾ ਤੇ ਲੋਕ ਉਹਨਾਂ ਨੂੰ ਬੇਕਾਰ ਕਰਕੇ
ਕਚਰੇ ਵਿਚ ਸੁੱਟ ਦਿੰਦੇ ਹਨ ਤੇ ਉਸ ਦੀ ਥਾਂ 'ਤੇ ਨਵਾਂ ਫ਼ੋਨ ਲੈ ਲੈਂਦੇ ਹਨ। ਇਸ ਨਵੀਂ ਤਕਨੀਕ
ਨਾਲ ਪੁਰਾਣੇ ਫ਼ੋਨ ਨੂੰ ਨਕਾਰਾ ਕਰਨ ਦੀ ਥਾਂ 'ਤੇ ਉਸੇ ਨੂੰ ਨਵੀਂ ਦਿੱਖ ਅਤੇ ਤਾਕਤ ਦਿੱਤੀ ਜਾ
ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਫੋਨਾਂ ਦੀ ਮੁਰੰਮਤ ਦਾ ਖ਼ਰਚ ਘੱਟ ਹੋਵੇਗਾ ਅਤੇ
ਵਰਤੋਂਕਾਰਾਂ ਲਈ ਜੇਬ ਵਿਚ ਰੱਖਣੇ ਸੌਖੇ ਹੋਣਗੇ। ਇਨ੍ਹਾਂ ਤਮਾਮ ਫ਼ਾਇਦਿਆਂ ਦੇ ਨਾਲ-ਨਾਲ ਇਸ ਦੀਆਂ
ਕੁੱਝ ਖ਼ਾਮੀਆਂ ਜਾਂ ਊਣਤਾਈਆਂ ਵੀ ਹੋ ਸਕਦੀਆਂ ਹਨ।
ਇਨ੍ਹਾਂ ਨੂੰ ਜੇਬ ਵਿਚ ਸੁਰੱਖਿਅਤ ਰੱਖਣਾ ਇੱਕ ਵੱਡੀ ਵੰਗਾਰ ਹੋਵੇਗੀ। ਹਾਲਾਂਕਿ
ਮੁੱਖ ਬੋਰਡ ਦੇ ਵੱਖ-ਵੱਖ ਫਰੇਮਾਂ ਵਿਚ ਉਸ ਦੇ ਮਾਡਿਊਲਾਂ ਨੂੰ ਫਸਾਉਣ ਜਾਂ ਫਿੱਟ ਕਰਨ ਲਈ ਚੁੰਬਕ
ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਫਿਰ ਵੀ ਇਨ੍ਹਾਂ ਦੇ ਡਿੱਗਣ 'ਤੇ ਵੱਖ-ਵੱਖ ਹਿੱਸਿਆ ਦੇ
ਖਿੱਲਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਗੱਲ ਪੱਕੀ ਹੈ ਕਿ ਸ਼ੁਰੂ ਵਿਚ
ਇਨ੍ਹਾਂ ਦੀ ਕੀਮਤ ਜ਼ਿਆਦਾ ਹੋਵੇਗੀ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣਗੇ। ਇਨ੍ਹਾਂ ਦੇ
ਮਾਡਿੳਲ ਜਾਂ ਭਾਗ ਆਮ ਫੋਨਾਂ ਵਾਲੀਆਂ ਦੁਕਾਨਾਂ ਤੋਂ ਮਿਲ ਸਕਣਗੇ ਜਾਂ ਨਹੀਂ, ਇਹ ਵੀ
ਇੱਕ ਵੱਡਾ ਸਵਾਲ ਹੈ। ਮਾਡਿਊਲਰ ਫੋਨਾਂ ਦੇ ਬਹੁਤ ਜ਼ਿਆਦਾ ਵਿਕਲਪਾਂ ਵਿਚ ਉਲਝਣ ਦੀ ਬਜਾਏ ਲੋਕ
ਰਵਾਇਤੀ ਸਮਾਰਟ ਫ਼ੋਨ ਨੂੰ ਤਰਜੀਹ ਦੇਣਗੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਵਕਤ
ਹੀ ਦੱਸੇਗਾ?
ConversionConversion EmoticonEmoticon