ਚੀਜ਼ਾਂ ਨੂੰ ਛੂਹੋ ਟੱਚ ਸਕਰੀਨ 'ਤੇ/touch thingh on screen cp kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 16-04-2017 

  • ਇਲੈਕਟਰੋ-ਵਾਈਬਰੇਸ਼ਨ ਤਕਨੀਕ ਰਾਹੀਂ ਟੱਚ ਸਕਰੀਨ 'ਤੇ ਚੀਜ਼ਾਂ ਨੂੰ ਸਪਰਸ਼ ਕਰਨ ਦਾ ਸੁਪਨਾ ਹੋਇਆ ਸਾਕਾਰ

ਦੋਸਤੋ, ਸਾਡੇ ਸਮਾਰਟ ਫ਼ੋਨ ਅਤੇ ਏਟੀਐਮ ਮਸ਼ੀਨ 'ਤੇ ਲੱਗੀ ਸਤਹਿ ਜਿਸਨੂੰ ਅਸੀਂ ਉਂਗਲੀ ਦੇ ਛੋਹ ਰਾਹੀਂ ਚਲਾਉਂਦੇ ਹਾਂ 'ਟੱਚ ਸਕਰੀਨ' ਅਖਵਾਉਂਦੀ ਹੈ। ਇਸ ਟੱਚ ਸਕਰੀਨ ਦੀ ਖੋਜ ਅੱਜ ਤੋਂ ਕਰੀਬ 50 ਸਾਲ ਪਹਿਲਾਂ ਹੋਈ। ਟੱਚ ਸਕਰੀਨ ਉਮਰ ਦੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰੀ ਹੈ। ਬਚਪਨ ਵਿਚ ਇਸ ਨੂੰ ਇੱਕ ਖ਼ਾਸ ਕਿਸਮ ਦੇ ਪੈੱਨ ਰਾਹੀਂ ਚਲਾਇਆ ਜਾਂਦਾ ਸੀ। ਜਦੋਂ ਇਹ ਵੱਡੀ ਤੇ ਵਿਕਸਿਤ ਹੋਈ ਤਾਂ ਇਸ ਨੂੰ ਉਂਗਲੀ ਦੀ ਛੋਹ ਰਾਹੀਂ ਚਲਾਇਆ ਜਾਣ ਲੱਗਿਆ। ਲੱਗਦਾ ਹੈ ਹੁਣ ਇਹ ਆਪਣੀ ਜਵਾਨੀ ਦੇ ਪੜਾਅ ਤੇ ਪਹੁੰਚ ਗਈ ਹੈ। ਇਸ ਰਾਹੀਂ ਹੁਣ ਛੂਹ ਕੇ ਚੀਜ਼ਾਂ ਨੂੰ ਮਹਿਸੂਸਿਆ ਵੀ ਜਾ ਸਕਦਾ ਹੈ।
ਵਿਗਿਆਨੀਆਂ ਨੇ ਇੱਕ ਖ਼ਾਸ ਕਿਸਮ ਦੀ ਟੱਚ ਸਕਰੀਨ ਬਣਾਈ ਹੈ। ਇਸ ਉੱਤੇ ਨਜ਼ਰ ਆਉਣ ਵਾਲੀ ਹਰੇਕ ਸ਼ੈਅ ਨੂੰ ਛੂਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਇਲੈਕਟਰੋ-ਵਾਈਬਰੇਸ਼ਨ ਤਕਨੀਕ (Electro Vibration Technology) ਦੀ ਦੇਣ ਹੈ ਕਿ ਅਸੀਂ ਚੀਜ਼ਾਂ ਨੂੰ ਸਪਰਸ਼ ਕਰਕੇ ਵੇਖਣ ਲੱਗ ਗਏ ਹਾਂ।
ਇਸ ਤਕਨਾਲੋਜੀ ਦੇ ਬੇਸ਼ੁਮਾਰ ਫ਼ਾਇਦੇ ਹੋਣਗੇ। ਨੇਤਰਹੀਣ ਵਿਅਕਤੀ ਜਿਹੜੇ ਸਕਰੀਨ 'ਤੇ ਦਿੱਸਣ ਵਾਲੀ ਸ਼ੈਅ ਨੂੰ ਵੇਖ ਨਹੀਂ ਸਕਦੇ, ਉਹ ਹੁਣ ਮਹਿਸੂਸ ਜ਼ਰੂਰ ਕਰ ਸਕਣਗੇ। ਵੀਡੀਓ ਗੇਮਾਂ ਵਿਚ ਇੱਕ ਨਵੀਂ ਜਾਨ ਫੂਕੀ ਜਾਵੇਗੀ। ਹੁਣ ਸਕਰੀਨ ਉੱਤੇ ਮੋਟਰਸਾਈਕਲ ਭਜਾਉਣ ਵਾਲਾ ਖਿਡਾਰੀ ਆਪਣੀ ਉਂਗਲੀ ਨਾਲ ਉਸ ਨੂੰ ਇੱਧਰ-ਉੱਧਰ ਮੋੜਨ ਵੇਲੇ ਮਹਿਸੂਸ ਵੀ ਕਰ ਸਕੇਗਾ। 
ਸਕਰੀਨ 'ਤੇ ਵਸਤੂਆਂ ਨੂੰ ਵੇਖ ਕੇ ਉਨ੍ਹਾਂ ਨੂੰ ਖ਼ਰੀਦਣ ਲਈ ਆਨ-ਲਾਈਨ ਆਰਡਰ ਦੇਣ ਵਾਲਿਆਂ ਨੂੰ ਇਸ ਦਾ ਵੱਧ ਲਾਭ ਹੋਵੇਗਾ। ਔਰਤਾਂ ਆਨ-ਲਾਈਨ ਸ਼ਾਪਿੰਗ ਸਮੇਂ ਖ਼ਰੀਦੇ ਜਾ ਰਹੇ ਕੱਪੜਿਆਂ ਨੂੰ ਸਪਰਸ਼ ਕਰ ਸਕਣਗੀਆਂ। ਇਹ ਸਪਰਸ਼ ਅਸਲ ਸਪਰਸ਼ ਜਿਹਾ ਹੋਵੇਗਾ। ਇਸ ਨਾਲ ਗ਼ਲਤੀ ਨਾਲ ਬੇਲੋੜੀਆਂ ਚੀਜ਼ਾਂ ਖ਼ਰੀਦਣ ਦੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ। ਆਨ-ਲਾਈਨ ਕਿਤਾਬਾਂ ਪੜ੍ਹਨ ਦੇ ਦੀਵਾਨਿਆਂ ਨੂੰ ਇਸ ਦਾ ਕਾਫ਼ੀ ਲਾਭ ਹੋਵੇਗਾ ਕਿਉਂਕਿ ਹੁਣ ਉਹ ਕਿਤਾਬ ਦਾ ਵਰਕਾ ਪਰਤਾਉਣ ਸਮੇਂ ਉਸ ਨੂੰ ਮਹਿਸੂਸ ਕਰ ਸਕਣਗੇ ਤੇ ਨਾਲ ਫਰੋਲਣ ਦੀ ਆਵਾਜ਼ ਵੀ ਸੁਣ ਸਕਣਗੇ।


Previous
Next Post »