20180426
ਪੰਜਾਬੀ ਲਿਪੀਕਾਰ ਕੀ-ਬੋਰਡ
ਦੋਸਤੋ, ਜੇਕਰ ਤੁਹਾਨੂੰ ਕੀ-ਬੋਰਡ ਉੱਤੇ ਟਾਈਪ ਕਰਨ ਦਾ ਕੰਮ ਬੋਝਲ ਲੱਗਦਾ ਹੈ ਤਾਂ ਤਕਨੀਕ ਨੇ ਇਸ ਦਾ ਹੱਲ ਵੀ ਕੱਢ ਦਿੱਤਾ ਹੈ। ਕੰਪਿਊਟਰ ਵਿਗਿਆਨੀਆਂ ਨੇ ਇਕ ਐਸਾ ਸੌਫ਼ਟਵੇਅਰ ਬਣਾਇਆ ਹੈ ਕਿ ਤੁਸੀਂ ਬਿਨਾਂ ਟਾਈਪ ਕਰਿਆਂ ਟਾਈਪ ਕਰ ਸਕਦੇ ਹੋ। ਇਸ ਸੌਫ਼ਟਵੇਅਰ ਨੇ ਕੀ-ਬੋਰਡ ਤੇ ਟਾਈਪਿੰਗ ਦੇ ਪੁਰਾਣੇ ਰਿਸ਼ਤੇ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਹੀ ਨਹੀਂ ਦਿੱਤਾ ਸਗੋਂ ਸਾਖਰਤਾ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ।
ਹੁਣ ਅੱਖਰ-ਗਿਆਨ ਤੋਂ ਅਨਜਾਣ ਵਿਅਕਤੀ ਅਨਪੜ੍ਹ ਨਹੀਂ ਹੋਵੇਗਾ ਸਗੋਂ ਉਹ ਬੋਲ ਕੇ ਲਿਖ ਸਕੇਗਾ ਤੇ ਆਪਣੇ ਕੰਪਿਊਟਰ, ਸਮਾਰਟ ਫੋਨ ਜਾਂ ਹੋਰਨਾਂ ਕੰਪਿਊਟਰੀ ਮਸ਼ੀਨਾਂ ਨੂੰ ਹੁਕਮ ਦੇ ਸਕੇਗਾ। ਦੋਸਤੋ, ਤੁਸੀਂ ਦਫ਼ਤਰ ’ਚ ਬੈਠਿਆਂ, ਸਫ਼ਰ ਦੌਰਾਨ, ਮੰਜੇ ‘ਤੇ ਪਿਆਂ ਜਾਂ ਸੈਰ ਕਰਦਿਆਂ ਟਾਈਪ ਕਰਨ ਦੇ ਬੋਝ ਨੂੰ ਬੋਲਾਂ ਦੀ ਚਾਸ਼ਣੀ ਰਾਹੀ ਬਾਖ਼ੂਬੀ ਹੌਲ਼ਾ ਕਰ ਸਕਦੇ ਹੋ।
ਆਓ ਜਾਣਦੇ ਹਾਂ ਇਸ ਸੌਫ਼ਟਵੇਅਰ ਬਾਰੇ ਕਿ ਇਹ ਕਿੱਥੋਂ ਮਿਲਦਾ ਹੈ ਤੇ ਕਿਵੇਂ ਕੰਮ ਕਰਦਾ ਹੈ? ਦੋਸਤੋ, ਇਸ ਵਿਲੱਖਣ ਸੌਫ਼ਟਵੇਅਰ ਦਾ ਨਾਂ ਹੈ– ਲਿਪੀਕਾਰ ਪੰਜਾਬੀ ਕੀ-ਬੋਰਡ (Lipikaar Punjabi Keyboard)। ਇਹ ਐਂਡਰਾਇਡ ਫੋਨ ਦੀ ਇਕਮਾਤਰ ਐਪ ਹੈ ਜਿਸ ਨੂੰ ਗੂਗਲ ਐਪ ਸਟੋਰ ਤੋਂ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਐਪ ਨੂੰ ਇੰਸਟਾਲ ਕਰਨ ’ਤੇ ਇਕ ਸੈਟਿੰਗਜ਼ (Setting) ਵਾਲੀ ਸਕਰੀਨ ਖੁੱਲ੍ਹਦੀ ਹੈ ਜਿਸ ਉੱਤੇ ਕੁੱਝ ਵੀ ਕਰਨ ਦੀ ਲੋੜ ਨਹੀਂ। ਸਿੱਧਾ ਐੱਸਐੱਮਐੱਸ ਐਪ, ਵਟਸਐਪ, ਫੇਸਬੁਕ ਜਾਂ ਕਿਸੇ ਹੋਰ ਐਪ ਨੂੰ ਖੋਲ੍ਹੋ ਤੇ ਟੱਚ ਕਰੋ। ਹੇਠਾਂ ਕੀ-ਬੋਰਡ ਨਜ਼ਰ ਆਵੇਗਾ। ਇੱਥੋਂ ਪੰਜਾਬੀ ਚੁਣੋ ਤੇ ਸੱਜੇ ਹੱਥ ਵਾਲੇ ਮਾਈਕ ਵਾਲੇ ਨਿਸ਼ਾਣ ਨੂੰ ਦੱਬੋ। ਹੁਣ ਸੌਫ਼ਟਵੇਅਰ ਤੁਹਾਨੂੰ ਸੁਣਨ ਲਈ ਤਿਆਰ ਹੈ, ਬੋਲੋ ਤੇ ‘ਹੋ ਗਿਆ’ ਵਾਲਾ ਬਟਣ ਦਬਾ ਦਿਓ। ਜੋ ਬੋਲਿਆ ਸੀ, ਉਹ ਟਾਈਪ ਹੋਇਆ ਨਜ਼ਰ ਆਵੇਗਾ। ਜਿੰਨਾ ਸਪਸ਼ਟ, ਉੱਚੀ ਤੇ ਰੁਕ-ਰੁਕ ਕੇ ਬੋਲੋਗੇ, ਆਊਟਪੁਟ ਓਨੀ ਹੀ ਚੰਗੀ ਆਵੇਗੀ। ਰੌਲ਼ੇ-ਗੌਲ਼ੇ ਵਾਲੇ ਮਾਹੌਲ ‘ਚ ਇਹ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਤੇ ਸਿੱਟੇ ਵਜੋਂ ਗ਼ਲਤ ਅੱਖਰ-ਜੋੜ ਪਾ ਸਕਦਾ ਹੈ। ਜੇ ਆਪਣੇ ਫੋਨ ਨਾਲ ਇਕ ਵੱਖਰਾ ਮਾਈਕਰੋਫੋਨ ਜੋੜ ਕੇ ਉਹਦੇ ਵਿਚ ਬੋਲੋ ਤਾਂ ਟਾਈਪ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ।
ਕਈ ਵਾਰ ਇਸ ਐਪ ਨੂੰ ਚਾਲੂ ਕਰਨ ਵੇਲੇ ਔਖ ਵੀ ਆ ਸਕਦੀ ਹੈ। ਅਜਿਹਾ ਹੋਣ ’ਤੇ ਮੋਬਾਈਲ ਦੀਆਂ ਸੈਟਿੰਗਜ਼ (Settings) ਵਿਚ ਜਾਓ ਤੇ ਇੱਥੋਂ ਲੈਂਗੂਏਜਿਜ਼ ਐਂਡ ਇਨਪੁਟ (Languages and Input) ਖੋਲ੍ਹ ਲਓ। ਹੁਣ ਕਰੰਟ ਕੀ-ਬੋਰਡ (Current Keyboard) ਨੂੰ ਖੋਲ੍ਹ ਕੇ ਲਿਪੀਕਾਰ ਕੀ-ਬੋਰਡ ਚੁਣ ਲਓ। ਦੁਬਾਰਾ ਟਾਈਪ ਕਰਨ ਵਾਲੀ ਥਾਂ ’ਤੇ ਜਾਓ ਤੇ ਆਪਦੀ ਮਿੱਠ ਬੋਲੜੀ ਪੰਜਾਬੀ ਵਿਚ ਬੋਲੋ। ਮਾਂ-ਬੋਲੀ ਦੇ ਮੋਤੀਆਂ ਵਰਗੇ ਹਰਫ਼ਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਸਤਰਾਂ ਬਣਦੀਆਂ ਜਾਣਗੀਆਂ।
ਇਸ ਐਪ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਇਹ ਸਿੱਧਾ ਯੂਨੀਕੋਡ ਸਿਸਟਮ (ਰਾਵੀ ਆਦਿ ਫੌਂਟ) ਵਿਚ ਲਿਖਦੀ ਹੈ। ਇਸ ਮਿਆਰੀ ਫੌਂਟ ਵਾਲੇ ਮੈਟਰ ਦੀ ਈ-ਮੇਲ ਭੇਜੋ, ਫੇਸਬੁੱਕ ਦੀ ‘ਕੰਧ’ ’ਤੇ ਪਾਓ, ਵਟਸਐਪ ਰਾਹੀਂ ਪੋਸਟ ਪਾਓ ਤੇ ਚਾਹੇ ਗੂਗਲ ਵਿਚ ਖੋਜੋ, ਸਭਨਾਂ ਥਾਈਂ ਕੰਮ ਕਰੇਗੀ।
ਇਸ ਵਿਚ ਵੱਖ-ਵੱਖ ਕੰਪਣੀਆਂ ਦੇ ਇਸ਼ਤਿਹਾਰ ਵਿਘਨ ਪਾਉਂਦੇ ਹਨ। ਜੇ ਤੁਸੀਂ ਇਸ ਦੀ ਵੱਧ ਵਰਤੋਂ ਕਰਦੇ ਹੋ ਤੇ ਇਸ਼ਤਿਹਾਰਾਂ ਦੀ ‘ਬਿਮਾਰੀ’ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਖ਼ਰਚ ਕਰਨਾ ਪਵੇਗਾ। ਇਸ ਕੰਮ ਲਈ ਐਪਜ਼ ਦੀ ਸੂਚੀ ਵਿਚ ਲਿਪੀਕਾਰ ਲੱਭ ਕੇ ਖੋਲ੍ਹੋ। ਇਸ ਦੀ ਸੈਟਿੰਗਜ਼ ਵਾਲੀ ਸਕਰੀਨ ਖੁੱਲ੍ਹੇਗੀ ਤੇ ਇੱਥੇ ਡਿਸੇਬਲ ਐਡਜ਼ (Disable Ads) ਤੇ ਕਲਿੱਕ ਕਰਕੇ ਔਨ-ਲਾਈਨ ਭੁਗਤਾਣ ਕਰ ਦਿਓ। ਉਮੀਦ ਹੈ ਕਿ ਬੋਲ ਕੇ ਟਾਈਪ ਕਰਨ ਵਾਲੀ ਇਸ ਤਕਨੀਕ ਦਾ ਪਾਠਕ ਪੂਰਾ ਲਾਹਾ ਲੈਣਗੇ।
1 comments:
Click here for commentsਹੈਲੋ ਜੀ
ConversionConversion EmoticonEmoticon