'ਐਪਸ' ਦਾ ਅਦਾਨ-ਪ੍ਰਦਾਨ APK Extractor ਰਾਹੀਂ/cpKamboj_punjabiComputer


3-6-18

         ਗੂਗਲ ਪਲੇਅ ਸਟੋਰ 'ਤੇ ਹਜ਼ਾਰਾਂ ਐਪਸ ਮੌਜੂਦ ਹਨ। ਇਨ੍ਹਾਂ ਵਿਚੋਂ ਤੁਸੀਂ ਆਪਣੀ ਲੋੜ ਅਨੁਸਾਰ ਐਪ ਡਾਊਨਲੋਡ ਕਰਕੇ ਵਰਤ ਸਕਦੇ ਹੋ।
ਸਾਫਟਵੇਅਰ ਵਿਕਾਸਕਾਰਾਂ ਨੇ ਕਈ ਐਪਸ ਪਲੇਅ ਸਟੋਰ 'ਤੇ ਨਹੀਂ ਪਾਈਆ ਹੁੰਦੀਆਂ। ਜਿਸ ਕਾਰਨ ਇਨ੍ਹਾਂ ਨੂੰ ਪ੍ਰਾਪਤ ਕਰਨ 'ਚ ਮੁਸ਼ਕਿਲ ਪੇਸ਼ ਆਉਂਦੀ ਹੈ। ਕਈ ਵਾਰ ਅਜਿਹੀਆਂ ਐਪਸ (ਦੂਜੀਆਂ) ਵੈੱਬਸਾਈਟਾਂ 'ਤੇ ਉਪਲਬਧ ਹੋ ਸਕਦੀਆਂ ਹਨ। ਜੇਕਰ ਤੁਹਾਡੇ ਮਤਲਬ ਦੀ ਕੋਈ ਐਪ ਇੰਟਰਨੈੱਟ ਪਲੇਅ ਸਟੋਰ ਜਾਂ ਕਿਸੇ ਹੋਰ ਵੈੱਬਸਾਈਟ ਤੇ ਉਪਲਬਧ ਨਹੀਂ ਤਾਂ ਉਸ ਨੂੰ ਦੂਸਰੇ ਦੇ ਮੋਬਾਈਲ ਫ਼ੋਨ ਤੋਂ ਸਿੱਧਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹੀਆਂ ਐਪਸ ਦਾ ਆਦਾਨ-ਪ੍ਰਦਾਨ ਬਲ਼ੂ-ਟੁੱਥ ਰਾਹੀਂ ਕੀਤਾ ਜਾ ਸਕਦਾ ਹੈ। ਕਈ ਲੋਕ ਮੋਬਾਈਲ ਨੂੰ ਡਾਟਾ ਕੇਬਲ ਰਾਹੀਂ ਕੰਪਿਊਟਰ ਨਾਲ ਜੋੜ ਕੇ ਪਹਿਲਾਂ ਐਪ ਨੂੰ ਕੰਪਿਊਟਰ ਵਿਚ ਸੇਵ ਕਰ ਲੈਂਦੇ ਹਨ ਤੇ ਫਿਰ ਦੂਸਰੇ ਫ਼ੋਨ 'ਚ ਭੇਜ ਦਿੰਦੇ ਹਨ।
         ਮੋਬਾਈਲ ਐਪਸ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਇੱਕ ਸੌਖਾ ਇਲਾਜ ਹੈ- ਏਪੀਕੇ ਐਕਸਟ੍ਰੈਕਟਰ (apk Extractor)। ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਹੈ ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਤੁਹਾਡੇ ਮੋਬਾਈਲ ਵਿਚ ਮੌਜੂਦ ਕਿਸੇ ਐਪ ਦੀ ਸਾਂਝਦਾਰੀ ਕਰਨ ਲਈ ਇਹ ਇੱਕ ਸੰਜੀਵਨੀ ਬੂਟੀ ਹੈ। ਇਹ ਇੱਕ ਮਾਤਰ ਐਪ ਐਕਸਪਲੋਰਰ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀਆਂ ਐਪਸ ਨੂੰ ਬਲੂ-ਟੁੱਥ, ਵਟਸ-ਐਪ, ਈ-ਮੇਲ ਆਦਿ ਰਾਹੀਂ ਦੂਸਰੇ ਫ਼ੋਨ ਵਿਚ ਭੇਜ ਸਕਦੇ ਹੋ। ਐਪਸ ਨੂੰ ਬਾਹਰ ਕੱਢ (Extract) ਕਰ ਕੇ ਅੰਦਰੂਨੀ ਐੱਸਡੀ ਕਾਰਡ ਵਿਚ ਸੇਵ ਵੀ ਕੀਤਾ ਜਾ ਸਕਦਾ ਹੈ।
ਐਪ ਭੇਜਣਾ
ਐਪ ਦੂਸਰੇ ਫ਼ੋਨ ਵਿਚ ਬਲੂ-ਟੁੱਥ, ਵਟਸ ਐਪ ਜਾਂ ਈ-ਮੇਲ ਆਦਿ ਰਾਹੀਂ ਭੇਜਣ ਲਈ ਹੇਠਾਂ ਦਿੱਤੇ ਕੰਮ ਕਰੋ:
·         ਏਪੀਕੇ ਐਕਸਟ੍ਰੈਕਟਰ ਖੋਲ੍ਹੋ। ਇਹ ਤੁਹਾਨੂੰ ਮੋਬਾਈਲ ਵਿਚਲੀਆਂ ਸਾਰੀਆਂ ਐਪਸ, ਇੱਥੋਂ ਤੱਕ ਕਿ ਇਹ ਖ਼ੁਦ ਨੂੰ ਵੀ ਇੱਕ ਸੂਚੀ ਵਿਚ ਦਿਖਾਏਗਾ।
·         ਜਿਹੜੀ ਐਪ ਨੂੰ ਭੇਜਣਾ ਚਾਹੁੰਦੇ ਹੋ ਉਸ ਉੱਤੇ ਥੋੜ੍ਹੀ ਦੇਰ ਟੱਚ ਕਰਕੇ ਰੱਖੋ।
·         ਤਿੰਨ ਵਿਕਲਪ ਐਕਸਟ੍ਰੈਕਟਰ ਏਪੀਕੇ, ਸੈਂਡ ਏਪੀਕੇ ਅਤੇ ਡਿਲੀਟ ਐਪ ਨਜ਼ਰ ਆਉਣਗੇ।
·         ਸੈਂਡ ਏਪੀਕੇ ਦੀ ਚੋਣ ਕਰੋ।
·         ਹੁਣ ਏਪੀਕੇ ਐਪ ਨੂੰ ਦੂਸਰੇ ਫ਼ੋਨ ਤੱਕ ਭੇਜਣ ਦਾ ਮਾਧਿਅਮ (ਜਿਵੇਂ ਕਿ ਬਲੂ-ਟੁੱਥ ਆਦਿ) ਚੁਣੋ।
·         ਬਲੂ-ਟੁੱਥ ਰਾਹੀਂ ਭੇਜਣ ਦੀ ਸਥਿਤੀ ਵਿਚ ਮੋਬਾਈਲ ਪਹਿਲਾਂ ਤੁਹਾਡੇ ਤੋਂ ਬਲੂ-ਟੁੱਥ 'ਆਨ' ਕਰਨ ਦੀ ਪ੍ਰਵਾਨਗੀ ਲਵੇਗਾ। ਇੱਥੋਂ 'ਯੈੱਸ' 'ਤੇ ਟੱਚ ਕਰ ਦਿਓ। ਬਲੂ-ਟੁੱਥ 'ਆਨ' ਹੋਣ ਉਪਰੰਤ ਬਲੂ-ਟੁੱਥ ਦੀ ਰੇਂਜ 'ਚ ਆਉਂਦੇ ਫੋਨਾਂ ਦੇ ਨਾਂ ਨਜ਼ਰ ਆਉਣਗੇ। ਇੱਥੋਂ ਲੋੜੀਂਦੇ ਫ਼ੋਨ ਦੇ ਨਾਂ ਦੀ ਚੋਣ ਕਰੋ। ਪ੍ਰਕਿਰਿਆ ਪੂਰੀ ਕਰਨ ਲਈ ਢੁਕਵੇਂ ਵਿਕਲਪਾਂ ਦੀ ਚੋਣ ਕਰਦੇ ਜਾਓ।
ਈ-ਮੇਲ (ਯਾਹੂ ਜਾਂ ਜੀ-ਮੇਲ) ਰਾਹੀਂ ਭੇਜਣ ਲਈ ਢੁਕਵਾਂ ਵਿਕਲਪ ਚੁਣੋ। ਚੁਣੀ ਗਈ ਐਪ ਮੇਲ ਸੰਦੇਸ਼ ਨਾਲ ਨੱਥੀ (ਅਟੈਚ) ਹੋ ਜਾਵੇਗੀ ਹੁਣ ਦੂਸਰੇ ਫ਼ੋਨ 'ਤੇ ਈ-ਮੇਲ ਪ੍ਰੋਗਰਾਮ ਖੋਲ੍ਹੋ ਅਤੇ ਭੇਜੀ ਗਈ ਐਪ ਡਾਊਨਲੋਡ ਕਰ ਲਓ।
ਐਪ ਨੂੰ ਐੱਸਡੀ ਕਾਰਡ ਵਿਚ ਸੇਵ ਕਰਨਾ
ਐਪ ਨੂੰ ਆਪਣੇ ਮੋਬਾਈਲ ਦੇ ਅੰਦਰੂਨੀ ਐੱਸਡੀ ਕਾਰਡ ਵਿਚ ਸੇਵ ਕਰਨ ਲਈ ਹੇਠਾਂ ਦਿੱਤੇ ਸਟੈੱਪ ਵਰਤੋ:
·         ਏਪੀਕੇ ਐਕਸਟ੍ਰੈਕਟਰ ਪ੍ਰੋਗਰਾਮ ਚਾਲੂ ਕਰੋ।
·         ਐਪਸ ਦੀ ਸੂਚੀ ਵਿਚੋਂ ਲੋੜੀਂਦੀ ਐਪ ਨੂੰ ਲੰਬੇ ਸਮੇਂ ਲਈ ਟੱਚ ਕਰਕੇ ਰੱਖੋ।
·          ਐਕਸਟ੍ਰੈਕਟ ਏਪੀਕੇ (Extract APK) ਦੀ ਚੋਣ ਕਰੋ।
·         ਐਪ ਅੰਦਰੂਨੀ ਐੱਸਡੀ ਕਾਰਡ ਐਪ ਮੈਨੇਜਰ ਵਾਲੇ ਫੋਲਡਰ ਵਿਚ ਸੇਵ ਹੋ ਜਾਵੇਗੀ।
ਇਸ ਤਰ੍ਹਾਂ ਐਪਸ ਨੂੰ ਯੂਐੱਸਬੀ ਡਾਟਾ ਕੇਬਲ ਰਾਹੀਂ ਕੰਪਿਊਟਰ ਵਿਚ ਭੇਜ ਕੇ ਸੁਰੱਖਿਅਤ ਕੀਤਾ ਜਾ ਸਕਦਾ ਹੈ।

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Previous
Next Post »