'ਜੰਪ ਸ਼ੇਅਰ' ਰਾਹੀ ਸਾਂਝਾ ਕਰੋ ਲਿੰਕ/cpKamboj_punjabiComputer


22-4-18
ਜੰਪ ਸ਼ੇਅਰ (www.jumpshare.com) ਇੱਕ ਅਜਿਹੀ ਵੈੱਬਸਾਈਟ ਹੈ ਜਿਸ ਰਾਹੀਂ ਵੱਡੀਆਂ ਫਾਈਲਾਂ ਨੂੰ ਆਪਣੇ ਪਰਿਵਾਰ, ਦੋਸਤਾਂ, ਸਹਿ-ਕਰਮੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਹ ਵੈੱਬਸਾਈਟ 200 ਤੋਂ ਵੱਧ ਪ੍ਰਕਾਰ ਦੀਆਂ ਫਾਈਲ ਕਿਸਮਾਂ ਜਿਵੇਂ ਕਿ- ਫੋਟੋ, ਵੀਡੀਓ, ਔਡੀਓ, ਪ੍ਰਸਤੁਤੀ, ਸਪਰੈੱਡਸ਼ੀਟ, ਫੌਂਟ ਆਦਿ ਨੂੰ ਅੱਪਲੋਡ ਅਤੇ ਸਾਂਝਾ ਕਰਨ ਦੀ ਸਮਰੱਥਾ ਰੱਖਦੀ ਹੈ।
ਇਹ ਵੈੱਬਸਾਈਟ ਸਾਨੂੰ 2 ਜੀਬੀ ਤੱਕ ਮੁਫ਼ਤ ਸਟੋਰੇਜ ਪਲੇਟਫ਼ਾਰਮ ਮੁਹੱਈਆ ਕਰਵਾਉਂਦੀ ਹੈ। ਇਸ ਪਲੇਟਫ਼ਾਰਮ 'ਤੇ ਅਸੀਂ 250 ਐੱਮਬੀ ਆਕਾਰ ਤੱਕ ਦੀਆਂ ਫਾਈਲਾਂ ਰੱਖ ਸਕਦੇ ਹਾਂ। ਸਿੰਗਲ ਕਲਿੱਕ ਰਾਹੀਂ ਅੱਪਲੋਡ ਕੀਤੀਆਂ ਜਾਣ ਵਾਲੀਆਂ ਫਾਈਲਾਂ ਸਾਡੇ ਖਾਤੇ ਵਾਲੇ ਮੁੱਖ ਪੰਨੇ 'ਤੇ ਨਜ਼ਰ ਆਉਣ ਲਗਦੀਆਂ ਹਨ। ਇੱਥੋਂ ਇਨ੍ਹਾਂ ਫਾਈਲਾਂ ਦਾ ਇੰਟਰਨੈੱਟ ਲਿੰਕ ਕਾਪੀ ਕੀਤਾ ਜਾ ਸਕਦਾ ਹੈ, ਕਿਸੇ ਈ-ਮੇਲ ਪਤੇ 'ਤੇ ਸਿੱਧਾ ਭੇਜਿਆ ਜਾ ਸਕਦਾ ਹੈ ਜਾਂ ਕਿਸੇ ਸੋਸ਼ਲ ਨੈੱਟਵਰਕ ਸਾਈਟ 'ਤੇ ਸਾਂਝਾ ਕੀਤਾ ਜਾ ਸਕਦਾ ਹੈ। ਇੰਜ ਸਾਂਝੇ ਕੀਤੇ ਫਾਈਲ ਲਿੰਕ ਨੂੰ ਇੰਟਰਨੈੱਟ ਨਾਲ ਜੁੜੇ ਕਿਸੇ ਕੰਪਿਊਟਰ, ਲੈਪਟਾਪ, ਟੈਬਲਟ ਜਾਂ ਸਮਾਰਟ ਫ਼ੋਨ 'ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਦਰਸਾਏ ਗਏ ਲਿੰਕ ਉੱਤੇ ਕਲਿੱਕ ਕਰਨ ਨਾਲ ਨੱਥੀ ਕੀਤੀ ਫਾਈਲ ਝੱਟ ਤੁਹਾਡੇ ਕੋਲ ਡਾਊਨਲੋਡ ਹੋ ਜਾਂਦੀ ਹੈ।
ਜੰਪ ਸ਼ੇਅਰ ਰਾਹੀਂ ਵੱਖ-ਵੱਖ ਵਿਅਕਤੀ ਆਪਣੇ ਪੇਸ਼ੇ ਨਾਲ ਜੁੜੀਆਂ ਵੱਡ ਆਕਾਰੀ ਫਾਈਲਾਂ ਸਾਂਝੀਆਂ ਕਰ ਸਕਦੇ ਹਨ ਜਿਵੇਂ ਕਿ:
·        ਡਿਜ਼ਾਈਨਰ: ਆਪਣੇ ਗਾਹਕਾਂ ਤੱਕ ਮੇਕਅਪ/ਡਿਜ਼ਾਈਨ ਸਾਂਝਾ ਕਰ ਸਕਦੇ ਹਨ।
·        ਪ੍ਰੋਗਰਾਮਰ: ਕਿਸੇ ਪ੍ਰੋਗਰਾਮ ਦਾ ਕੋਡ ਆਪਣੇ ਵਿਦਿਆਰਥੀਆਂ ਜਾਂ ਸਹਿ-ਕਰਮੀਆਂ ਨਾਲ ਸਾਂਝਾ ਕਰ ਸਕਦੇ ਹਨ।
·        ਕੰਪਨੀਆਂ: ਆਪਣੇ ਉਪਭੋਗਤਾਵਾਂ ਤੱਕ ਇਸ਼ਤਿਹਾਰ ਅਤੇ ਉਤਪਾਦਾਂ ਬਾਰੇ ਜਾਣਕਾਰੀ ਪਹੁੰਚਾ ਸਕਦੀਆਂ ਹਨ।
·        ਲੇਖਕ: ਆਪਣੀਆਂ ਰਚਨਾਵਾਂ ਪਾਠਕਾਂ ਤੱਕ ਪੁੱਜਦਾ ਕਰਵਾ ਸਕਦੇ ਹਨ।
·        ਫੋਟੋਗ੍ਰਾਫ਼ਰ: ਵੱਡੀਆਂ ਫ਼ੋਟੋਆਂ ਅਤੇ ਐਲਬੰਮਸ ਆਪਣੇ ਗਾਹਕਾਂ ਨੂੰ ਭੇਜ ਸਕਦੇ ਹਨ।
·        ਵਿਦਿਆਰਥੀ: ਨੋਟਸਾਂ/ਸਿੱਖਣ ਸਮੱਗਰੀ ਦਾ ਆਪਸ ਵਿਚ ਅਦਾਨ-ਪ੍ਰਦਾਨ ਕਰ ਸਕਦੇ ਹਨ।
·        ਵਕਤਾ: ਆਪਣੇ ਸਰੋਤਿਆਂ ਤੱਕ ਔਡੀਓ ਫਾਈਲਾਂ ਭੇਜ ਸਕਦੇ ਹਨ।
·        ਡਾਕਟਰ: ਆਪਣੇ ਮਰੀਜ਼ ਤੱਕ ਰਿਪੋਰਟ ਪਹੁੰਚਾ ਸਕਦੇ ਹਨ ਜਾਂ ਆਪਣੇ ਸਾਥੀਆਂ ਨਾਲ ਕਿਸੇ ਵਿਸ਼ੇ 'ਤੇ ਸਲਾਹ ਕਰ ਸਕਦੇ ਹਨ।
·        ਅੰਕੜਾ ਵਿਸ਼ਲੇਸ਼ਕ: ਸਪਰੈੱਡਸ਼ੀਟ ਦੀ ਸਾਂਝ ਕਰਕੇ ਵਿਆਪਕ ਡਾਟੇ ਦਾ ਅਦਾਨ-ਪ੍ਰਦਾਨ ਕਰ ਸਕਦੇ ਹਨ।
ਜੰਪ ਸ਼ੇਅਰ ਰਾਹੀਂ ਕੋਈ ਫਾਈਲ ਅੱਪਲੋਡ ਕਰਨ, ਉਸ ਦੇ ਲਿੰਕ ਨੂੰ ਕਿਸੇ ਈ-ਮੇਲ 'ਤੇ ਸਾਂਝਾ ਕਰਨ ਅਤੇ ਡਾਊਨਲੋਡ ਕਰਨ ਲਈ ਹੇਠਾਂ ਦਿੱਤੀ ਕਦਮ-ਦਰ-ਕਦਮ ਪ੍ਰਕਿਰਿਆ ਪੁਗਾਓ:
  • ਵੈੱਬ ਬ੍ਰਾਊਜ਼ਰ ਦੀ ਐਡਰੈੱਸ ਬਾਰ 'åੇ www.jumpshare.com ਟਾਈਪ ਕਰੋ ਅਤੇ ਐਂਟਰ ਬਟਨ ਦਬਾਓ।
  • ਵੈੱਬਸਾਈਟ ਦਾ ਮੁੱਖ ਪੰਨਾ ਖੁੱਲ੍ਹੇਗਾ। ਇੱਥੋਂ Sign Up 'ਤੇ ਟੱਚ ਕਰੋ। ਤਿੰਨ ਡੱਬੀਆਂ (ਫ਼ਸਟ ਐਂਡ ਲਾਸਟ ਨੇਮ, ਈ-ਮੇਲ ਅਤੇ ਪਾਸਵਰਡ ਵਾਲਾ) ਇੱਕ ਛੋਟਾ ਫਾਰਮ ਖੁੱਲ੍ਹੇਗਾ।
  • ਫ਼ਸਟ ਐਂਡ ਲਾਸਟ ਨੇਮ (ਜਿਵੇਂ ਕਿ Raman Thind), ਈ-ਮੇਲ ਪਤਾ ਅਤੇ ਪਾਸਵਰਡ ਭਰੋ। ਧਿਆਨ ਰਹੇ ਕਿ ਪਾਸਵਰਡ ਵਾਲੇ ਬਕਸੇ ਵਿਚ ਆਪਣੀ ਈ-ਮੇਲ ਦਾ ਅਸਲ ਪਾਸਵਰਡ ਨਾ ਲਿਖਿਆ ਜਾਵੇ। ਇੱਥੇ ਨਵਾਂ/ਵੱਖਰਾ ਪਾਸਵਰਡ ਭਰ ਕੇ ਉਸ ਨੂੰ ਚੇਤੇ ਰੱਖ ਲਿਆ ਜਾਵੇ।
·         ਹੁਣ Sign Up 'ਤੇ ਟੱਚ ਕਰੋ । ਪ੍ਰਕਿਰਿਆ ਪੂਰੀ ਹੋਣ ਉਪਰੰਤ ਤੁਸੀਂ ਇਸ ਵੈੱਬਸਾਈਟ 'ਤੇ ਰਜਿਸਟਰਡ ਹੋ ਜਾਵੋਗੇ।
  • ਹੁਣ ਵੈੱਬਸਾਈਟ ਦੇ Login ਵਾਲੇ ਬਟਨ 'ਤੇ ਟੱਚ ਕਰੋ। ਇੱਕ ਫਰੇਮ 'ਚ ਨਜ਼ਰ ਆਉਣ ਵਾਲੇ ਦੋਹਾਂ ਬਕਸਿਆਂ ਵਿਚ ਕ੍ਰਮਵਾਰ ਈ-ਮੇਲ ਪਤਾ ਅਤੇ ਪਾਸਵਰਡ (ਨਵਾਂ) ਭਰੋ। Login 'ਤੇ ਟੱਚ ਕਰੋ ਦਿਓ।
  • ਸਕਰੀਨ 'ਤੇ ਤੁਹਾਡੇ ਖਾਤੇ ਦਾ ਮੁੱਖ ਪੰਨਾ ਖੁੱਲ੍ਹੇਗਾ। ਇੱਥੋਂ ਖੱਬੇ ਹੱਥ ਸਿਖਰ 'ਤੇ Upload ਬਟਨ 'ਤੇ ਟੱਚ ਕਰੋ।
  • ਅੱਪਲੋਡ ਕਰਨ ਲਈ ਫਾਈਲ ਚੁਣਨ ਵਾਲਾ ਬਕਸਾ ਖੁੱਲ੍ਹੇਗਾ। ਮੋਬਾਈਲ/ਗੈਲਰੀ 'ਚ ਫਾਈਲ ਭਾਲ ਕੇ ਚੁਣੋ ਤੇ Open 'ਤੇ ਟੱਚ ਕਰੋ।
  • ਫਾਈਲ ਨੱਥੀ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ Upload (ਜਿਹੜਾ ਕਿ ਹੁਣ Add Files ਵਿਚ ਤਬਦੀਲ ਹੋ ਗਿਆ) ਬਟਨ ਦੇ ਐਨ ਸੱਜੇ ਹੱਥ ਇੱਕ ਡੱਬੀ ਵਿਚ ਤੁਹਾਡੀ ਫਾਈਲ ਨੱਥੀ ਹੋਣ ਦੀ ਪ੍ਰਕਿਰਿਆ ਚੱਲੇਗੀ। ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰੋ। ਡੱਬੀ 'ਤੇ ਮਾਊਸ ਪੁਆਂਇੰਟਰ ਲੈ ਕੇ ਜਾਓ। ਉੱਪਰਲੇ ਸੱਜੇ ਹੱਥ 'ਵੀਲ' ਦੇ ਨਿਸ਼ਾਨ 'ਤੇ ਟੱਚ ਕਰੋ।
  • ਹੇਠਾਂ ਨੂੰ ਖੁੱਲ੍ਹਣ ਵਾਲੇ ਮੀਨੂ ਤੋਂ Share ਦੀ ਚੋਣ ਕਰੋ। (ਉਂਜ ਲਿੰਕ ਦਾ ਐਡਰੈੱਸ ਕਾਪੀ ਕਰਨ ਲਈ Copy Link 'ਤੇ ਵੀ ਟੱਚ ਕੀਤਾ ਜਾ ਸਕਦਾ ਹੈ।)
  • ਨਵੀਂ ਵਿੰਡੋ ਦੇ ਸਿਖਰ 'ਤੇ ਤੁਹਾਡੀ ਅੱਪਲੋਡ ਹੋਈ ਫਾਈਲ ਦਾ ਨਾਂ ਨਜ਼ਰ ਆਵੇਗਾ। ਹੇਠਲੇ ਬਕਸੇ ਵਿਚ ਆਪਣੇ ਮਿੱਤਰ ਦਾ ਈ-ਮੇਲ ਪਤਾ ਟਾਈਪ ਕਰੋ।
  • ਜੇਕਰ ਨਾਲ ਕੋਈ ਸੰਦੇਸ਼ ਭੇਜਣਾ ਚਾਹੁੰਦੇ ਹੋ ਤਾਂ ਈ-ਮੇਲ ਦੇ ਹੇਠਲੇ ਬਕਸੇ 'ਚ ਟਾਈਪ ਕਰ ਦਿਓ।
Send ਬਟਨ 'ਤੇ ਟੱਚ ਕਰਕੇ ਕੰਮ ਪੂਰਾ ਕਰੋ। ਮੁੱਖ ਪੰਨੇ ਦੇ ਬਿਲਕੁਲ ਸੱਜੇ ਹੱਥ ਸਿਖਰ 'ਤੇ ਗੁਲਾਈ ਵਾਲੀ ਫ਼ੋਟੋ ਵਾਲੇ ਬਟਨ (Copy, Link, Share ਅਤੇ More ਦੇ ਸੱਜੇ ਪਾਸੇ) 'ਤੇ ਟੱਚ ਕਰਕੇ ਸੂਚੀ ਵਿਚੋਂ Logout ਦਾ ਵਿਕਲਪ ਲਓ ਤੇ ਬਾਹਰ ਆ ਜਾਓ।
ਉਮੀਦ ਹੈ ਕਿ ਉਪਰੋਕਤ ਪ੍ਰਕਿਰਿਆ ਨੂੰ ਪੜਾਅ-ਦਰ-ਪੜਾਅ ਪੁਗਾ ਕੇ ਤੁਸੀਂ ਵੱਡੀਆਂ ਫਾਈਲਾਂ ਦੇ ਲਿੰਕ ਨੂੰ ਆਪਣੇ ਸਾਥੀਆਂ ਨਾਲ ਸਫਲਤਾਪੂਰਵਕ ਸਾਂਝਾ ਕਰ ਸਕਦੇ ਹੋ।

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Previous
Next Post »