7-6-18
ਦੋਸਤੋ, ਡਾਟਾ ਐਨਾਲਿਸਟਿਕਸ ਫਰਮ ਓਪਨ ਸਿਗਨਲ ਦੇ ਹਵਾਲੇ ਨਾਲ ਭਾਰਤ ਵਿੱਚ ਇੰਟਰਨੈਟ ਨਾਲ ਸਬੰਧਿਤ ਇਕ ਹੈਰਾਨੀਜਨਕ ਖ਼ਬਰ ਆਈ ਹੈ। ਖ਼ਬਰ ਅਨੁਸਾਰ ਭਾਰਤ ਵਿੱਚ 4-ਜੀ ਨੈਟਵਰਕ ਦੀ ਪਹੁੰਚ ਬਹੁਤ ਚੰਗੀ ਹੈ ਪਰ ਰਫ਼ਤਾਰ ਦੇ ਮਾਮਲੇ ਵਿੱਚ ਅਸੀਂ ਬਹੁਤ ਪਿੱਛੇ ਹਾਂ।
ਭਾਰਤ ਵਿੱਚ 86% ਲੋਕ ਇੰਟਰਨੈਟ ਦੀ ਪਹੁੰਚ ਵਿਚ ਆ ਚੁੱਕੇ ਹਨ ਪਰ ਰਫ਼ਤਾਰ ਸਿਰਫ਼ 4.17 mbps ਹੀ ਮਿਲ ਰਹੀ ਹੈ। ਦੁਨੀਆਂ ਭਰ ਦੇ ਅੰਕੜਿਆਂ ’ਤੇ ਜੇਕਰ ਝਾਤ ਮਾਰੀਏ ਤਾਂ ਇੰਟਰਨੈਟ ਦੀ ਪਹੁੰਚ ਦੇ ਮਾਮਲੇ ਵਿੱਚ ਭਾਰਤ ਦਾ 14ਵਾਂ ਥਾਂ ਹੈ ਪਰ ਰਫ਼ਤਾਰ ਦੇ ਮਾਮਲੇ ਵਿਚ 81ਵੇਂ ਨੰਬਰ ’ਤੇ ਹੈ ਜਿਹੜੀ ਕਿ ਬੜੀ ਅਫ਼ਸੋਸ ਵਾਲੀ ਗੱਲ ਹੈ।
ਇੰਟਰਨੈਟ ਸੇਵਾਵਾਂ ਨੂੰ ਆਪਣੇ ਦੇਸ਼ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਉੱਚ ਰਫ਼ਤਾਰ ਨਾਲ ਪਹੁੰਚਾਉਣ ਵਾਲਾ ਦੇਸ਼ ਦੱਖਣੀ ਕੋਰੀਆ ਹੈ। ਇਸ ਮਗਰੋਂ ਜਾਪਾਨ, ਨਾਰਵੇ ਤੇ ਅਮਰੀਕਾ ਆਉਂਦਾ ਹੈ। ਸਾਡੇ ਦੇਸ਼ ਦਾ ਨੰਬਰ ਸਾਊਦੀ ਅਰਬ ਤੇ ਈਰਾਨ ਤੋਂ ਵੀ ਹੇਠਾਂ ਹੈ।
ਵਾਈ-ਫਾਈ ਨੈਟਵਰਕ ਵਿਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਲੋਕ ਨੀਦਰਲੈਂਡ ਦੇ ਹਨ। ਵੱਧ ਤੋਂ ਵੱਧ ਸਮਾਂ ਬਿਤਾਉਣ ਵਿਚ ਚੀਨ ਦਾ ਦੂਜਾ ਤੇ ਜਰਮਨੀ ਦਾ ਤੀਜਾ ਥਾਂ ਹੈ। ਇਨ੍ਹਾ ਮੁਲਕਾਂ ਦੇ 61 ਤੋਂ 68% ਲੋਕ ਵਾਈ-ਫਾਈ ਨੈਟਵਰਕ ’ਤੇ ਆਪਣਾ ਸਮਾਂ ਬਿਤਾਉਦੇ ਹਨ ਪਰ ਭਾਰਤ ਦੇ ਨਾਗਰਿਕ ਸਿਰਫ਼ 18.9% ਸਮਾਂ ਹੀ ਵਾਈ-ਫਾਈ ਦੀ ਛਤਰ ਛਾਇਆ ਹੇਠ ਬਿਤਾਉਂਦੇ ਹਨ ਤੇ ਬਾਕੀ ਆਪਣੇ ਨਿੱਜੀ ਡਾਟੇ ਦੀ ਵਰਤੋਂ ਕਰਦੇ ਹਨ। ਜ਼ਾਹਿਰ ਹੈ ਕਿ ਸਾਡੀਆਂ ਟੈਲੀਕਾਮ ਕੰਪਣੀਆਂ 4-ਜੀ ਦਾ ਢੰਢੋਰਾ ਤਾਂ ਪਿੱਟ ਰਹੀਆਂ ਹਨ ਪਰ ਰਫ਼ਤਾਰ 3-ਜੀ ਵਰਗੀ ਵੀ ਨਹੀਂ ਦੇ ਰਹੀਆਂ।
ਦੋਸਤੋ, 4-ਜੀ ਨੈਟਵਰਕ ਨੂੰ ਬੇਹੱਦ ਬਿਹਤਰ ਬਣਾ ਕੇ ਜਨਤਕ ਥਾਵਾਂ ’ਤੇ ਮੁਫ਼ਤ ਵਾਈ-ਫ਼ਾਈ ਦੀ ਸਹੂਲਤ ਦੇਣ ਦੀ ਲੋੜ ਹੈ ਤਾਂ ਜੋ ਆਲਮੀ ਇੰਟਰਨੈਟ ਵਰਤੋਂਕਾਰਾਂ ਦੀ ਮੰਡੀ ਵਿਚ ਭਾਰਤ ਨੂੰ ਆਦਰਯੋਗ ਥਾਂ ਮਿਲ ਸਕੇ।
ਭਾਰਤ ਦੇ ਲੋਕਾਂ ਨੂੰ ਚੰਗੇ ਸਾਈਬਰ ਨਾਗਰਿਕ ਬਣਨ ਦੀ ਵੱਡੀ ਲੋੜ ਹੈ। ਜੇ ਅਸੀਂ ਸੋਸ਼ਲ ਮੀਡੀਆ ਉੱਤੇ ਫਜ਼ੂਲ ਦੀਆਂ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨ ਦੀ ਆਦਤ ਛੱਡ ਦੇਈਏ ਤਾਂ ਨੈੱਟ ਰਫ਼ਤਾਰ ਨੂੰ ਚੰਗੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ।
ConversionConversion EmoticonEmoticon