ਦੋਸਤੋ, ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿਚ ਇਕ ਖ਼ਬਰ ਲਗਾਤਾਰ ਆ ਰਹੀ ਹੈ ਕਿ ਸਾਡੇ 10 ਅੰਕਾਂ ਵਾਲੇ ਮੋਬਾਈਲ ਨੰਬਰ ਹੁਣ 13 ਅੰਕਾਂ ਵਿਚ ਬਦਲ ਜਾਣਗੇ। ਭਾਰਤ ਵਿੱਚ ਟੈਲੀਕਾਮ ਦੀ ਸਭ ਤੋਂ ਵੱਡੀ ਅਥਾਰਟੀ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ ਅਰਥਾਤ ਡੌਟ (DOT) ਦੀ ਰਿਪੋਰਟ ਨੂੰ ਘੋਖਿਆਂ ਪਤਾ ਲਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ। ਜੋ ਗੱਲ ਮਹਿਕਮੇ ਨੇ ਕਹੀ ਹੈ ਉਸ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਮੀਡੀਆ ਸਨਸਨੀ ਫੈਲਾਉਣ ਦੀ ਗੱਲ ਕਰ ਰਿਹਾ ਹੈ।
ਹਕੀਕਤ ਇਹ ਹੈ ਕਿ ਸਾਡੇ ਮੋਬਾਇਲ ਫੋਨਾਂ ਦੇ ਸਿੰਮ ਦੇ 10 ਅੰਕਾਂ ਵਾਲੇ ਨੰਬਰ ਉਸੇ ਤਰ੍ਹਾਂ ਹੀ ਚਲਦੇ ਰਹਿਣਗੇ। ਸਾਡੇ ਦੇਸ਼ ਵਿਚ ਕਈ ਸਿੰਮ ਮੋਬਾਇਲ ਫੋਨਾਂ ਦੇ ਨਾਲ-ਨਾਲ ਕੰਪਿਊਟਰੀ ਮਸ਼ੀਨਾਂ ਵਿਚ ਵੀ ਵਰਤੇ ਜਾ ਰਹੇ ਹਨ। ਅਸਲ ਵਿਚ ਇਨ੍ਹਾਂ ਮਸ਼ੀਨਾਂ ਜਾਂ ਯੰਤਰਾਂ ਦੇ ਆਪਸੀ ਜਾਂ ਮੋਬਾਇਲ ਨਾਲ ਸੰਪਰਕ ਬਣਾਉਣ ਵਾਲੇ ਸਿੰਮ ਕਾਰਡਾਂ ਨੂੰ ਹੀ ਬਦਲਿਆ ਜਾਣਾ ਹੈ ਤੇ ਇਹ ਹੁਣ 10 ਦੀ ਬਜਾਏ 13 ਅੰਕਾਂ ਦੇ ਹੋਣਗੇ। ਦੱਸਣਯੋਗ ਹੈ ਕਿ ਅਜਿਹੇ ਖ਼ਾਸ ਕਿਸਮ ਦੇ ਸਿੰਮ ਕਾਰਡ ਸਵੈਪ ਮਸ਼ੀਨਾਂ, ਕਾਰਾਂ, ਬਿਜਲੀ ਵਾਲੇ ਮੀਟਰਾਂ, ਵਾਹਨ ਟ੍ਰੈਕਿੰਗ ਪ੍ਰਣਾਲੀਆਂ, ਪੈਟਰੋਲ ਪੰਪਾਂ ਉੱਤੇ ਤੇਲ ਦੀ ਰੀਡਿੰਗ ਵਿਖਾਉਣ ਵਾਲੀਆਂ ਮਸ਼ੀਨਾਂ, ਟ੍ਰੈਫ਼ਿਕ ਨੂੰ ਕਾਬੂ ਕਰਨ ਵਾਲੇ ਯੰਤਰਾਂ ਆਦਿ ਵਿਚ ਵਰਤੇ ਜਾਂਦੇ ਹਨ।
ਦੋਸਤੋ ਜੇ ਭਵਿੱਖ ਵਿਚ ਤੁਸੀਂ ਦਫ਼ਤਰ ‘ਚ ਬੈਠਿਆਂ ਹੀ ਆਪਣੇ ਮੋਬਾਇਲ ਰਾਹੀਂ ਘਰ ਦਾ ਕੰਪਿਊਟਰੀ ਤਾਲਾ ਖੋਲ੍ਹਣਾ ਚਾਹੁੰਦੇ ਹੋ, ਖੇਤ ਵਾਲੀ ਬੰਬੀ ਦਾ ਬਟਣ ਨੱਪਣਾ ਚਾਹੁੰਦੇ ਹੋ ਜਾਂ ਬਜ਼ਾਰੋਂ ਚੱਲਣ ਸਮੇਂ ਆਪਣੇ ਬੈੱਡ ਰੂਮ ਦਾ ਏਸੀ ਚਾਲੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਆਪਣੇ ਫੋਨ ਵਿਚ ਵਿਸ਼ੇਸ਼ ਕਿਸਮ ਦਾ ਸੌਫ਼ਟਵੇਅਰ ਰੱਖਣਾ ਪਵੇਗਾ ਤੇ 13 ਅੰਕਾਂ ਵਾਲਾ ਸਿੰਮ ਪਾਉਣਾ ਪਵੇਗਾ। ਫਿਲਹਾਲ ਇਹ ਸਿੰਮ 1 ਜੁਲਾਈ ਤੋਂ ਮਿਲਣੇ ਸ਼ੁਰੂ ਹੋਣਗੇ। ਪੁਰਾਣੀਆਂ ਮਸ਼ੀਨਾਂ ਵਾਲੇ ਸਿੰਮਾਂ ਦੇ ਨੰਬਰਾਂ ਨੂੰ ਬਦਲਣ ਦਾ ਕੰਮ ਇਸੇ ਵਰ੍ਹੇ 1 ਅਕਤੂਬਰ ਤੋਂ 31 ਦਸੰਬਰ ਤੱਕ ਕੀਤੇ ਜਾਣ ਦੀ ਖ਼ਬਰ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ
94174-55614
ConversionConversion EmoticonEmoticon