ਗੱਡੀ ਬਾਰੇ ਮਿਲੇਗੀ ਆਨਲਾਈਨ ਜਾਣਕਾਰੀ



ਗੱਡੀ ਦੀ ਰਜਿਸਟਰੇਸ਼ਨ ਕਰਵਾਉਣ ਜਾਂ ਪੁਰਾਣੀ ਗੱਡੀ ਬਾਰੇ ਰਿਕਾਰਡ ਕਢਵਾਉਣ ਲਈ ਡੀਟੀਓ ਦਫ਼ਤਰ ਦੇ ਚੱਕਰ ਕੱਟਣ ਦੀ ਲੋੜ ਨਹੀਂ। ਹੁਣ ਤੁਸੀਂ ਆਪਣੀ ਗੱਡੀ ਬਾਰੇ ਘਰ ਬੈਠਿਆਂ ਆਨਲਾਈਨ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿਚ VAHAN ਪਾ ਕੇ ਸਪੇਸ ਦੇ ਕੇ ਮੋਟਰਸਾਈਕਲ ਦਾ ਨੰਬਰ ਟਾਈਪ ਕਰੋ ਤੇ ਫੋਨ ਨੰਬਰ 7738299899 'ਤੇ ਭੇਜ ਦਿਓ। ਮਿਸਾਲ ਵਜੋਂ ਜੇਕਰ ਤੁਹਾਡੇ ਮੋਟਰਸਾਈਕਲ ਦਾ ਨੰਬਰ ਹੈ PB22B6414 ਤਾਂ ਐੱਸਐੱਮਐੱਸ ਇਸ ਤਰਾ੍ਹਂ ਟਾਈਪ ਕਰੋਗੇ: VAHAN PB 22B 6414।
 ਵੈੱਬਸਾਈਟ www.punjabtransport.org 'ਤੇ ਗੱਡੀਆਂ ਦੀ ਰਜਿਸਟਰੇਸ਼ਨ, ਮਾਲਕੀ, ਲੌਨ, ਇੰਜਣ ਅਤੇ ਲਾਇਸੈਂਸ ਆਦਿ ਬਾਰੇ ਵੇਰਵਾ ਦਰਜ ਹੈ। ਜੇ ਤੁਸੀਂ ਆਪਣੀ ਗੱਡੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਕਤ ਵੈੱਬਸਾਈਟ ਨੂੰ ਖੋਲ੍ਹੋ, ਪੇਜ ਦੇ ਸੱਜੇ ਹੱਥ ਹੇਠਾਂ ਜਿਹੇ  'ਰਜਿਸਟਰੇਸ਼ਨ ਡਾਟਾ ਵੈਰੀਫਿਕੇਸ਼ਨ' ਨਾਂ ਦਾ ਲਿੰਕ ਨਜ਼ਰ ਆਵੇਗਾ। ਇਸ ਲਿੰਕ ਨੂੰ ਖੋਲ੍ਹ ਕੇ ਅੱਗੇ 'ਆਰਸੀ ਵੀਊ' ਦੀ ਚੋਣ ਕਰੋ। ਨਵੇਂ ਪੰਨੇ 'ਤੇ ਗੱਡੀ ਨੰਬਰ (ਆਰਸੀ ਨੰਬਰ) ਅਤੇ ਚੈਸੀ ਨੰਬਰ ਭਰਨ ਨੂੰ ਕਿਹਾ ਜਾਵੇਗਾ। ਇੱਥੇ 10 ਅੰਕਾਂ ਦਾ ਗੱਡੀ ਨੰਬਰ ਅਤੇ 17 ਅੰਕਾਂ ਦਾ ਚੈਸੀ ਨੰਬਰ ਭਰਨ ਉਪਰੰਤ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਆਵੇਗੀ ਉਸ ਵਿਚ ਗੱਡੀ ਦਾ ਮਾਲਕ, ਪਤਾ, ਇੰਜਣ ਨੰਬਰ, ਗੱਡੀ ਦਾ ਰੰਗ ਅਤੇ ਗੱਡੀ/ਇੰਜਣ ਬਾਰੇ ਤਕਨੀਕੀ ਜਾਣਕਾਰੀ ਸ਼ਾਮਲ ਹੋਵੇਗੀ। ਜੇਕਰ ਗੱਡੀ ਨੰਬਰ ਅਤੇ ਚੈਸੀ ਨੰਬਰ ਮੈਚ ਨਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਜ਼ਰੂਰ ਕਿਧਰੇ 'ਗੜਬੜ' ਹੈ। ਸਰਕਾਰ ਦੀ ਇਸ ਸਹੂਲਤ ਸਦਕਾ ਹਾਦਸਾਗ੍ਰਸਤ ਅਤੇ ਲਾਵਾਰਸ ਗੱਡੀਆਂ ਬਾਰੇ ਜਾਣਨਾ ਸੌਖਾ ਹੋ ਗਿਆ ਹੈ। ਹਾਦਸੇ ਮਗਰੋਂ ਗੱਡੀ ਛੱਡ ਕੇ ਭੱਜਣ ਵਾਲੇ ਡਰਾਈਵਰਾਂ ਬਾਰੇ ਜਾਣਿਆ ਜਾ ਸਕਦਾ ਹੈ। ਜੇਕਰ ਤੁਹਾਡੇ ਦੁਆਰਾ ਖਰੀਦੀ ਗੱਡੀ ਦੇ ਰਿਕਾਰਡ 'ਚ ਤਰੁੱਟੀ ਹੈ ਤਾਂ ਤੁਸੀਂ ਇਸ ਵੈੱਬਸਾਈਟ ਰਾਹੀਂ ਦਰੁਸਤ ਕਰਵਾ ਸਕਦੇ ਹੋ। ਮਿਸਾਲ ਵਜੋਂ ਜੇਕਰ ਤੁਹਾਡਾ ਐਡਰੈੱਸ ਗਲਤ ਹੈ ਤਾਂ ਤੁਸੀਂ ਆਨਲਾਈਨ ਰਿਕਵੈਸਟ ਪਾ ਸਕਦੇ ਹੋ।
 ਪੁਰਾਣੀ ਗੱਡੀ ਵੇਚਣ ਵਾਲਾ ਕਈ ਵਾਰ ਓਹਲਾ ਰੱਖ ਲੈਂਦਾ ਹੈ। ਇਸ ਸਥਿਤੀ ਵਿਚ ਇਹ ਵੈੱਬਸਾਈਟ ਸਾਨੂੰ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾ ਸਕਦੀ ਹੈ। ਇਸ ਤੇ ਪਤਾ ਲਗਾਇਆ ਜਾ ਸਕਦਾ ਹੈ ਕਿ ਦਸਤਾਵੇਜ਼ਾਂ ਅਤੇ ਅਸਲ ਗੱਡੀ ਵਿਚ ਕੋਈ ਫ਼ਰਕ ਤਾਂ ਨਹੀਂ ਹੈ।
 ਕਈ ਲੋਕ ਗੱਡੀ ਲੌਨ 'ਤੇ ਲੈ ਕੇ ਝੂਠ ਬੋਲ ਕੇ ਅੱਗੇ ਵੇਚ ਦਿੰਦੇ ਹਨ। ਇਸ ਬਾਰੇ ਵੀ ਇੱਥੇ ਸਪਸ਼ਟ ਜਾਣਕਾਰੀ ਦਰਜ ਹੈ। ਇੱਥੇ ਗੱਡੀ ਟਰਾਂਸਫ਼ਰ ਕਰਵਾਉਣ ਅਤੇ ਉਸੇ ਵਕਤ ਆਨਲਾਈਨ ਵਿਧੀ ਰਾਹੀਂ ਵੈਰੀਫਿਕੇਸ਼ਨ ਕਰਵਾਉਣ ਦੀ ਸਹੂਲਤ ਹੈ।
 ਵੈੱਬਸਾਈਟ 'ਤੇ ਪੰਜਾਬ ਦੀਆਂ 75 ਰਜਿਸਟਰੇਸ਼ਨ ਅਦਾਰਿਆਂ ਦਾ ਡਾਟਾ ਦਰਜ ਹੈ ਜੋ ਕੰਮ 'ਚ ਫੁਰਤੀ ਲਿਆਉਣ ਦੇ ਨਾਲ-ਨਾਲ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾ ਕੇ ਲੋਕਾਂ ਨੂੰ ਠੱਗੀ ਤੋਂ ਬਚਾ ਰਹੀਆਂ ਹਨ।
 ਵੈੱਬਸਾਈਟ 'ਤੇ ਲਰਨਰ ਜਾਂ ਪੱਕਾ ਲਾਇਸੈਂਸ ਬਣਾਉਣ ਦੀਆਂ ਹਦਾਇਤਾਂ, ਫ਼ੀਸ ਵੇਰਵਾ ਅਤੇ ਫਾਰਮ ਡਾਊਨਲੋਡ ਦੀ ਸਹੂਲਤ ਵੀ ਸ਼ੁਮਾਰ ਹੈ। ਪਰ ਉਪਭੋਗਤਾ ਦੀ ਸ਼ਿਕਾਇਤ ਸੁਣਨ ਲਈ ਵੈੱਬਸਾਈਟ 'ਤੇ ਕੋਈ ਲਿੰਕ ਜਾਂ ਈ-ਮੇਲ ਟਿਕਾਣਾ ਨਹੀਂ ਹੈ। ਹੋਰਨਾਂ ਵੈੱਬਸਾਈਟਾਂ ਨੂੰ ਫਰੋਲਨ ਤੇ ਪਤਾ ਲਗਦਾ ਹੈ ਕਿ ਉਪਭੋਗਤਾ ਆਪਣੀ ਸ਼ਿਕਾਇਤ/ਸੁਝਾਅ ਈ-ਮੇਲ  ਪਤੇ dprs.punjab@gmail.com 'ਤੇ ਭੇਜ ਸਕਦਾ ਹੈ।



ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 07-02-2016
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
www.cpkamboj.com
Previous
Next Post »