ਆਈਓਟੀ ਤੇ ਕਲਾਊਡ ਕੰਪਿਊਟਿੰਗ ਨਾਲ ਬਦਲੇਗਾ ਜ਼ਮਾਨਾ/IOT and Cloude Computing


ਸਾਲ 2025 ਤੱਕ 75 ਅਰਬ ਯੰਤਰ ਜੁੜਨਗੇ ਇੰਟਰਨੈੱਟ ਨਾਲ




ਆਈਓਟੀ (IOT-Internet of Things)
ਕੰਪਿਊਟਰੀ ਯੰਤਰਾਂ ਦਾ ਆਪਸ ਵਿੱਚ ਇੰਟਰਨੈੱਟ ਨਾਲ ਜੁੜ ਕੇ ਡਾਟੇ ਦਾ ਆਦਾਨ-ਪ੍ਰਦਾਨ ਕਰਨਾ, ਆਈਓਟੀ (IOT-Internet of Things) ਅਖਵਾਉਂਦਾ ਹੈ। ਆਈਓਟੀ ਇੰਟਰਨੈੱਟ ਨਾਲ ਜੁੜੀਆਂ ਚੀਜ਼ਾਂ ਦਾ ਇੱਕ ਜਾਲ਼ ਹੈ। ਜੋ ਡਾਟੇ ਨੂੰ ਇਕੱਤਰ ਕਰਨ ਅਤੇ ਬਦਲਣ ਦੇ ਯੋਗ ਬਣਾਉਂਦਾ ਹੈ। 
ਆਈਓਟੀ ਦੇ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ। ਘਰੇਲੂ ਯੰਤਰਾਂ ਨੂੰ ਸਵੈਚਾਲੀ ਬੰਦ ਕਰਨਾ, ਚਾਲੂ ਕਰਨਾ ਅਤੇ ਵਾਤਾਵਰਣ ਦੇ ਹਿਸਾਬ ਨਾਲ ਬਦਲਣ ਲਈ ਮਨੁੱਖ ਵੱਡੇ ਪੱਧਰ ‘ਤੇ ਆਈਓਟੀ ਦੀ ਵਰਤੋਂ ਕਰ ਰਿਹਾ ਹੈ। ਆਈਓਟੀ ਨਾਲ ਜੁੜੇ ਯੰਤਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। 
* ਇੱਕ ਅਨੁਮਾਨ ਅਨੁਸਾਰ ਸਾਲ 2015 ਵਿੱਚ ਆਈਓਟੀ ਨਾਲ ਜੁੜਨ ਵਾਲੇ ਯੰਤਰਾਂ ਦੀ ਗਿਣਤੀ 15 ਅਰਬ ਸੀ ਜੋ 2018 ਵਿੱਚ ਵੱਧ ਕੇ 23 ਅਰਬ ਨੂੰ ਪਾਰ ਕਰ ਗਈ। 
 
*ਸਾਲ 2025 ਤੱਕ 75 ਅਰਬ ਯੰਤਰ ਆਈਓਟੀ ਨਾਲ ਜੁੜ ਕੇ ਸੇਵਾਵਾਂ ਦੇਣਗੇ।

 ਆਓ ਆਈਓਟੀ ਨੂੰ ਸਮਝਣ ਲਈ ਇੱਕ ਉਦਾਹਰਨ ਲਈਏ। ਮੰਨ ਲਓ ਅਸੀਂ ਆਪਣੇ ਖੇਤ ਵਾਲੀ ਬੰਬੀ ਨੂੰ ਆਪਣੇ ਆਪ ਬੰਦ ਕਰਨ ਅਤੇ ਚਾਲੂ ਕਰਨ ਵਾਲੀ ਤਕਨੀਕ ਨਾਲ ਜੋੜਨਾ ਹੈ। ਅਸੀਂ ਚਾਹੁੰਦੇ ਹਾਂ ਕਿ ਖੇਤ ਸੁੱਕਣ ਤੇ ਜਾਂ ਜ਼ਮੀਨ ਵਿੱਚ ਨਮੀ ਦੇ ਘਟਣ ਨਾਲ ਬੰਬੀ ਆਪੇ ਹੀ ਚਾਲੂ ਹੋ ਜਾਵੇ ਅਤੇ ਲੋੜ ਅਨੁਸਾਰ ਇਹ ਆਪੇ ਹੀ ਬੰਦ ਹੋ ਜਾਵੇ।
ਇਸ ਮੰਤਵ ਲਈ ਮੋਟਰ ਦੇ ਸਟਾਰਟਰ ਨਾਲ ਇੱਕ ਯੰਤਰ ਜੋੜਿਆ ਜਾਵੇਗਾ ਜੋ ਸਿਗਨਲ ਮਿਲਣ ਤੇ ਮੋਟਰ ਨੂੰ ਚਾਲੂ ਕਰੇਗਾ। ਦੂਜੇ ਪਾਸੇ ਜ਼ਮੀਨ ਦੀ ਸਤਿਹ ਹੇਠਾਂ ਫਿੱਟ ਕੀਤਾ ਸੈਂਸਰ ਮਿੱਟੀ ਵਿੱਚ ਨਮੀ ਦੀ ਮਾਤਰਾ ਦੇ ਘਟਣ ਉਪਰੰਤ ਸਟਾਰਟਰ ਵਾਲੇ ਯੰਤਰ ਨੂੰ ਸਿਗਨਲ ਭੇਜੇਗਾ। ਇਸ ਤਰ੍ਹਾਂ ਨਮੀ ਦੀ ਮਾਤਰਾ ਪੂਰੀ ਹੋਣਾ ਜਾਂ ਜ਼ਮੀਨ ਵਿੱਚ ਪਾਣੀ ਦਾ ਤਲ ਵਧਣ ਉਪਰੰਤ ਇਹ ਸਟਾਰਟਰ ਨੂੰ ਬੰਬੀ ਬੰਦ ਕਰਨ ਦਾ ਸਿਗਨਲ ਭੇਜੇਗਾ। ਇਹ ਸਭ ਆਈਓਟੀ ਰਾਹੀਂ ਹੀ ਪੂਰਾ ਹੋਵੇਗਾ। 
ਇਸ ਤਰ੍ਹਾਂ ਪਾਣੀ ਵਾਲੀ ਟੈਂਕੀ ਭਰਨ ਉਪਰੰਤ ਮੋਟਰ ਨੂੰ ਆਪਣੇ-ਆਪ ਬੰਦ ਕਰਨ ਵਾਲਾ ਆਈਓਟੀ ਸਿਸਟਮ ਵੀ ਬਣਾਇਆ ਜਾ ਸਕਦਾ ਹੈ। ਬਿਨਾਂ ਡਰਾਈਵਰ ਚੱਲਣ ਵਾਲੀਆਂ ਕਾਰਾਂ ਤੇ ਡਰੋਨ ਆਈਓਟੀ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ। 
ਹਨੇਰਾ ਪੈਣ ਤੇ ਬਲਬ ਦਾ ਆਪਣੇ-ਆਪ ਜਗ ਜਾਣਾ, ਗਰਮੀ ਹੋਣ ਤੇ ਪੱਖਾ/ਏਸੀ ਦਾ ਆਪਣੇ ਆਪ ਚਾਲੂ ਹੋ ਜਾਣਾ, ਸਰਦੀ ਹੋਣ ਤੇ ਹੀਟਰ ਦਾ ਆਪਣੇ-ਆਪ ਚੱਲਣਾ, ਕਮਰਾ/ਘਰ ਬੰਦ ਕਰਨ ਉਪਰੰਤ ਟੀਵੀ/ਬਲਬ/ਪੱਖੇ ਆਦਿ ਆਪਣੇ-ਆਪ ਬੰਦ ਹੋ ਜਾਣਾ, ਘਰ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਏਸੀ ਦਾ ਆਪਣੇ-ਆਪ ਚੱਲ ਪੈਣਾ ਆਦਿ ਇਸ ਦੀਆਂ ਹੋਰ ਮਿਸਾਲਾਂ ਹਨ।

ਕਲਾਊਡ ਕੰਪਿਊਟਿੰਗ ਦੇ ਕਾਰਨਾਮੇ
ਫਾਈਲਾਂ ਤੇ ਹੋਰ ਡਾਟੇ ਨੂੰ ਆਪਣੇ ਸਥਾਨਕ ਕੰਪਿਊਟਰ ਦੀ ਬਜਾਏ ਇੰਟਰਨੈੱਟ ਨਾਲ ਜੁੜੇ ਦੂਰ ਦੇ ਕੰਪਿਊਟਰ (ਰਿਮੋਟ ਸਰਵਰ) ਉੱਤੇ ਸਟੋਰ ਕਰਨ, ਕਾਬੂ ਕਰਨ ਅਤੇ ਵਰਤਣ ਆਦਿ ਦੇ ਕੰਮ ਨੂੰ ਕਲਾਊਡ ਕੰਪਿਊਟਿੰਗ ਕਿਹਾ ਜਾਂਦਾ ਹੈ।
ਇਹ ਇੰਟਰਨੈੱਟ ਦੀ ਵਰਤੋਂ ਦਾ ਬਹੁਤ ਵੱਡਾ ਖੇਤਰ ਹੈ। ਇਸ ਰਾਹੀਂ ਬਿਨਾਂ ਕੋਈ ਸਟੋਰੇਜ ਮਾਧਿਅਮ ਕੋਲ ਰੱਖਿਆਂ, ਦੁਨੀਆ ਦੇ (ਨੈੱਟ ਨਾਲ ਜੁੜੇ) ਕਿਸੇ ਵੀ ਕੰਪਿਊਟਰ ਤੇ ਡਾਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ। 
ਇਸ ਨਾਲ ਸਥਾਨਕ ਪੱਧਰ ’ਤੇ ਪਰਸਨਲ ਕੰਪਿਊਟਰ ਵਿੱਚ ਵੱਡੀ ਹਾਰਡ-ਡਿਸਕ ਜਾਂ ਹੋਰ ਸਟੋਰੇਜ ਯੰਤਰ ਲਾਉਣ ਦੀ ਲੋੜ ਨਹੀਂ। ਸਾਨੂੰ ਡਾਟੇ ਨੂੰ ਵਾਇਰਸ ਪੱਖੋਂ ਸੁਰੱਖਿਅਤ ਰੱਖਣ ਅਤੇ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ ਪਰ ਕਲਾਊਡ ਸਟੋਰੇਜ ’ਤੇ ਪਏ ਡਾਟੇ ਦੀ ਜ਼ਿੰਮੇਵਾਰੀ ਖ਼ੁਦ ਕੰਪਨੀ ਦੀ ਹੁੰਦੀ ਹੈ।
ਕਈ ਵਾਰ ਸਰਵਰ ਡਾਊਨ ਜਾਂ ਨੈੱਟ ਦੀ ਮਾੜੀ ਰਫ਼ਤਾਰ ਹੋਣ ਕਾਰਨ ਕਲਾਊਡ ਸਟੋਰੇਜ ‘ਤੇ ਪਏ ਡਾਟੇ ਨੂੰ ਹਾਸਲ ਕਰਨ ‘ਚ ਦਿੱਕਤ ਆਉਂਦੀ ਹੈ। ਵੱਖ-ਵੱਖ ਕੰਪਨੀਆਂ ਇੱਕ ਸੀਮਤ ਹੱਦ ਤੱਕ ਡਾਟੇ ਨੂੰ ਕਲਾਊਡ ਸਟੋਰੇਜ ਉੱਤੇ ਪਾਉਣ ਦੀ ਪ੍ਰਵਾਨਗੀ ਦਿੰਦੀਆਂ ਹਨ। ਵੱਧ ਸਟੋਰੇਜ ਸਮਰੱਥਾ ਲੈਣ ਲਈ ਉਸ ਦੀ ਕੀਮਤ ਚੁਕਾਉਣੀ ਪੈਂਦੀ ਹੈ।
ਗੂਗਲ ਡਰਾਈਵ, ਮਾਈਕਰੋਸਾਫ਼ਟ ਵਨ ਡਰਾਈਵ, ਐਪਲ ਆਈ-ਕਲਾਊਡ ਆਦਿ ਕਲਾਊਡ ਕੰਪਿਊਟਿੰਗ ਸੇਵਾ ਦੀਆਂ ਉਦਾਹਰਨਾਂ ਹਨ।
ਡਾ. ਸੀ ਪੀ ਕੰਬੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋਬ. 9417455614
www.cpkamboj.com 

Previous
Next Post »