ਸਾਈਬਰ ਅਪਰਾਧਾਂ ਦਾ ਮੱਕੜਜਾਲ |Cyber Security | International Cyber Security Day 30 Nov 2021

ਪੰਜਾਬੀ ਜਾਗਰਨ 'ਚ ਪ੍ਰਕਾਸ਼ਿਤ ਲੇਖ
30 ਨਵੰਬਰ ਨੂੰ ਕੌਮਾਂਤਰੀ ਸਾਈਬਰ ਸੁਰੱਖਿਆ ਦਿਵਸ ’ਤੇ ਵਿਸ਼ੇਸ਼
 
ਖਤਰਿਆਂ ਦੇ ਸਾਈਬਰ ਖਿਡਾਰੀ
ਡਾ. ਸੀ ਪੀ ਕੰਬੋਜ
ਸਾਈਬਰ ਅਪਰਾਧਾਂ ਦਾ ਦੌਰ ਇੰਟਰਨੈੱਟ ਦੇ ਪੁਰਾਣੇ ਸੰਸਕਰਨ ‘ਅਰਪਾਨੈੱਟ’ ਤੋਂ ਹੀ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ।  ਸਾਲ 1988 ਵਿੱਚ ਜਦੋਂ ਅਮਰੀਕਾ ਦੀ ‘ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ’ (ARPANET) ਦੇ ਕੁਝ ਕੰਪਿਊਟਰਾਂ ਤੇ ਇਕ ਅਣਪਛਾਤੇ ਪ੍ਰੋਗਰਾਮ ਨੇ ਬਿਨਾਂ ਬੁਲਾਏ ਮਹਿਮਾਨ ਵਾਂਗ ਦਸਤਕ ਦਿੱਤੀ ਤਾਂ ਪਤਾ ਲੱਗਿਆ ਕਿ ਇਹ ਇਕ ਮਾਰੂ ਵਾਇਰਸ ਹੈ ਜੋ ਨੈੱਟਵਰਕ ਨਾਲ ਜੁੜੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਦੋਂ ਤੋਂ ਹੀ ਅਮਰੀਕੀ ਸਰਕਾਰ ਨੇ ਇਹ 30 ਨਵੰਬਰ ਦਾ ਦਿਹਾੜਾ ਨਾਗਰਿਕਾਂ ਨੂੰ ਸਾਈਬਰ ਸੁਰੱਖਿਆ ਦੀ ਯਾਦ ਦੁਆਉਣ ਲਈ ਰਾਖਵਾਂ ਰੱਖ ਹੈ। ਸਾਈਬਰ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਪ੍ਰਤੀ ਜਾਗਰੂਕ ਕਰਵਾਉਣ ਲਈ ਹਰੇਕ ਵਰ੍ਹੇ 30 ਨਵੰਬਰ ਵਾਲੇ ਦਿਨ ਦੁਨੀਆ ਭਰ ਵਿੱਚ ਜਾਗਰੂਕਤਾ ਪ੍ਰੋਗਰਾਮ, ਵਿਚਾਰ ਗੋਸ਼ਟੀਆਂ, ਪ੍ਰਤੀਯੋਗਤਾਵਾਂ, ਪੋਸਟਰ ਮੁਕਾਬਲੇ ਆਦਿ ਕਰਵਾਏ ਜਾਂਦੇ ਹਨ। 

ਜਿਵੇਂ-ਜਿਵੇਂ ਮਨੁੱਖ ਦੀ ਕੰਪਿਊਟਰ ਅਤੇ ਇੰਟਰਨੈੱਟ ਤੇ ਨਿਰਭਰਤਾ ਵਧਦੀ ਜਾ ਰਹੀ ਹੈ ਓਵੇਂ-ਓਵੇਂ ਇਸ ਉੱਤੇ ਡਾਟੇ ਦਾ ਭਾਰ ਵੀ ਵਧਦਾ ਜਾ ਰਿਹਾ ਹੈ। ਸਾਡੀ ਨਿੱਜੀ ਜਾਣਕਾਰੀ, ਬੈਂਕ ਅਤੇ ਹਿਸਾਬ-ਕਿਤਾਬ ਦਾ ਸਾਰਾ ਡਾਟਾ ਇੰਟਰਨੈੱਟ ਅਤੇ ਇਲੈੱਕਟ੍ਰਾਨਿਕ ਗੈਜੇਟਸ ਉੱਤੇ ਉਪਲਬਧ ਹੈ। ਸਾਰੀ ਜ਼ਿੰਦਗੀ ਦੀਆਂ ਕਈ ਅਹਿਮ ਘਟਨਾਵਾਂ ਅਤੇ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਅਜਿਹੇ ਵਿੱਚ ਸਾਨੂੰ ਆਪਣਾ ਡਾਟਾ, ਪ੍ਰੋਗਰਾਮ, ਹਾਰਡਵੇਅਰ ਭਾਗਾਂ ਆਦਿ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕਰਨ ਦੀ ਲੋੜ ਪਵੇਗੀ। ਸਾਨੂੰ ਆਪਣੇ ਕੰਪਿਊਟਰਾਂ ਲੈਪਟਾਪਾਂ, ਸਮਾਰਟ ਫੋਨਾਂ, ਟੈਬਲਟਾਂ ਤੇ ਹੋਰ ਸਾਜ਼ੋ ਸਾਮਾਨ ਨੂੰ ਸਾਈਬਰ ਠੱਗਾਂ, ਸੰਨ੍ਹਮਾਰਾਂ ਅਤੇ ਫ਼ਿਰੌਤੀ ਮੰਗਣ ਵਾਲਿਆਂ ਦੇ ਮੱਕੜ-ਜਾਲ ਤੋਂ ਬਚਣ ਲਈ ਸੁਰੱਖਿਆ ਸੂਤਰ ਸਿੱਖ ਕੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦਾ ਅਭਿਆਸ ਕਰਨਾ ਪਵੇਗਾ।

ਇਸ ਖ਼ਾਸ ਦਿਹਾੜੇ ਤੇ ਪ੍ਰਣ ਕਰੀਏ ਕਿ ਅਸੀਂ ਇੱਥੇ ਦਿੱਤੇ ਨੁਕਤਿਆਂ ਨੂੰ ਸਿੱਖ ਕੇ ਆਪਣੇ ਕੰਪਿਊਟਰਾਂ/ ਸਮਾਰਟ ਫੋਨਾਂ ਦੀ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕਰਾਂਗੇ।

ਸਾਈਬਰ ਅਪਰਾਧੀਆਂ ਤੇ ਨਕੇਲ ਕਸਣ ਲਈ ਭਾਰਤ ਸਰਕਾਰ ਨੇ ਸਾਲ 2000 ਵਿੱਚ ਕਾਨੂੰਨ ਪਾਸ ਕੀਤਾ ਜਿਸ ਨੂੰ ਆਈਟੀ ਐਕਟ- 2000 ਜਾਂ ਸਾਈਬਰ ਕਾਨੂੰਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਲ 2008 ਵਿੱਚ ਇਸ ਕਾਨੂੰਨ ਨੂੰ ਸੋਧ ਕੇ ਇਸ ਵਿਚ ਡਾਟੇ ਨਾਲ ਸਬੰਧਿਤ ਧਾਰਾ 66-ਏ ਜੋੜ ਦਿੱਤੀ ਗਈ। ਇਹ 2009 ਵਿਚ ਫਿਰ ਸੋਧਿਆ ਗਿਆ ਜਿਸ ਨੂੰ ਨਵਾਂ ਸਾਈਬਰ ਕਾਨੂੰਨ ਵੀ ਕਿਹਾ ਜਾਂਦਾ ਹੈ।
ਸਾਈਬਰ ਅਪਰਾਧਾਂ ਦੀਆਂ ਕਿਸਮਾਂ ਅਤੇ ਹੋਏ ਨੁਕਸਾਨ ਦੇ ਆਧਾਰ ਤੇ ਸਾਈਬਰ ਕਾਨੂੰਨ ਦੀਆਂ ਅਲੱਗ-ਅਲੱਗ ਧਾਰਾਵਾਂ ਲਾਈਆਂ ਜਾਂਦੀਆਂ ਹਨ। ਇੱਕ ਮੋਟੇ ਅਨੁਮਾਨ ਅਨੁਸਾਰ ਸਾਈਬਰ ਅਪਰਾਧੀ ਨੂੰ ਵੱਧ ਤੋਂ ਵੱਧ 7 ਸਾਲ ਤਕ ਜੇਲ੍ਹ ਅਤੇ 50 ਲੱਖ ਤਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।



ਸਾਈਬਰ ਅਪਰਾਧਾਂ ਤੇ ਨਕੇਲ ਕਸਣ ਦਾ ਮਸਲਾ ਸਾਈਬਰ ਮਾਹਿਰਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸਾਈਬਰ ਅਪਰਾਧੀ ਨਿਤ-ਦਿਨ ਨਵੀਆਂ ਤਕਨੀਕਾਂ ਆਜ਼ਮਾ ਕੇ ਆਪਣਾ ‘ਹੱਥ ਸਾਫ’ ਕਰਦੇ ਹਨ। ਇਹ ਅਪਰਾਧ ਰਵਾਇਤੀ ਅਪਰਾਧਾਂ ਵਾਂਗ ਨਹੀਂ ਦਿਸਦੇ ਤੇ ਨਾ ਹੀ ਅਪਰਾਧੀ ਸਾਡੇ ਸਾਹਮਣੇ ਹੁੰਦਾ ਹੈ। ਅਪਰਾਧੀ ਸੱਤ ਸਮੁੰਦਰੋਂ ਪਾਰ ਬੈਠਾ ਅਭਾਸੀ ਦੁਨੀਆ ‘ਚ ਆਪਣੇ ਕਾਰਨਾਮੇ ਨੂੰ ਅੰਜਾਮ ਦੇ ਰਿਹਾ ਹੁੰਦਾ ਹੈ। ਸੋ ਸਾਈਬਰ ਹਮਲੇ ਉਪਰੰਤ ਅਪਰਾਧੀ ਨੂੰ ਫੜਨ ‘ਤੇ ਸਮਾਂ ਖ਼ਰਾਬ ਕਰਨ ਦੀ ਬਜਾਏ ਨੁਕਸਾਨ ਦੀ ਭਰਪਾਈ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਕੰਪਿਊਟਰ ਦੀ ਸੁਰੱਖਿਅਤ ਲਈ ਕੀ ਕਰੀਏ?

ਜੇਕਰ ਤੁਹਾਡੇ ਕੰਪਿਊਟਰ ਦਾ ਡਾਟਾ ਕੀਮਤੀ ਹੈ ਤਾਂ ਉਸ ਦਾ ਬੈਕਅੱਪ ਪੋਰਟੇਬਲ ਹਾਰਡ ਡਿਸਕ, ਪੈੱਨ ਡਰਾਈਵ, ਕਲਾਊਡ ਸਟੋਰੇਜ ਆਦਿ ਉੱਤੇ ਲੈ ਲਓ।  ਮੁਫ਼ਤ ਜਾਂ ਕਰੈਕ ਕੀਤੇ ਸਾਫ਼ਟਵੇਅਰ ਨਾ ਵਰਤੋ। ਇਹ ਸਾਫ਼ਟਵੇਅਰ ਵਾਇਰਸ ਫੈਲਾਉਣ ਦਾ ਜ਼ਰੀਆ ਤਾਂ ਬਣਦੇ ਹੀ ਹਨ ਨਾਲ ਹੀ ਤੁਹਾਡੇ ਕੰਪਿਊਟਰ ਦੀ ਖ਼ੁਫ਼ੀਆ ਜਾਣਕਾਰੀ ਦਾ ਭੇਦ ਵੀ ਖੋਲ੍ਹਦੇ ਹਨ। ਕੰਪਿਊਟਰ ਦੇ ਫ਼ਾਲਤੂ ਸਾਫ਼ਟਵੇਅਰਾਂ ਨੂੰ ਹਟਾ ਦਿਓ। ਸਿਰਫ਼਼ ਕੰਮ ਦੇ ਸਾਫ਼ਟਵੇਅਰ ਹੀ ਰੱਖੋ ਤੇ ਉਨ੍ਹਾਂ ਨੂੰ ਅੱਪਡੇਟ ਕਰ ਲਓ। ਆਪਣੇ ਕੰਪਿਊਟਰ ਦੀ ਵਿੰਡੋਜ਼ ਨੂੰ ਅੱਪਡੇਟ ਕਰੋ ਤੇ ਇਹ ਹਮੇਸ਼ਾ ਖ਼ਰੀਦ ਕੇ ਹੀ ਵਰਤ। ਕਈ ਵਾਰ ਚਮਕ-ਦਮਕ ਵਾਲੇ ਮੁਫ਼ਤ ਸਾਫ਼ਟਵੇਅਰਾਂ ਪਿੱਛੇ ਉਸ ਦੇ ਮਾਲਕ ਦਾ ਗੁਪਤ ਪ੍ਰੋਗਰਾਮ ਛੁਪਿਆ ਹੁੰਦਾ ਹੈ ਜਿਹੜਾ ਸਾਨੂੰ ਦੱਸੇ ਬਿਨਾਂ ਸਾਡੇ ਕੰਪਿਊਟਰ ‘ਚ ਵੜ ਕੇ ਕੰਪਿਊਟਰ ਤੇ ਕੀਤੀ ਹਰੇਕ ਗਤੀਵਿਧੀ ਦਾ ਰਿਕਾਰਡ ਬਣਾਉਂਦਾ ਹੈ ਤੇ ਸਾਡੀ ਬੈਂਕਿੰਗ ਤੇ ਨਿੱਜੀ ਜਾਣਕਾਰੀ ਨੂੰ ਹਥਿਆ ਕੇ ਆਪਣੇ ਮਾਲਕ ਤੱਕ ਪਹੁੰਚਾਉਂਦਾ ਹੈ। ਕਦੇ ਵੀ ਮੁਫ਼ਤ ਵਿੱਚ ਮਿਲਣ ਵਾਲੇ ਵਾਈ-ਫਾਈ ਨੈੱਟਵਰਕ ਦੀ ਵਰਤੋਂ ਨਾ ਕਰੋ। ਆਪਣੇ ਬਲੂਟੂਥ, ਵਾਈ-ਫਾਈ ਅਤੇ ਹੌਟਸਪੌਟ ਨੈੱਟਵਰਕ ਨੂੰ ਸੁਰੱਖਿਅਤ ਰੱਖਣ ਲਈ ਪਾਸਵਰਡ ਲਾ ਕੇ ਰੱਖੋ।
ਮੁਫ਼ਤ ਵਿੱਚ ਡਾਊਨਲੋਡ ਕੀਤੀਆਂ ਅਭੱਦਰ ਦਰਜੇ ਦੀਆਂ ਵੀਡੀਓਜ਼ ਅਤੇ ਵੀਡੀਓ ਗੇਮਜ਼ ਸਾਈਬਰ ਹਮਲਿਆਂ ਨੂੰ ਸੱਦਾ ਦਿੰਦੀਆਂ ਹਨ। ਈ-ਮੇਲ ਰਾਹੀਂ ਮਿਲਣ ਵਾਲੇ ਅਣਪਛਾਤੇ, ਗ਼ੈਰਜ਼ਰੂਰੀ ਤੇ ਫ਼ਾਲਤੂ ਈ-ਮੇਲ ਲਿੰਕਜ਼ ਤੇ ਕਲਿੱਕ ਨਾ ਕਰੋ। ਇਹ ਲਿੰਕ ਤੁਹਾਨੂੰ ਕਿਸੇ ਅਸੁਰੱਖਿਅਤ ਵੈੱਬਸਾਈਟ ਉੱਤੇ ਲਿਜਾ ਸਕਦੇ ਹਨ। ਫ਼ਾਲਤੂ ਈ-ਮੇਲਜ਼ ਨੂੰ ਬਲਾਕ ਕਰ ਦਿਓ। ਨੈੱਟ ਬੈਂਕਿੰਗ ਲਈ ਬੈਂਕ ਦੀ ਵੈੱਬਸਾਈਟ ਨੂੰ ਬ੍ਰਾਊਜ਼ਰ ਵਿੱਚ ਖ਼ੁਦ ਟਾਈਪ ਕਰਕੇ ਖੋਲ੍ਹੋ। ਲਿੰਕ ਰਾਹੀਂ ਬੈਂਕ ਦੇ ਵੈੱਬ ਪੰਨੇ ਤੇ ਨਾ ਜਾਓ। ਵੈੱਬਸਾਈਟ ਦੇ ਐਡਰੈੱਸ ਤੋਂ ਪਹਿਲਾਂ ਐੱਚਟੀਟੀਪੀਐੱਸ (https) ਅਤੇ ਇਕ ਛੋਟੇ ਤਾਲੇ ਦੀ ਤਸਵੀਰ ਦੀ ਪੁਸ਼ਟੀ ਕਰੋ। ਜੇਕਰ ਇਹ ਦੋਵੇਂ ਨਜ਼ਰ ਆ ਰਹੇ ਹੋਣ ਤਾਂ ਵੈੱਬਸਾਈਟ ਸਹੀ ਅਤੇ ਸੁਰੱਖਿਅਤ ਮੰਨੀ ਜਾ ਸਕਦੀ ਹੈ। ਕੰਪਨੀਆਂ ਦੇ ਉਤਪਾਦਾਂ ਦੇ ਪ੍ਰਚਾਰ ਕਰਨ ਵਾਲੇ ਸੁਨੇਹਿਆਂ ਅਤੇ ਅਣਚਾਹੀ ਨਿੱਜੀ ਚੈਟ ਦੇ ਝੰਜਟ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਦੇ ਸੰਪਰਕ, ਐੱਸਐੱਮਐੱਸ, ਵਟਸਐਪ, ਮੇਲ ਲਿੰਕ ਬਲੌਕ ਕਰ ਦਿਓ। ਆਪਣੇ ਕੰਪਿਊਟਰ ਵਿਚ ਸੁਰੱਖਿਅਤ ਓਪਰੇਟਿੰਗ ਸਿਸਟਮ ਦੀ ਵਰਤੋਂ ਕਰੋ। ਕੰਪਿਊਟਰ ਵਿੱਚੋਂ ਫ਼ਾਲਤੂ ਸਾਫ਼ਟਵੇਅਰ ਕੱਢ ਦਿਓ।


ਜਦੋਂ ਤੁਸੀਂ ਆਪਣੇ ਕੰਪਿਊਟਰ, ਇੰਟਰਨੈੱਟ, ਈ-ਮੇਲ ਆਦਿ ਦੀ ਵਰਤੋਂ ਨਾ ਕਰ ਰਹੇ ਹੋਵੋ ਤਾਂ ਉਨ੍ਹਾਂ ਨੂੰ ਬੰਦ ਕਰ ਦਿਓ। ਕੰਪਿਊਟਰ ਦੀਆਂ ਆਰਜ਼ੀ ਫਾਈਲਾਂ ਦੇ ਜ਼ਖੀਰੇ, ਬ੍ਰਾਊਜ਼ਰ ਦੀ ਹਿਸਟਰੀ, ਕੁੱਕੀਜ਼, ਕੈਸ਼ ਮੈਮਰੀ ਆਦਿ ਦਾ ਸਮੇਂ-ਸਮੇਂ ਤੇ ਨਿਪਟਾਰਾ ਕਰਦੇ ਰਹੋ। ਵੈੱਬ ਬ੍ਰਾਊਜ਼ਰ ਜਿਵੇਂ ਕਿ ਐੱਜ, ਮੋਜ਼ੀਲਾ ਫਾਇਰਫਾਕਸ, ਗੂਗਲ ਕਰੋਮ ਆਦਿ ਉੱਤੇ ਪਾਸਵਰਡ ਸੇਵ ਨਾ ਕਰੋ। ਸਾਈਬਰ ਹਮਲਿਆਂ ਨੂੰ ਰੋਕਣ ਲਈ ਫਾਇਰਵਾਲ ਦੀ ਵਰਤੋਂ ਕਰੋ। ਏਟੀਐਮ ਰਾਹੀਂ ਨਕਦੀ ਕਢਵਾਉਣ ਸਮੇਂ ਸਾਵਧਾਨ ਰਹੋ। ਆਪਣਾ ਪਿੰਨ ਕਿਸੇ ਨਾਲ ਸਾਂਝਾ ਨਾ ਕਰੋ। ਇਸ ਨੂੰ ਸਮੇਂ-ਸਮੇਂ ਤੇ ਬਦਲਦੇ ਰਹੋ। ਲਾਟਰੀ ਦਾ ਝਾਂਸਾ ਦੇ ਕੇ ਲੁੱਟਣ ਅਤੇ ਕਰੈਡਿਟ/ ਡੈਬਿਟ ਕਾਰਡਾਂ ਤੇ ਲੱਕੀ ਡਰਾਅ ਦਾ ਲਾਲਚ ਦੇ ਕੇ ਬੈਂਕ ਵੇਰਵਾ ਜਾਣਨ ਵਾਲੀਆਂ ਕਾਲਾਂ ਤੁਹਾਨੂੰ ਚੂਨਾ ਲਾ ਸਕਦੀਆਂ ਹਨ। ਨੈੱਟ ਦੀ ਦੁਨੀਆ ਵਿੱਚ ਮੁਫ਼ਤ ਦੇ ਨਾਂ ਤੇ ਕੁਝ ਵੀ ਨਹੀਂ ਹੁੰਦਾ। ਸਿਰਫ਼ ਜਾਣਕਾਰ ਵਿਅਕਤੀਆਂ ਦੀ ਫੇਸਬੁੱਕ ਮਿੱਤਰਤਾ ਬੇਨਤੀ ਸਵੀਕਾਰ ਕਰੋ। ਵਟਸਐਪ ਅਤੇ ਹੋਰਨਾਂ ਸੋਸ਼ਲ ਮੀਡੀਆ ਮੰਚਾਂ ਉੱਤੇ ਸਨਸਨੀ ਫੈਲਾਉਣ, ਵੰਡੀਆਂ ਪਾਉਣ ਅਤੇ ਕੁੜੱਤਣ ਦਾ ਜਾਪ ਅਲਾਪਣ ਵਾਲੇ ਸੁਨੇਹਿਆਂ ਨੂੰ ਫਾਰਵਰਡ ਨਾ ਕਰੋ। ਜੇਕਰ ਤੁਸੀਂ ਕੰਪਿਊਟਰ ਜਾਂ ਲੈਪਟਾਪ ਵਰਤ ਰਹੇ ਹੋ ਤਾਂ ਅੱਜ ਹੀ ਉਸ ਦਾ ਪਾਸਵਰਡ ਬਦਲ ਲਓ। ਪਾਸਵਰਡ ਅੱਖਰਾਂ, ਅੰਕਾਂ ਅਤੇ ਵਿਸ਼ੇਸ਼ ਚਿੰਨ੍ਹਾਂ ਦੇ ਸੁਮੇਲ ਨਾਲ ਗੁੰਝਲਦਾਰ ਬਣਾ ਕੇ ਰੱਖੋ। ਸਮੇਂ-ਸਮੇਂ ਤੇ ਇਸ ਨੂੰ ਬਦਲਦੇ ਰਹੋ। ਇਹ ਕਿਸੇ ਨੂੰ ਨਾ ਦੱਸੋ। ਜੇਕਰ ਲਿਖ ਕੇ ਰੱਖਣਾ ਪਵੇ ਤਾਂ ਗੁਪਤ ਭਾਸ਼ਾ ਦੀ ਵਰਤੋਂ ਕਰੋ। ਆਪਣੇ ਕੰਪਿਊਟਰ ਵਿੱਚ ਹਮੇਸ਼ਾ ਚੰਗੇ ਅਤੇ ਖ਼ਰੀਦੇ ਹੋਏ ਐਂਟੀ ਵਾਇਰਸ ਦੀ ਵਰਤੋਂ ਕਰੋ ਤੇ ਇਸ ਨੂੰ ਸਮੇਂ-ਸਮੇਂ ਤੇ ਅੱਪਡੇਟ ਅਤੇ ਸਕੈਨ ਕਰਦੇ ਰਹੋ।

ਫੋਨ ਦੀ ਸੁਰੱਖਿਆ ਲਈ ਸੂਤਰ



ਉਂਞ ਤਾਂ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਤੇ ਖ਼ਤਰਨਾਕ ਪ੍ਰੋਗਰਾਮਾਂ ਨੂੰ ਸਕੈਨ ਕਰਨ ਵਾਲਾ ਸਕੈਨਰ ਪਹਿਲਾਂ ਹੀ ਹੁੰਦਾ ਹੈ ਜੋ ਐਪਜ਼ ਨੂੰ ਪਰਖ ਕੇ ਡਾਊਨਲੋਡ ਕਰਦਾ ਹੈ।  ਮੋਬਾਈਲ ਵਿਚ ਤੀਜੀ ਧਿਰ ਦੀਆਂ ਸੁਰੱਖਿਆ ਐਪਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਦੀਆਂ ਸੁਰੱਖਿਆ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਲਾਗੂ ਕਰੋ। ਮਿਸਾਲ ਵਜੋਂ ਇਹ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਹੈ ਕੀ ਤੁਸੀਂ ਫੇਸਬੁੱਕ ਉੱਤੇ ਪਾਈ ਪੋਸਟ ਸਿਰਫ਼ ਇਕ ਵਿਅਕਤੀ ਨੂੰ, ਆਪਣੇ ਦੋਸਤਾਂ ਨੂੰ, ਦੋਸਤਾਂ ਦੇ ਦੋਸਤਾਂ ਨੂੰ ਜਾਂ ਸਾਰੇ ਲੋਕਾਂ ਵਿੱਚੋਂ ਕਿਸ ਨੂੰ ਵਿਖਾਉਣਾ ਚਾਹੁੰਦੇ ਹੋ। ਇਸੇ ਤਰ੍ਹਾਂ ਤੁਸੀਂ ਆਪਣੀ ਪ੍ਰੋਫਾਈਲ ਅਤੇ ਉਸ ਵਿਚਲੀ ਤਸਵੀਰ ਨੂੰ ਲੁਕੋ ਕੇ ਰੱਖ ਸਕਦੇ ਹੋ ਤੇ ਟਿੱਪਣੀਆਂ ਦੀ ਸੁਵਿਧਾ ਵੀ ਬੰਦ ਕਰ ਸਕਦੇ। ਇਹ ਸੂਤਰ ਖਾਸ ਕਰਕੇ ਕੁੜੀਆਂ ਨੂੰ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਸੁਰੱਖਿਅਤ ਵਿਚਰਨ ਲਈ ਸਹਾਈ ਸਿੱਧ ਹੋ ਸਕਦੇ ਹਨ।

ਬੈਂਕ, ਆਨ-ਲਾਈਨ ਖ਼ਰੀਦਦਾਰੀ, ਫੋਨ ਰੀਚਾਰਜ ਆਦਿ ਨਾਲ ਸਬੰਧਿਤ ਕਈ ਐਪਜ਼ ਉਪਲਬਧ ਹਨ ਪਰ ਇਨ੍ਹਾਂ ਵਿਚੋਂ ਸਿਰਫ ਓਟੀਪੀ ਦੀ ਸੁਵਿਧਾ ਰਾਹੀਂ ਸੁਰੱਖਿਅਤ ਢਾਲ ਦੇਣ ਵਾਲੀ ਐਪ ਹੀ ਚੁਣੋ। ਫੋਨ ਵਿਚਲੀ ਸਪੀਡ ਡਾਇਲ, ਐਮਰਜੈਂਸੀ ਡਾਇਲ, ਓਨਰ ਇਨਫਰਮੇਸ਼ਨ ਆਦਿ ਦੀ ਵਰਤੋਂ ਕਰਕੇ ਤਤਕਾਲ ਸਹੂਲਤਾਂ ਦਾ ਲਾਭ ਲਓ। ਫੋਨ ਨੂੰ ਇਕੱਲਾ ਨਾ ਛੱਡੋ। ਹਮੇਸ਼ਾ ਕੋਲ ਰੱਖੋ। ਸਕਰੀਨ ਅਤੇ ਅੰਦਰੂਨੀ ਮਹੱਤਵਪੂਰਨ ਐਪਜ਼ ਨੂੰ ਅੱਡ ਪਾਸਵਰਡ ਲਗਾ ਕੇ ਰੱਖੋ ਤੇ ਇਨ੍ਹਾਂ ਨੂੰ ਸਮੇਂ-ਸਮੇਂ ਤੇ ਬਦਲਦੇ ਰਹੋ। ਜਨਤਕ ਥਾਵਾਂ ‘ਤੇ ਵਾਈ-ਫਾਈ ਅਤੇ ਅਸੁਰੱਖਿਅਤ ਨੈੱਟਵਰਕ ਨਾ ਵਰਤੋ। ਡੈਬਿਟ/ ਕਰੈਡਿਟ ਕਾਰਡ ਦੇ ਪਿੰਨ ਨੂੰ ਸੇਵ ਨਾ ਕਰੋ। ਐੱਸਐੱਮਐੱਸ, ਓਟੀਪੀ ਆਦਿ ਦੀ ‘ਆਟੋ-ਕੰਪਲੀਟ’ ਸੁਵਿਧਾ ਬੰਦ ਕਰ ਦਿਓ। ਸਮੇਂ-ਸਮੇਂ ਤੇ ਬ੍ਰਾਊਜ਼ਰ ਦੀ ਹਿਸਟਰੀ, ਕੁੱਕੀਜ਼, ਕੈਸ਼ ਆਦਿ ਨੂੰ ਹਟਾਉਂਦੇ ਰਹੋ। ‘ਫਾਈਂਡ ਮਾਈ ਫੋਨ’ ਨਾਂ ਦੀ ਐਪ ਨੂੰ ਇੰਸਟਾਲ ਕਰਕੇ ਰੱਖੋ। ਇਹ ਐਪ ਫੋਨ ਦੇ ਗੁੰਮ ਹੋਣ ਸਮੇਂ ਤੁਹਾਡੀ ਮਦਦ ਕਰ ਸਕਦੀ ਹੈ। ਫੋਨ ਤੇ *#06#* ਡਾਇਲ ਕਰਕੇ ਆਈਐੱਮਈਆਈ (IMEI) ਨੰਬਰ ਨੋਟ ਕਰ ਕੇ ਰੱਖੋ। ਫੋਨ ਦੇ ਗੁੰਮਣ ਸਮੇਂ ਇਹ ਵਿਲੱਖਣ ਨੰਬਰ ਤੁਹਾਨੂੰ ਐੱਫਆਈਆਰ ਦਰਜ ਕਰਵਾਉਣ ਸਮੇਂ ਕੰਮ ਆਉਂਦਾ ਹੈ। ਫੋਨ ਹੈਕ ਹੋਣ ਜਾਂ ਧੋਖਾ ਹੋਣ ਦੀ ਹਾਲਤ ਵਿੱਚ ਫੋਨ ਕੰਪਨੀ, ਬੈਂਕ ਅਤੇ ਪੁਲਸ ਥਾਣੇ ਵਿਖੇ ਲਿਖਤੀ ਸੂਚਿਤ ਕਰੋ। ਅਜਿਹੇ ਮੌਕੇ ਤੇ ਬੈਂਕ, ਕਾਰਡ, ਖਾਤੇ ਅਤੇ ਸਿਮ ਕਾਰਡ ਨੂੰ ਆਨ-ਲਾਈਨ ਵੀ ਬਲਾਕ ਕਰਵਾਇਆ ਜਾ ਸਕਦਾ ਹੈ। ਆਪਣੇ ਫੋਨ ਤੇ ਹਮੇਸ਼ਾ ਸਕਰੀਨ ਲੌਕ, ਪੈਟਰਨ ਲੌਕ, ਫਿੰਗਰ ਪ੍ਰਿੰਟ ਦੀ ਸਹੂਲਤ ਜੋੜ ਕੇ ਰੱਖੋ।  ਜੀ-ਮੇਲ, ਫੇਸਬੁੱਕ, ਟਵਿੱਟਰ ਆਦਿ ਮਹੱਤਵਪੂਰਨ ਐਪਜ਼ ਨੂੰ ਖੋਲ੍ਹਣ ਲਈ ‘2-ਸਟੈੱਪ-ਔਥੈਂਟੀਕੇਸ਼ਨ’ ਕਰਕੇ ਰੱਖੋ। ਸਿਰਫ਼ ਪਲੇਅ ਸਟੋਰ ਤੋਂ ਡਾਊਨਲੋਡ ਕੀਤੀਆਂ ਅਤੇ ਵਿਸ਼ਵਾਸਯੋਗ ਐਪਜ਼ ਹੀ ਵਰਤੋ।  ਮੁਫ਼ਤ ਐਪਜ਼ ਦੀ ਬਜਾਏ ਹਮੇਸ਼ਾ ਖਰੀਦੀਆਂ ਹੋਈਆਂ ਜਾਂ ਓਪਨ ਸੋਰਸ ਐਪਜ਼ ਦੀ ਵਰਤੋਂ ਕਰੋ। ਵੱਖ-ਵੱਖ ਐਪਜ਼ ਨੂੰ ਸਮੇਂ-ਸਮੇਂ ਤੇ ਅੱਪਡੇਟ ਕਰਦੇ ਰਹੋ।


ਡਾ. ਸੀ ਪੀ ਕੰਬੋਜ
ਅਸਿਸਟੈਂਟ ਪ੍ਰੋਫ਼ੈਸਰ
ਪੰਜਾਬੀ ਭਾਸ਼ਾ ਵਿਕਾਸ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋਬਾਈਲ ਨੰਬਰ: 9417455614
ਈ-ਮੇਲ: cpk@pbi.ac.in


Previous
Next Post »