ਵਿਗਿਆਨ ਹਫ਼ਤੇ 'ਤੇ ਵਿਸ਼ੇਸ਼
ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਲਕ ਭਰ ਵਿਚ 22 ਤੋਂ 28 ਫਰਵਰੀ ਤੱਕ ਵਿਗਿਆਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਨੂੰ ਇਕ ਉਤਸਵ ਵਜੋਂ ਮਨਾਉਣ ਲਈ ਕੁੱਲ 75 ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਅਦਾਰਿਆਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੀ ਸ਼ਾਮਿਲ ਹੈ। ਪੰਜਾਬੀ ਯੂਨੀਵਰਸਿਟੀ ਆਪਣੇ ਮੂਲ ਮੰਤਵ ਦੀ ਪੂਰਤੀ ਲਈ ਇਸ ਵਿਸ਼ੇਸ਼ ਹਫ਼ਤੇ ਨੂੰ ਮਾਂ-ਬੋਲੀ ਪੰਜਾਬੀ ਦੀ ਰੰਗਤ ਵਿਚ ਰੰਗਣ ਲਈ ਤਿਆਰੀ ਕਰ ਰਹੀ ਹੈ। ਯੂਨੀਵਰਸਿਟੀ ਨੇ ਕੰਪਿਊਟਰ ਵਿਗਿਆਨ ਤੇ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿਚ ਵੱਡੇ ਕੰਮ ਕੀਤੇ ਹਨ। ਪੰਜਾਬੀ ਕੰਪਿਊਟਰਕਾਰੀ ਵਿਚ ਹੋਏ ਕੰਮਾਂ ਦੀ ਨੁਮਾਇਸ਼ ਤੇ ਕੰਪਿਊਟਰ ਵਿਗਿਆਨ ਸੰਬੰਧੀ ਪੰਜਾਬੀ ਬੁਲਾਰਿਆਂ ਤੇ ਖੋਜਕਾਰਾਂ ਦੇ ਭਾਸ਼ਨ ਉਤਸਵ ਵਿਚ ਖਿੱਚ ਦਾ ਕਾਰਨ ਬਣਨਗੇ। ਇਸ ਵਿਸ਼ੇਸ਼ ਮੌਕੇ 'ਤੇ ਯੂਨੀਵਰਸਿਟੀ ਵਲੋਂ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿਚ ਕੀਤੇ ਕੰਮਾਂ ਬਾਰੇ ਜਾਣਕਾਰੀ ਵੀ ਸ਼ਾਮਿਲ ਹੋਵੇਗੀ।
ਅਜੋਕੇ ਦੌਰ ਵਿਚ ਕਿਸੇ ਭਾਸ਼ਾ ਦੇ ਬਹੁਪੱਖੀ ਵਿਕਾਸ ਦਾ ਸਭ ਤੋਂ ਪਹਿਲਾ ਪੱਖ ਹੈ-ਕੰਪਿਊਟਰੀਕਰਨ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ 'ਚ ਖ਼ਾਸਾ ਕੰਮ ਹੋਇਆ ਹੈ, ਜਿਸ ਵਿਚ ਵੱਖ-ਵੱਖ ਸੰਸਥਾਵਾਂ ਅਤੇ ਕੁਝ ਵਿਅਕਤੀਆਂ ਨੇ ਨਿੱਜੀ ਤੌਰ 'ਤੇ ਯੋਗਦਾਨ ਪਾਇਆ ਹੈ। ਪੰਜਾਬੀ ਦੇ ਕੰਪਿਊਟਰੀਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਭ ਤੋਂ ਵੱਧ ਤੇ ਤਸੱਲੀਬਖ਼ਸ਼ ਕੰਮ ਕੀਤਾ ਹੈ।
ਪਿਛਲੇ ਡੇਢ ਦਹਾਕੇ ਵਿਚ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਕੰਪਿਊਟਿੰਗ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਯੂਨੀਵਰਸਿਟੀ ਵਲੋਂ ਪੰਜਾਬੀ ਫੌਂਟਾਂ ਅਤੇ ਟਾਈਪਿੰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਈ ਟਾਈਪਿੰਗ ਵਿਧੀਆਂ, ਕੀ-ਬੋਰਡ ਐਪਸ, ਕੀ-ਬੋਰਡ ਲੇਆਊਟ ਤੇ ਫੌਂਟ ਪਲਟਾਊ ਪ੍ਰੋਗਰਾਮ ਵਿਕਸਿਤ ਕੀਤੇ ਗਏ ਹਨ। ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਅੰਗਰੇਜ਼ੀ-ਪੰਜਾਬੀ ਕੋਸ਼ ਤਿੰਨੇ ਰੂਪਾਂ-ਸੀ.ਡੀ., ਆਨ-ਲਾਈਨ ਅਤੇ ਐਂਡਰਾਇਡ ਐਪ ਦੇ ਰੂਪ ਵਿਚ ਉਪਲਬਧ ਹਨ। ਯੂਨੀਵਰਸਿਟੀ ਦਾ ਆਪਣਾ ਆਨ-ਲਾਈਨ ਵਿਸ਼ਵ-ਕੋਸ਼ ਪੰਜਾਬੀ ਪੀਡੀਆ ਪੰਜਾਬੀ ਵਿਦਿਆਰਥੀਆਂ ਅਤੇ ਖੋਜਾਰਥੀਆਂ ਦਾ ਹਰਮਨ-ਪਿਆਰਾ ਪ੍ਰੋਗਰਾਮ ਹੈ।
ਦੋਵਾਂ ਪੰਜਾਬਾਂ ਵਿਚਕਾਰ ਉੱਸਰੀਆਂ ਲਿਪੀ ਦੀਆਂ ਕੰਧਾਂ ਨੂੰ ਢਾਹੁਣ ਵਾਲਾ 'ਸੰਗਮ' ਨਾਂਅ ਦਾ ਪ੍ਰੋਗਰਾਮ ਬਹੁਤ ਪ੍ਰਚੱਲਿਤ ਹੈ ਜੋ ਗੁਰਮੁਖੀ ਅਤੇ ਸ਼ਾਹਮੁਖੀ ਵਿਚਕਾਰ ਲਿਪੀਅੰਤਰਨ ਦਾ ਕੰਮ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੇ ਭਾਸ਼ਾ ਅਨੁਵਾਦ ਅਤੇ ਲਿਪੀਬਦਲੂ ਪ੍ਰੋਗਰਾਮ ਆਨ-ਲਾਈਨ ਅਤੇ ਆਫ਼-ਲਾਈਨ ਦੋਵਾਂ ਰੂਪਾਂ ਵਿਚ ਉਪਲਬਧ ਹਨ। ਲਿਖਤਾਂ ਦੇ ਤਸਵੀਰੀ ਰੂਪ ਨੂੰ ਟਾਈਪ ਰੂਪ ਵਿਚ ਬਦਲਣ ਲਈ ਯੂਨੀਵਰਸਿਟੀ ਦਾ ਉਸ ਓ.ਸੀ.ਆਰ. (ਆਪਟੀਕਲ ਕਰੈਕਟਰ ਰੈਕੂਗੀਨੇਸ਼ਨ) ਸਾਫ਼ਟਵੇਅਰ ਹੋਰਨਾਂ ਭਾਰਤੀ ਭਾਸ਼ਾਵਾਂ ਨਾਲੋਂ ਵੱਧ ਗੁਣਵੱਤਾ ਵਿਚ ਕੰਮ ਕਰਦਾ ਹੈ। ਯੂਨੀਵਰਸਿਟੀ ਦੇ ਕੰਪਿਊਟਰ ਮਾਹਰਾਂ ਨੇ ਨੇਤਰਹੀਣਾਂ ਅਤੇ ਖ਼ਾਸ ਲੋੜਾਂ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਸਾਫ਼ਟਵੇਅਰ ਬਣਾਏ ਹਨ। ਯੂਨੀਵਰਸਿਟੀ ਵਲੋਂ ਤਿਆਰ ਕੀਤਾ ਪੰਜਾਬੀ ਸਪੈੱਲ ਚੈਕਰ ਲੇਖਕਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪਹਿਲੀ ਪਸੰਦ ਹੈ, ਜਿਸ ਨੂੰ ਆਨ-ਲਾਈਨ 'ਸੋਧਕ' ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ। 'ਪੰਜਾਬੀ ਗਿਆਨ ਸੀਡੀ' ਅਤੇ ਅੰਗਰੇਜ਼ੀ ਮਾਧਿਅਮ ਰਹੀਂ ਉੱਚ ਦਰਜੇ ਦੇ ਵੀਡੀਓ ਪਾਠਾਂ ਰਾਹੀਂ ਪੰਜਾਬੀ ਸਿਖਾਉਣ ਵਾਲੀ ਵੈੱਬਸਾਈਟ ਦੀ ਵਰਤੋਂ ਬਾਹਰਲੇ ਮੁਲਕਾਂ ਵਿਚ ਵੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਵਲੋਂ ਤਿਆਰ ਕੀਤਾ ਵਰਡ ਪ੍ਰੋਸੈੱਸਰ 'ਅੱਖਰ-2016' ਅਨੇਕਾਂ ਵਿਸ਼ੇਸ਼ਤਾਵਾਂ ਦਾ ਸਰਬੋਤਮ ਨਮੂਨਾ ਹੈ। ਇਸ ਇਕੱਲੇ ਸਾਫ਼ਟਵੇਅਰ 'ਚ ਇਕ ਦਰਜਨ ਤੋਂ ਵੱਧ ਵਿਸ਼ੇਸ਼ਤਾਵਾਂ ਸ਼ੁਮਾਰ ਹਨ। 'ਅੱਖਰ' ਵਿਚ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ, ਰੋਮਨ ਆਦਿ ਲਿਪੀਆਂ ਵਿਚ ਟਾਈਪ ਕਰਨ, ਸੈਂਕੜੇ ਗ਼ੈਰ-ਮਿਆਰੀ ਰਵਾਇਤੀ ਫੌਂਟਾਂ ਵਿਚ ਸੰਜੋਈਆਂ ਲਿਖਤਾਂ ਨੂੰ ਯੂਨੀਕੋਡ ਆਧਾਰਿਤ ਫੌਂਟਾਂ (ਰਾਵੀ ਆਦਿ) ਵਿਚ ਤਬਦੀਲ ਕਰਨ, ਅੱਖਰ ਤੇ ਗਰਾਮਰ ਚੈੱਕ ਕਰਨ, ਵੱਖ-ਵੱਖ 11 ਲਿਪੀ ਜੋੜਿਆਂ ਅਤੇ 4 ਭਾਸ਼ਾਈ ਜੋੜਿਆਂ ਦਾ ਲਿਪੀਅੰਤਰਨ ਤੇ ਅਨੁਵਾਦ ਕਰਨ ਦੀ ਦਮਦਾਰ ਸਹੂਲਤ ਹੈ। 'ਅੱਖਰ' ਦੇ ਓ.ਸੀ.ਆਰ. ਰਾਹੀਂ ਤੁਸੀਂ ਦਸਤਾਵੇਜ਼ ਜਾਂ ਕਿਤਾਬ ਦੇ ਸਕੈਨ ਕੀਤੇ ਪੰਨਿਆਂ ਨੂੰ ਸਿੱਧਾ ਟਾਈਪ ਰੂਪ ਵਿਚ ਬਦਲ ਸਕਦੇ ਹੋ।
ਰਵਾਇਤੀ ਫੌਂਟਾਂ ਨੂੰ ਮਿਆਰੀ ਯੂਨੀਕੋਡ ਵਿਚ ਤਬਦੀਲ ਕਰਨ ਕਈ ਐਂਡਰਾਇਡ ਫੋਨਾਂ ਲਈ 'ਪਲਟਾਵਾ' ਐਪ, 'ਖੋਜ ਪੰਜਾਬੀ ਸਰਚ ਇੰਜਣ', ਯੂਨੀਕੋਡ ਟਾਈਪਿੰਗਪੈਡ, ਗੁਰਮੁਖੀ ਲਿਖਤ ਸਾਰੰਸ਼ ਆਦਿ ਸਾਫ਼ਟਵੇਅਰ ਵੀ ਪੰਜਾਬੀ ਯੂਨੀਵਰਸਿਟੀ ਦੀ ਦੇਣ ਹਨ, ਜਿਨ੍ਹਾਂ ਨੂੰ ਵਰਤਣ ਲਈ ਵੈੱਬਸਾਈਟ www.punjabicomputer.com ਨੂੰ ਖੋਲ੍ਹਿਆ ਜਾ ਸਕਦਾ ਹੈ। ਪੰਜਾਬੀ ਲਈ ਵਿਕਸਿਤ ਸਾਫ਼ਟਵੇਅਰਾਂ ਦੇ ਪ੍ਰਚਾਰ-ਪ੍ਰਸਾਰ ਅਤੇ ਸਿਖਲਾਈ ਲਈ ਇੱਥੋਂ ਦਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ, ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸੰਬੰਧੀ ਕਾਰਜਸ਼ਾਲਾਵਾਂ ਅਤੇ ਥੋੜ੍ਹੇ ਸਮੇਂ ਦੇ ਤਕਨੀਕੀ ਹੁਨਰ ਵਿਕਾਸ ਅਤੇ ਰੁਜ਼ਗਾਰ ਮੁਖੀ ਕੋਰਸਾਂ ਰਾਹੀਂ ਪੰਜਾਬੀ ਵਿਦਿਆਰਥੀ ਵਰਗ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ।
ਮਾਤ-ਭਾਸ਼ਾ ਦੇ ਕੰਪਿਊਟਰੀਕਰਨ ਦੀ ਮੁਹਿੰਮ ਨੂੰ ਹੋਰਨਾਂ ਵਿਕਸਿਤ ਭਾਸ਼ਾਵਾਂ ਦੇ ਹਾਣ ਦਾ ਬਣਾਉਣ ਲਈ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਪੰਜਾਬੀ ਸਰੋਤਾਂ ਦੇ ਵਿਕਾਸ ਲਈ ਸਾਨੂੰ ਤੇਜ਼ੀ ਨਾਲ ਕੰਮ ਕਰਨਾ ਪਵੇਗਾ ਜਿਸ ਵਿਚ ਟਿੱਪਣੀ/ਟੈਗ (annotated) ਸਹਿਤ ਸ਼ਬਦ ਭੰਡਾਰ, ਤਸਵੀਰ, ਸ਼੍ਰਵਣੀ ਤੇ ਵੀਡੀਊਜ਼ ਜ਼ਖ਼ੀਰਾ ਇਕੱਠਾ ਕਰਨ, ਵੱਡ ਆਕਾਰੀ ਕੋਸ਼, ਵਿਸ਼ਾ-ਕੋਸ਼, ਤਕਨੀਕੀ ਸ਼ਬਦਾਵਲੀ ਆਦਿ ਤਿਆਰ ਕਰਨੀ ਹੋਵੇਗੀ। ਮਸ਼ੀਨੀ ਸਿਆਣਪ, ਡੀਪ ਲਰਨਿੰਗ, ਇਨਸਾਨੀ ਭਾਸ਼ਾ ਪ੍ਰਕਿਰਿਆ (NLP) ਆਦਿ ਨਵੀਆਂ ਤਕਨੀਕਾਂ ਨੂੰ ਵਰਤ ਕੇ ਉੱਚ ਗੁਣਵੱਤਾ ਵਾਲੇ ਬੋਲ ਕੇ ਟਾਈਪ ਕਰਨ, ਟਾਈਪ ਕੀਤੇ ਨੂੰ ਪੜ੍ਹ ਕੇ ਸੁਣਾਉਣ, ਅੰਗਰੇਜ਼ੀ ਨੂੰ ਪੰਜਾਬੀ 'ਚ ਅਤੇ ਇਸ ਦੇ ਉਲਟ ਅਨੁਵਾਦ ਕਰਨ, ਪਰੂਫ਼ ਰੀਡਿੰਗ ਕਰਨ, ਬੋਲ ਭਾਸ਼ਨਾਂ, ਆਡੀਓ ਸੀਡੀਆਂ ਤੇ ਰੇਡੀਉ ਪ੍ਰੋਗਰਾਮਾਂ ਵਿਚੋਂ ਬੋਲ ਕੱਢਣ, ਟਾਈਪ ਦੌਰਾਨ ਅਗਲਾ ਸ਼ਬਦ ਸੁਝਾਉਣ ਅਤੇ ਆਪਣੇ ਆਪ ਵਾਕ ਪੂਰਾ ਕਰਨ ਵਾਲੀਆਂ ਕੀ-ਬੋਰਡ ਐਪਜ਼ ਬਣਾਉਣ, ਪੰਜਾਬੀ ਸੋਸ਼ਲ ਮੀਡੀਆ ਮੰਚ ਉਸਾਰਨ ਵਿਚ ਅਸੀਂ ਹਾਲੇ ਪਿਛਾਂਹ ਹਾਂ। ਮੌਰਫੌਲੋਜੀਕਲ ਜਨਰੇਟਰ/ਵਿਸ਼ਲੇਸ਼ਕ, ਸ਼ਬਦ ਸ਼੍ਰੇਣੀ ਸੰਯੋਜਕ (POS), ਵਿਆਕਰਨ ਨਿਰੀਖਕ ਆਦਿ ਪ੍ਰੋਗਰਾਮਾਂ ਵਿਚ ਹੋਰ ਸੁਧਾਰ ਦੀ ਲੋੜ ਹੈ। ਪੰਜਾਬੀ ਭਾਈਚਾਰੇ ਨੂੰ ਆਪਣੀ ਹੀ ਭਾਸ਼ਾ ਵਿਚ ਕੰਪਿਊਟਰ ਅਤੇ ਤਕਨਾਲੋਜੀ ਬਾਰੇ ਗਿਆਨ ਦੇਣ ਵਾਲੀਆਂ ਪੁਸਤਕਾਂ ਤੇ ਰਸਾਲਿਆਂ ਦੀ ਵੱਡੀ ਘਾਟ ਹੈ।
ਕੰਪਿਊਟਰ ਸੰਬੰਧੀ ਆਮ ਗਿਆਨ, ਪੰਜਾਬੀ ਸਾਫ਼ਟਵੇਅਰਾਂ ਦੀ ਸਿਖਲਾਈ, ਸੋਸ਼ਲ ਮੀਡੀਆ ਮਾਰਕੀਟਿੰਗ, ਪੰਜਾਬੀ ਯੂ-ਟਿਊਬਿੰਗ, ਪੰਜਾਬੀ ਬਲੌਗਿੰਗ, ਪੰਜਾਬੀ ਵੈੱਬਸਾਈਟ ਵਿਕਾਸ, ਆਡੀਓ/ਵੀਡੀਓ ਰਿਕਾਰਡਿੰਗ ਤੇ ਐਡਿਟਿੰਗ ਆਦਿ ਕੋਰਸ ਪੰਜਾਬੀ ਮਾਧਿਅਮ ਵਿਚ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ, ਜਿਸ ਨਾਲ ਪੇਂਡੂ ਖਿੱਤੇ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।
-ਡਾ. ਸੀ ਪੀ ਕੰਬੋਜ
ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਭਾਸ਼ਾ ਵਿਕਾਸ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ConversionConversion EmoticonEmoticon