ਸਾਈਬਰ ਸੰਸਾਰ ਦਾ ਅਪਰਾਧੀ ਮੱਕੜ ਜਾਲ਼/International Cyber Security Day

30 ਨਵੰਬਰ ਨੂੰ ਕੌਮਾਂਤਰੀ ਸਾਈਬਰ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼
ਸਾਈਬਰ ਸੰਸਾਰ ਦਾ ਅਪਰਾਧੀ ਮੱਕੜ ਜਾਲ਼

: ਡਾ. ਸੀ ਪੀ ਕੰਬੋਜ

Computer Security Day on November 30th reminds us to protect our computers.

 ਪੂਰੀ ਦੁਨੀਆ ਵਿੱਚ ਸਾਈਬਰ ਅਪਰਾਧਾਂ ਦੀ ਤੇਜ਼ ਹਨੇਰੀ ਝੁੱਲ ਰਹੀ ਹੈ।
ਕੰਪਿਊਟਰ, ਸਮਾਰਟ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਕਰਦਿਆਂ ਅਸੀਂ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤਦੇ।
ਮਨੁੱਖ ਦੀ ਲੋਭੀ ਬਿਰਤੀ ਵੀ ਉਸ ਨੂੰ ਸਾਈਬਰ ਅਪਰਾਧਾਂ ਦੇ ਮੱਕੜ ਜਾਲ਼ ਵਿੱਚ ਫਸਾ ਰਹੀ ਹੈ।
ਨਿੱਤ-ਰੋਜ਼ ਨਵੇਂ-ਨਵੇਂ ਸਾਈਬਰ ਅਪਰਾਧਾਂ, ਕੰਪਿਊਟਰ ਹੈਕਿੰਗ, ਫਿਰੌਤੀ (ਰੈਂਸਮਵੇਅਰ) ਹਮਲੇ, ਬੈਂਕ ਖਾਤਿਆਂ ਨੂੰ ਚੂਨਾ ਲਾਉਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਅਨਪੜ੍ਹ ਲੋਕਾਂ ਤੋਂ ਲੈ ਕੇ ਪੜ੍ਹੇ ਲਿਖਿਆਂ ਤੱਕ ਇਨ੍ਹਾਂ ਅਪਰਾਧਾਂ ਦੀ ਗ੍ਰਿਫ਼ਤ ਵਿੱਚ ਫਸ ਰਹੇ ਹਨ।
ਆਪਣੇ ਡਾਟੇ ਅਤੇ ਕੰਪਿਊਟਰ ਯੰਤਰਾਂ ਦੀ ਸੁਰੱਖਿਆ ਬਾਰੇ ਚੇਤਾ ਕਰਾਉਣ ਲਈ
ਹਰ ਸਾਲ 30 ਨਵੰਬਰ ਦਾ ਦਿਨ ਸਾਈਬਰ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ।


ਇਹ ਦਿਨ 1988 ਤੋਂ ਲੈ ਕੇ ਲਗਾਤਾਰ ਆਲਮੀ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਤੇਜ਼-ਤਰਾਰ ਕੰਪਿਊਟਰ ਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਅਸੀਂ ਕਈ ਐਪਸ ਦੀ ਵਰਤੋਂ ਕਰਦੇ ਹਾਂ। ਪਰ ਖ਼ਾਤੇ ਬਣਾਉਣ ਸਮੇਂ ਸਾਵਧਾਨੀ ਨਾਲ ਸ਼ਰਤਾਂ ਨਹੀਂ ਪੜ੍ਹਦੇ ਜਾਂ ਫਿਰ ਜਾਅਲੀ ਫੋਨ ਕਾਲਾਂ ਤੇ ਵੈਬ ਲਿੰਕਸ ਰਾਹੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਨ੍ਹਾਂ ਖ਼ਤਰਿਆਂ ਨੂੰ ਯਾਦ ਕਰਾਉਣ ਲਈ ਇਸ ਦਿਨ ਦੀ ਵੱਡੀ ਅਹਿਮੀਅਤ ਹੈ। ਅੱਜ ਦੇ ਲੇਖ ਵਿੱਚ ਮੈਂ ਖ਼ਤਰਿਆਂ ਦੇ ਸਾਈਬਰ ਖਿਡਾਰੀਆਂ ਵੱਲੋਂ ਤਬਾਹੀ ਦੇ ਮੰਜ਼ਿਰ ਦੀਆਂ ਦੋ ਹੱਡਬੀਤੀਆਂ ਸਾਂਝੀਆਂ ਕਰ ਰਿਹਾ ਹਾਂ ਤੇ ਅੰਤ ਵਿੱਚ ਇਨ੍ਹਾਂ ਤੋਂ ਬਚਣ ਦੇ ਕੁਝ ਸਿੱਕੇਬੰਦ ਸੂਤਰ ਵੀ ਸਾਂਝੇ ਕਰਾਂਗਾ।

ਪਹਿਲੀ ਘਟਨਾ
ਘਟਨਾ ਅਗਸਤ 2021 ਦੀ ਹੈ। ਮੈਂ ਆਪਣੇ ਡੈਸਕਟਾਪ ਕੰਪਿਊਟਰ ਨੂੰ ਹਰ ਰੋਜ਼ ਦੀ ਤਰ੍ਹਾਂ ਚਾਲੂ ਕਰਦਾ ਹਾਂ। ਹਾਰਡ ਡਿਸਕ ਦੀ ਹਰੇਕ ਫਾਈਲ ਅਤੇ ਫੋਲਡਰ ਵਾਧੂ ਅਜੀਬ ਜਿਹੇ ਨਾਵਾਂ ਨਾਲ ਸੇਵ ਹੋਈਆਂ ਪਈਆਂ ਹਨ। ਮੇਰੀਆਂ ਫਾਈਲਾਂ ਦੇ ਨਾਮ ਤਾਂ ਸਹੀ ਹਨ ਪਰ ਉਨ੍ਹਾਂ ਦੇ ਨਾਮ ਨਾਲ ਕੁਝ ਵਾਧੂ ਅੱਖਰ ਅਤੇ ਨਵੀਆਂ ਪੂਛਾਂ (ਐਕਸਟੈਨਸ਼ਨਜ਼) ਲੱਗ ਗਈਆਂ ਸਨ। ਇਹ ਵੇਖਦਿਆਂ ਹੀ ਮੈਨੂੰ ਹੱਥਾਂ-ਪੈਰਾਂ ਦੀ ਪੈ ਗਈ। ਕੋਈ ਫਾਈਲ ਨਹੀਂ ਖੁੱਲ੍ਹ ਰਹੀ ਸੀ। ਮੈਂ ਸਮਝ ਗਿਆ ਕਿ ਮੇਰੇ ਕੰਪਿਊਟਰ ਉੱਤੇ ਫਿਰੌਤੀ ਲਈ ਹਮਲਾ ਹੋ ਗਿਆ ਹੈ। ਅਪਰਾਧੀ ਧਿਰ ਵੱਲੋਂ ਇਸ ਕਾਰਵਾਈ ਨੂੰ ਇੱਕ ਖ਼ਾਸ ਪ੍ਰੋਗਰਾਮ ਰਾਹੀਂ ਅੰਜਾਮ ਦਿੱਤਾ ਗਿਆ ਸੀ ਜੋ ਤੁਹਾਡੀ ਆਗਿਆ ਲੈ ਕੇ ਕੰਪਿਊਟਰ ਵਿੱਚ ਜਾ ਧਮਕਦਾ ਹੈ ਤੇ ਬੜੀ ਫੁਰਤੀ ਨਾਲ ਸਾਰੀਆਂ ਫਾਈਲਾਂ ਤੇ ਫੋਲਡਰਾਂ ਦਾ ਨਾਮ ਬਦਲ ਕੇ ਤਾਲਾ ਲਗਾ ਦਿੰਦਾ। ਐਨਾ ਹੀ ਨਹੀਂ ਇਹ ਉਸ ਦਾ ਪਾਸਵਰਡ ਆਪਣੇ ਮਾਲਕ ਨੂੰ ਭੇਜ ਦਿੰਦਾ ਹੈ ਤੇ ਮਾਲਕ ਪਾਸਵਰਡ ਦੇਣ ਬਦਲੇ ਮੋਟੀ ਰਕਮ ਫਿਰੌਤੀ ਦੇ ਰੂਪ ਵਿੱਚ ਵਸੂਲਦਾ ਹੈ।

ਖੋਜ ਕਰਨ ਤੇ ਪਤਾ ਲੱਗਿਆ ਕਿ ਮੇਰੀ ਗੈਰ-ਹਾਜ਼ਰੀ ਵਿੱਚ ਮੇਰੇ ਬੇਟੇ ਨੇ ਮੇਰਾ ਕੰਪਿਊਟਰ ਵਰਤਿਆ ਸੀ। ਉਸ ਨੇ ਇੱਕ ਵੀਡੀਓ ਗੇਮ ਨੂੰ ਸਰਚ ਕੀਤਾ ਸੀ ਤੇ ਥੋੜ੍ਹੀ ਦੇਰ ਮਗਰੋਂ ਉਸ ਨੂੰ ਇਸ ਮਹਿੰਗੀ ਗੇਮ ਨੂੰ ਮੁਫ਼ਤ ਵਿੱਚ ਡਾਊਨਲੋਡ ਕਰਨ ਦਾ ਸੰਵਾਦ ਬਕਸਾ ਦਿੱਸਿਆ ਸੀ ਜਿਸ ਉੱਤੇ ਉਸ ਨੇ ਸਹਿਮਤੀ ਦੇ ਦਿੱਤੀ ਸੀ। ਉਹੀ ਉਸ ਦੀ ਵੱਡੀ ਭੁੱਲ ਸੀ। ਉਹ ਆਪਣੇ ਕੰਪਿਊਟਰ ਵਿੱਚ ਇੱਕ ਦੁਸ਼ਮਣ ਪ੍ਰੋਗਰਾਮ ਨੂੰ ਮਹਿਮਾਨ ਬਣਾ ਕੇ ਲੈ ਆਇਆ ਸੀ। ਇਸ ਮਾਰੂ ਫਰੌਤੀ ਪ੍ਰੋਗਰਾਮ ਨੇ ਕੁਝ ਹੀ ਪਲਾਂ ਵਿੱਚ ਆਪਣਾ ਕੰਮ ਕਰ ਦਿੱਤਾ ਸੀ ਜਿਸ ਕਾਰਨ ਮੇਰੇ ਕੰਪਿਊਟਰ ਦਾ ਡਾਟਾ ਅਗਵਾ ਹੋ ਕੇ ਪੂਰੀ ਤਰ੍ਹਾਂ ਨਕਾਰਾ ਹੋ ਚੁੱਕਿਆ ਸੀ।
ਬਦਕਿਸਮਤੀ ਨਾਲ ਉਸ ਵਕਤ ਮੇਰੀ ਬੈਕਅੱਪ ਵਾਲੀ ਉਚਾਵੀਂ ਹਾਰਡ ਡਿਸਕ ਨਾਲ ਲੱਗੀ ਹੋਈ ਸੀ। ਮੈਂ ਆਪਣੇ ਕੰਪਿਊਟਰ ਦੀ ਐੱਸਐੱਸਡੀ ਅਤੇ ਉਚਾਵੀਂ ਹਾਰਡ ਡਿਸਕ ਵਿੱਚੋਂ ਡਾਟਾ ਕਢਵਾਉਣ ਲਈ ਚੰਡੀਗੜ੍ਹ ਅਤੇ ਦਿੱਲੀ ਦੇ ਕਈ ਗੇੜੇ ਮਾਰੇ ਪਰ ਮੋਟੀ ਰਕਮ ਖ਼ਰਚਣ ਉਪਰੰਤ ਵੀ ਮੇਰੇ ਪੱਲੇ ਕੁਝ ਨਾ ਪਿਆ। ਮੈਂ ਆਪਣੀਆਂ ਕਿਤਾਬਾਂ, ਟੀਵੀ, ਰੇਡੀਓ, ਯੂ-ਟਿਊਬ ਦੇ ਪ੍ਰੋਗਰਾਮ, ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪੇ ਲੇਖ ਤੇ ਖੋਜ-ਪੱਤਰ, ਮਹੱਤਵਪੂਰਨ ਤਸਵੀਰਾਂ ਨੂੰ ਮੁੜ ਪ੍ਰਾਪਤ ਕਰਨ ਦੀ ਤਾਂਘ ਵਿੱਚ ਅੱਜ ਵੀ ਆਪਣੀਆਂ ਸ਼ਿਕਾਰ ਹੋਈਆਂ ਡਿਸਕਾਂ ਸਾਂਭੀ ਬੈਠਾ ਹਾਂ ਪਰ ਹਾਲਾਂ ਤੱਕ ਨਿਰਾਸ਼ਾ ਹੀ ਮੱਥੇ ਲੱਗੀ ਹੈ।

ਦੂਜੀ ਘਟਨਾ
 ਮੇਰੇ ਨਾਲ ਵਾਪਰੀ ਦੂਜੀ ਘਟਨਾ ਭਾਵੇਂ ਸਿੱਧੀ ਸਾਈਬਰ ਅਪਰਾਧ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ ਪਰ ਇਸ ਵਿੱਚ ਸਮਾਰਟ ਫੋਨ ਦੀ ਮਾੜੀ ਮਨਸ਼ਾ ਨਾਲ ਕੀਤੀ ਵਰਤੋਂ ਨੇ ਮੇਰੀਆਂ ਭਾਵਨਾਵਾਂ ਨੂੰ ਹੀ ਨਹੀਂ ਝੰਝੋੜਿਆ ਸਗੋਂ ਉਨ੍ਹਾਂ ਤੇ ਅੱਤਿਆਚਾਰ ਵੀ ਕੀਤਾ ਹੈ। ਮਾਮਲਾ ਪੰਜ ਕੁ ਸਾਲ ਪੁਰਾਣਾ ਹੈ। ਜਦੋਂ ਮੈਂ ਸਿਰਸੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਹੋਇਆ ਸੀ। ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ। “ਕੰਬੋਜ ਸਾਹਿਬ ਮੈਂ ਉੱਤਰਾਖੰਡ ਕੀ ਯੂਨੀਵਰਸਿਟੀ ਸੇ ਪ੍ਰੋਫੈਸਰ ਬੋਲ ਰਹਾ ਹੂੰ। ਆਪ ਕਾ ਨੰਬਰ ਇੰਟਰਨੈਸ਼ਨਲ ਕੰਬੋਜ ਸਭਾ ਕੇ ਅਧਿਅਕਸ਼ ਸੇ ਮਿਲਾ ਹੈ। ਮੇਰਾ ਬੇਟਾ ਸ੍ਰੀ ਗੰਗਾਨਗਰ ਸੇ ਵਾਪਸ ਆ ਰਹਾ ਥਾ, ਪਟਿਆਲਾ ਬੱਸ ਸਟੈਂਡ ਪਰ ਉਸ ਕੀ ਜੇਬ ਕੱਟ ਗਈ। ਉਸ ਕੀ ਹੈਲਪ ਕਰੇਂ ਤਾਂ ਵੋ ਘਰ ਪਹੁੰਚ ਸਕੇ।“ ਉਹ ਇਕੋ ਸਾਹੇਂ ਘਬਰਾਹਟ ‘ਚ ਬੋਲ ਰਿਹਾ ਸੀ।
ਕੰਬੋਜ ਬਰਾਦਰੀ ਦੇ ਹਵਾਲੇ ਨਾਲ ਆਈ ਫੋਨ ਕਾਲ ’ਤੇ ਮੈਨੂੰ ਫ਼ਖਰ ਹੋ ਰਿਹਾ ਸੀ। “ਕੁੱਕੜ, ਕਾਂ, ਕੰਬੋਹ ਕਬੀਲਾ ਪਾਲਦੇ” ਵਾਲੀ ਲੋਕ-ਸਿਆਣਪ ਮੈਨੂੰ ਝੱਟ ਯਾਦ ਆ ਗਈ। ਮੈਂ ਭਾਵਨਾਵਾਂ ਦੇ ਵਹਿਣ ’ਚ ਪੈ ਕੇ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸਾਹਿਬ ਦੇ ਲੜਕੇ ਦੀ ਮਦਦ ਕਰਨ ਲਈ ਤਿਆਰ ਹੋ ਗਿਆ। ਖ਼ੈਰ ਮੈਂ ਉੱਥੋਂ ਫੋਨ ਤੋਂ ਹੀ ਆਪਣੇ ਸਾਥੀ ਮੱਖਣ ਜੀਤ ਨੂੰ ਰੁਪਏ ਪਹੁੰਚਾਉਣ ਦਾ ਹੁਕਮ ਚਾੜ੍ਹ ਦਿੱਤਾ। ਪਤਾ ਲੱਗਿਆ ਕਿ ਉਸ ਕੋਲ ਪਟਿਆਲਾ ਦੇ ਬੱਸ ਸਟੈਂਡ ਤੋਂ ਯੂਨੀਵਰਸਿਟੀ ਦੇ ਗੇਟ ਤੱਕ ਪਹੁੰਚਣ ਲਈ ਆਟੋ ਦੇ ਵੀ ਪੈਸੇ ਨਹੀਂ ਹਨ। ਮੈਂ ਉਸ ਪਹਾੜੀ ਮੁੰਡੇ ਦਾ ਹੁਲੀਆ ਆਪਣੇ ਦੋਸਤ ਨੂੰ ਦੱਸ ਦਿੱਤਾ। ਉਹ ਪਹਾੜੀ ਜਾਕੇਟ ਵਾਲਾ ਮੁੰਡਾ ਮੱਖਣ ਤੋਂ ਪੈਸੇ ਲੈ ਕੇ ਅਜਿਹਾ ਰਫ਼ੂ ਚੱਕਰ ਹੋਇਆ ਕਿ ਭਉਂ ਕੇ ਗੇੜ ਵਿੱਚ ਨਾ ਆਇਆ। 

ਤੀਜੇ ਕੁ ਦਿਨ ਉਸ ਦੇ ਕਥਿਤ ਤੌਰ ਤੇ ਆਪੂੰ ਬਣੇ ਬਾਪੂ ਪ੍ਰੋਫੈਸਰ ਦਾ ਫੋਨ ਮਿਲਿਆ ਤਾਂ ਉਸ ਨੇ ਦੱਸਿਆ ਕਿ ਰਸਤੇ ਵਿੱਚ ਬਰਫ ਜ਼ਿਆਦਾ ਪੈਣ ਕਾਰਨ ਉਹ ਹਾਲਾਂ ਘਰ ਨਹੀਂ ਪਹੁੰਚਿਆ। 2-3 ਦਿਨਾਂ ਮਗਰੋਂ ਫਿਰ ਫੋਨ ਲਾਇਆ ਤਾਂ ਉਸ ਨੇ ਆਪਣੀਆਂ ਮੋਮੋ-ਠਗਣੀਆਂ ਗੱਲਾਂ ਰਾਹੀਂ ਮੈਨੂੰ ਅਗਲੇ ਜਾਲ਼ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ। ਅਖੇ,  “ਕੰਬੋਜ ਸਾਹਿਬ, ਹਮਾਰੀ ਯੂਨੀਵਰਸਿਟੀ ਬਸੰਤ ਪੰਚਮੀ ਕੇ ਅਵਸਰ ਪਰ ਬੜਾ ਤਿਉਹਾਰ ਸੈਲੀਬ੍ਰੇਟ ਕਰਤੀ ਹੈ। ਹਮ ਆਪਕੋ ਮੁਖਯ ਅਤਿਥੀ ਕੇ ਤੌਰ ਪਰ ਬੁਲਾਨਾ ਚਾਹਤੇ ਹੈਂ।“ ਮੇਰਾ ਜੀਅ ਉੱਚੇ ਪਹਾੜਾਂ ਦੀ ਬਰਫੀਲੀਆਂ ਚੋਟੀਆਂ ’ਤੇ ਭ੍ਰਮਣ ਕਰਨ ਨੂੰ ਬੇਤਾਬ ਸੀ। ਫੇਰ ਮੈਂ ਤਸੱਲੀ ਲਈ ਉਸ ਵੱਲੋਂ ਦੱਸੀ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਫਰੋਲਾ-ਫਰੋਲੀ ਅਰੰਭ ਕੀਤੀ ਪਰ ਕੁੱਝ ਵੀ ਪੱਲੇ ਨਾ ਪਿਆ। ਪਤਾ ਲੱਗਿਆ ਕਿ ਉੱਥੇ ਇਸ ਨਾਂ ਦਾ ਕੋਈ ਵੀ ਪ੍ਰੋਫੈਸਰ ਨਹੀਂ ਹੈ। ਇਸ ਮਗਰੋਂ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਅੱਜ ਵੀ ਬੰਦ ਆ ਰਿਹਾ ਹੈ।
ਸਿੱਖਿਆ
  • ਇਨ੍ਹਾਂ ਆਪ ਬੀਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਅਸੀਂ ਪੜੇ-ਲਿਖੇ ਲੋਕ ਵੀ ਮੂਰਖ ਬਣ ਸਕਦੇ ਹਾਂ। ਪਹਿਲਾ ਨੁਕਸਾਨ, ਮੇਰੇ ਬੇਟੇ ਤੋਂ ਲਾਲਚ ਵੱਸ ਹੋਈ ਨਿੱਕੀ ਜਿਹੀ ਗ਼ਲਤੀ ਦਾ ਨਤੀਜਾ ਸੀ। 
  • ਦੂਜੀ ਠੱਗੀ, ਮੇਰੇ ਖ਼ੁਦ ਦੇ ਭਾਵਾਂ ਦੇ ਡੂੰਘੇਰੇ ਵਹਿਣ ਵਿੱਚ ਡੁਬਕੀ ਲਾਉਣ ਦਾ ਨਤੀਜਾ ਸੀ। 
  • ਇਨ੍ਹਾਂ ਦੋਹਾਂ ਤੋਂ ਦੋ ਗੱਲਾਂ ਪੱਲੇ ਬੱਧਣ ਵਾਲੀਆਂ ਹਨ। ਪਹਿਲੀ ਇਹ ਕਿ ਨੈੱਟ ਉੱਤੇ ਮੁਫ਼ਤ ਨਾਂ ਦੀ ਕੋਈ ਸ਼ੈਅ ਨਹੀਂ। ਬੱਚਿਆਂ ਨੂੰ ਇਹ ਗੱਲ ਸਮਝਾ ਦੇਣੀ ਚਾਹੀਦੀ ਹੈ। 
  • ਦੂਜੀ, ਸਾਈਬਰ ਠੱਗ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਵੱਡਾ ਨੁਕਸਾਨ ਕਰ ਸਕਦੇ ਹਨ।

ਸੱਭਿਅਕ ਸਾਈਬਰ ਨਾਗਰਿਕ ਬਣਨ ਦੇ ਸੂਤਰ
  1. ਜੀ-ਮੇਲ, ਫੇਸਬੁਕ, ਨੈੱਟ ਬੈਂਕਿੰਗ, ਯੂਪੀਆਈ ਐਪਸ, ਪੇਟੀਐੱਮ, ਜੀ-ਪੇਅ, ਫੋਨ-ਪੇਅ ਆਦਿ ਦਾ ਔਖਾ ਤੇ ਤਾਕਤਵਰ ਪਾਸਵਰਡ ਰੱਖੋ ਤੇ ਸਮੇਂ-ਸਮੇਂ ’ਤੇ ਇਸ ਨੂੰ ਬਦਲਦੇ ਰਹੋ। ਦੋ-ਪਰਤੀ-ਪ੍ਰਮਾਣਿਕਤਾ (ਟੂ-ਸਟੈਪ-ਅਥੈਂਟੀਕੇਸ਼ਨ) ਅੱਜ ਹੀ ਲਾ ਕੇ ਸਿਆਣਪ ਦਿਖਾਓ। ਆਪਣੇ ਖ਼ਾਤੇ ਨੂੰ ਫੋਨ ਨਾਲ ਜੋੜ ਲਓ। ਇਸ ਨਾਲ ਲੋਗਇਨ ਕਰਨ ਸਮੇਂ ਤੁਹਾਨੂੰ ਤੁਹਾਡੇ ਫੋਨ ਤੇ ਇੱਕ ਓਟੀਪੀ ਜਾਵੇਗਾ। ਓਟੀਪੀ ਭਰਨ ਉਪਰੰਤ ਹੀ ਖਾਤਾ ਖੁੱਲ੍ਹੇਗਾ। ਇਸ ਨਾਲ ਅਪਰਾਧੀਆਂ ਦੀਆਂ ਨਜ਼ਰਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
  2. ਜਨਤਕ ਜਾਂ ਗੈਰ-ਭਰੋਸੇਮੰਦ ਨੈੱਟਵਰਕ ਦੀ ਵਰਤੋਂ ਨਾ ਕਰੋ। ਜੇਕਰ ਮਜਬੂਰੀ ਵੱਸ ਅਜਿਹਾ ਕਰਨਾ ਵੀ ਪਵੇ ਤਾਂ ਵੀਪੀਐੱਨ ਦੀ ਵਰਤੋਂ ਲਾਜ਼ਮੀ ਬਣਾਓ।
  3. ਆਪਣੇ ਕੰਪਿਊਟਰ ਤੇ ਸਮਾਰਟ ਫੋਨ ਦੇ ਸਾਫ਼ਟਵੇਅਰਾਂ/ ਐਪਸ ਨੂੰ ਸਮੇਂ-ਸਮੇਂ ਤੇ ਅੱਪਡੇਟ ਕਰਦੇ ਰਹੋ। ਸਮੇਂ-ਸਮੇਂ ’ਤੇ ਕੰਪਨੀਆਂ ਸਾਫ਼ਟਵੇਅਰਾਂ ਵਿੱਚ ਰਹਿ ਗਈਆਂ ਖ਼ਰਾਬੀਆਂ ਨੂੰ ਠੀਕ ਕਰਕੇ ਉਸ ਦੇ ਅੱਪਡੇਟ ਭੇਜਦੀਆਂ ਰਹਿੰਦੀਆਂ ਹਨ।
  4. ਆਪਣੇ ਕੰਪਿਊਟਰ ਵਿੱਚ ਵਿੰਡੋਜ਼, ਐੱਮਐੱਸ ਆਫ਼ਿਸ ਅਤੇ ਐਂਟੀ ਵਾਇਰਸ ਸਾਫ਼ਟਵੇਅਰ ਖ਼ਰੀਦਿਆ ਹੋਇਆ ਹੀ ਪਾਓ। ਕਈ ਵਾਰ ਸੁਰੱਖਿਆ ਲਈ ਪਾਇਆ ਮੁਫ਼ਤ ਦਾ ਸਾਫ਼ਟਵੇਅਰ ਹੀ ਚੋਰ ਨਿਕਲਦਾ ਹੈ ਜੋ ਤੁਹਾਡੇ ਡਾਟੇ ’ਤੇ ਡਾਕਾ ਮਾਰ ਸਕਦਾ ਹੈ। ਧਿਆਨ ਰੱਖੋ ਕਿ ਕਿਧਰੇ ‘ਵਾੜ ਹੀ ਨਾ ਖੇਤ ਨੂੰ ਖਾ ਜਾਵੇ’।
  5. ਨਿੱਜੀ ਤੇ ਸੰਵੇਦਨਸ਼ੀਲ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਬੈਂਕ ਖ਼ਾਤੇ ਬਾਰੇ ਵੇਰਵਾ, ਕਰੈਡਿਟ/ ਡੈਬਿਟ ਕਾਰਡ ਦੀ ਜਾਣਕਾਰੀ ਲੁਕੋ ਕੇ ਰੱਖੋ, ਨਵਾਂ ਕ੍ਰੈਡਿਟ ਕਾਰਡ ਬਣਾਉਣ, ਲਾਟਰੀ ਨਿਕਲਣ ਦੀ ਖ਼ੁਸ਼ਖ਼ਬਰੀ, ਰਿਵਾਰਡ ਪੁਆਇੰਟ ਪੂਰੇ ਹੋਣ ਤੇ ਆਫਰ, ਬਲੂ ਲਾਈਨ ਤੇ ਟੱਚ ਕਰਨ ਨਾਲ ਹੋਣ ਵਾਲੀ ਕਰਾਮਾਤ, ਕਾਰਡ ਦੇ ਬਲੌਕ ਹੋਣ ਦੀ ਚੇਤਾਵਨੀ ਅਤੇ ਸਹਾਇਤਾ ਦੀ ਅਰਜੋਈ ਵਾਲੀਆਂ ਫੋਨ ਘੰਟੀਆਂ ਦੇ ਨਾਲ-ਨਾਲ ਅਣਪਛਾਤੇ ਵਿਅਕਤੀਆਂ ਦੀਆਂ ਫੋਨ ਕਾਲਜ਼, ਵਟਸਐਪ ਕਾਲਜ਼, ਵੀਡੀਓ ਕਾਲਜ਼, ਮੈਸੇਜ, ਈਮੇਲ ਸੁਨੇਹੇ ਤੇ ਉਨ੍ਹਾਂ ਰਾਹੀਂ ਭੇਜੇ ਗਏ ਵੈੱਬ ਲਿੰਕ ਸਾਈਬਰ ਅਪਰਾਧੀਆਂ ਵੱਲੋਂ ਬੁਣਿਆ ਮੋਹ-ਮਾਇਆ ਦਾ ਮਾਰੂ ਜਾਲ਼ ਹੋ ਸਕਦਾ ਹੈ ਤੇ ਇਸ ਤੋਂ ਹਮੇਸ਼ਾ ਬਚ ਕੇ ਰਹੋ।
  6. ਆਪਣੀ ਵਿੰਡੋਜ਼ ਅਤੇ ਸਮਾਰਟ ਫੋਨ ਨੂੰ ਖੋਲ੍ਹਣ ਦਾ ਪਾਸਵਰਡ ਲਾ ਕੇ ਰੱਖੋ। ਸਮਾਰਟ ਫੋਨ ਵਿੱਚ 6 ਹਿੰਦਸਿਆਂ/ ਅੱਖਰਾਂ ਵਾਲਾ ਪਾਸਵਰਡ ਜਾਂ ਫਿੰਗਰ ਟੱਚ ਦਾ ਇਸਤੇਮਾਲ ਕਰੋ। ਪੈਸੇ ਦੇ ਲੈਣ-ਦੇਣ ਵਾਲੀਆਂ ਐਪਸ ਜਿਵੇਂ ਕਿ ਬੈਂਕ, ਭਵਿੱਖ ਨਿਧੀ, ਬੱਚੇ ਦੀ ਫ਼ੀਸ ਦੀ ਅਦਾਇਗੀ, ਯੂਪੀਆਈ, ਫਾਸਟੈਗ, ਟੈਲੀਕਾਮ ਕੰਪਨੀ ਆਦਿ ਦੀਆਂ ਐਪਸ ਰਾਹੀਂ ਅਸੀਂ ਪੈਸਿਆਂ ਦਾ ਲੈਣ-ਦੇਣ ਕਰਦੇ ਹਾਂ। ਇਨ੍ਹਾਂ ਐਪਸ ਨੂੰ ਐਪ-ਲੌਕ ਰਾਹੀਂ ਸੁਰੱਖਿਆ ਘੇਰੇ ਵਿੱਚ ਰੱਖੋ।
  7. ਕਿਸੇ ਵੀ ਖ਼ਾਤੇ ਦਾ ਡਿਫਾਲਟਰ ਪਾਸਵਰਡ ਫ਼ੌਰਨ ਬਦਲ ਲਓ। ਕਈ ਵਾਰ ਅਣਭੋਲ ਵਰਤੋਂਕਾਰ ਪੂਰੀ ਜ਼ਿੰਦਗੀ ਆਪਣੇ ਡਿਫਾਲਟ ਪਾਸਵਰਡ ਦੇ ਸਹਾਰੇ ਕੱਢ ਲੈਂਦੇ ਹਨ। ਆਪਣੇ ਇੰਟਰਨੈੱਟ ਦੇ ਰੂਟਰ ਦੀ ਸੈਟਿੰਗ ਬਦਲਦੇ ਰਹੋ।
  8. ਕੰਪਿਊਟਰ ’ਤੇ ਫਾਇਰਵਾਲ ਦੀ ਵਰਤੋਂ ਨੂੰ ਯਕੀਨੀ ਬਣਾਓ। ਆਪਣੇ ਕੀਮਤੀ ਡਾਟੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੂਜੀ ਡਿਸਕ ਜਾਂ ਕਲਾਊਡ ਸਟੋਰੇਜ ਉੱਤੇ ਬੈਕਅੱਪ ਲੈਣ ਦੀ ਆਦਤ ਪਾਓ। ਅਜਿਹਾ ਕਰਨ ਨਾਲ ਡਾਟਾ ਤਬਾਹੀ ਜਾਂ ਫਿਰੌਤੀ (ਰੈਂਸਮਵੇਅਰ) ਹਮਲੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
  9. ਮਸ਼ੀਨੀ ਸਿਆਣਪ (ਏਆਈ) ਰਾਹੀਂ ਅਜਿਹੇ ਅਪਰਾਧਾਂ ਦਾ ਤੌਰ-ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ। ਅਪਰਾਧੀ ਤੁਹਾਡੇ ਨਾਲ ਕੀਤੀ ਵੀਡੀਓ ਕਾਲ ਨੂੰ ਰਿਕਾਰਡ ਕਰਕੇ ਤੁਹਾਡੇ ਚਿਹਰੇ ਦੀ ਨਕਲ ਅਤੇ ਆਵਾਜ਼ ਦੇ ਨਮੂਨੇ ਤੋਂ ਨਵੀਂ ਵੀਡੀਓ ਬਣਾ ਸਕਦੇ ਹਨ। ਇੱਕ ਅਸ਼ਲੀਲ ਕਿਰਦਾਰ ਬਣਾ ਕੇ ਪੈਸਾ ਵਸੂਲੀ ਲਈ ਪਹਿਲਾਂ ਤੁਹਾਨੂੰ ਡਰਾਉਂਦੇ ਹਨ ਤੇ ਫਿਰ ਤੁਹਾਡੀ ‘ਸਨਮਾਨਯੋਗ’ ਤਸਵੀਰ ਤੁਹਾਡੀ ਹੀ ਮਿੱਤਰਤਾ ਸੂਚੀ ਵਿਚ ਵਟਸਅੱਪ ਜਾਂ ਫੇਸਬੁੱਕ ਰਾਹੀਂ ਵਾਇਰਲ ਸਕਦੇ ਹਨ।
  10. ਸੁਰੱਖਿਆ ਮਾਹਿਰਾਂ ਲਈ ਅਜਿਹੀ ਵੰਨਗੀ ਦੇ ਅਪਰਾਧਾਂ ਨੂੰ ਕਾਬੂ ਕਰਨਾ ਇੱਕ ਵੱਡੀ ਵੰਗਾਰ ਬਣਿਆ ਹੋਇਆ ਹੈ। ਫ਼ਿਲਹਾਲ ਅਣਪਛਾਤੇ ਨੰਬਰਾਂ ਤੋਂ ਆਉਣ ਵਾਲੀਆਂ ਫੋਨ ਕਾਲਾਂ ਨੂੰ ਨਾ ਚੁੱਕੋ। ਸੂਚਨਾ ਟੈਕਨਾਲੋਜੀ ਦੇ ਦੌਰ ਵਿੱਚ ਅਪਰਾਧੀ ਸਾਡੇ ਤੋਂ ਚਾਰ ਕਦਮ ਅੱਗੇ ਹਨ। ਇਸ ਲਈ ਸਾਈਬਰ ਸੰਸਾਰ ਵਿੱਚ ਵਿਚਰਣ ਸਮੇਂ ਆਪਣੇ ਗਿਆਨ ਨੂੰ ਲਗਾਤਾਰ ਨਵਿਆਉਂਦੇ ਰਹੋ। ਸਾਈਬਰ ਸੁਰੱਖਿਆ ਸਬੰਧੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਰਹੋ। ਚੱਲ ਰਹੀ ਸਾਈਬਰ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੋ।
ਜੇਕਰ ਤੁਸੀਂ ਕਿਸੇ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ 
ਭਾਰਤ ਸਰਕਾਰ ਦੀ ਵੈੱਬਸਾਈਟ ਤੇ ਤੁਰੰਤ ਰਿਪੋਰਟ ਦਰਜ ਕਰਵਾਓ
ਅਜਿਹਾ ਕਰਨ ਲਈ ਗੂਗਲ ਤੇ “ਸਾਈਬਰ ਕਰਾਈਮ ਪੋਰਟਲ” ਭਰਨ ’ਤੇ 
ਸ਼ਿਕਾਇਤ ਦਰਜ ਕਰਵਾਉਣ ਲਈ ਪਹਿਲਾਂ ਰਜਿਸਟਰਡ ਹੋਵੋ ਤੇ ਫਿਰ ਮੰਗੀ ਗਈ ਜਾਣਕਾਰੀ ਜਿਵੇਂ ਕਿ ਨਾਮ, ਜਨਮ ਤਾਰੀਖ਼, ਪਤਾ, ਪੁਲਿਸ ਸਟੇਸ਼ਨ, ਅਪਰਾਧ ਦੀ ਸ਼੍ਰੇਣੀ, ਐਪ ਦਾ ਵੇਰਵਾ ਜਿਸ ਰਾਹੀਂ ਅਪਰਾਧ ਨੂੰ ਅੰਜਾਮ ਦਿੱਤਾ ਗਿਆ, ਯੂਪੀਆਈ ਐਪ, ਕਾਰਡ ਜਾਂ ਬੈਂਕ ਦਾ ਨਾਮ ਜਿੱਥੋਂ ਪੈਸੇ ਕੱਟੇ ਗਏ ਹੋਣ ਦਾ ਵੇਰਵਾ ਦਰਜ ਕਰਕੇ ਰਿਪੋਰਟ ਦਾ ਪ੍ਰਿੰਟ ਲੈ ਲਓ ਤੇ ਇਸ ਨੂੰ ਆਪਣੀ ਨੇੜਲੀ ਪੁਲਿਸ ਚੌਂਕੀ ਵਿੱਚ ਦਰਜ ਕਰਵਾ ਦਿਓ। ਇਸ ਪੋਰਟਲ ’ਤੇ ਦਰਜ ਕਰਵਾਈ ਰਿਪੋਰਟ ਪੁਲਿਸ ਨੂੰ ਤੁਰੰਤ ਕਾਰਵਾਈ ਲਈ ਮਜਬੂਰ ਕਰਦੀ ਹੈ। ਆਸ ਹੈ ਕਿ ਪਾਠਕ ਰੀਲਾਂ/ਸ਼ਾਰਟਸ, ਇੰਸਟਾ, ਫੇਸਬੁਕ, ਵਟਸਐਪ ਦੇ ਝਮੇਲਿਆਂ ਤੋਂ ਥੋੜ੍ਹਾ ਵਕਤ ਕੱਢ ਕੇ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਅੱਜ ਤੋਂ ਹੀ ਸਾਈਬਰ ਅਪਰਾਧ ਦੀ ਜੰਗ ਦਾ ਮੁਕਾਬਲਾ ਕਰਨ ਲਈ ਤਿਆਰੀ ਕਰਨੀ ਸ਼ੁਰੂ ਕਰ ਦੇਣਗੇ।


ਡਾ. ਸੀ ਪੀ ਕੰਬੋਜ
ਸਹਾਇਕ ਪ੍ਰੋਫੈਸਰ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
cpk@pbi.ac.in; cpkamboj.com